ਪੰਜਾਬ ਸਰਕਾਰ ਠੇਕਾ ਮੁਲਾਜ਼ਮਾਂ ਨੂੰ ਕਰੇ ਰੈਗੂਲਰ! ਜਥੇਬੰਦੀ ਨੇ ਵਿਧਾਇਕ ਜਗਰੂਪ ਗਿੱਲ ਨੂੰ ਸੌਂਪਿਆ ਮੰਗ ਪੱਤਰ
ਪੰਜਾਬ ਨੈੱਟਵਰਕ, ਬਠਿੰਡਾ-
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਬਠਿੰਡਾ ਵਿਖੇ ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਕੰਟਰੈਕਚੂਅਲ ਵਰਕਰਜ ਯੂਨੀਅਨ ਪੰਜਾਬ, ਵੇਰਕਾ ਮਿਲਕ ਪਲਾਂਟਾਂ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਸੀ. ਐੱਚ.ਬੀ ਦੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਵਲੋਂ ਐਮ.ਐਲ.ਏ ਜਗਰੂਪ ਗਿੱਲ ਦੀ ਕੋਠੀ ਅੱਗੇ ਰੈਲੀ ਕਰਨ ਉਪਰੰਤ ਮੰਗ ਪੱਤਰ ਦਿੱਤਾ ਗਿਆ।
ਮੋਰਚੇ ਦੇ ਆਗੂ ਗੁਰਵਿੰਦਰ ਸਿੰਘ ਪੰਨੂ, ਰਜੇਸ਼ ਕੁਮਾਰ, ਬਲਜਿੰਦਰ ਸਿੰਘ,ਹਰਜਿੰਦਰ ਹੈਰੀ ਵੱਲੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੱਗ ਭੱਗ ਤਿੰਨ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਆਉਟਸੋਰਸਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਨੂੰ ਮਹਿਕਮੇ ਵਿੱਚ ਲਿਆ ਕੇ ਰੈਗੂਲਰ ਕਰਨ।
ਸਰਕਾਰੀ ਅਦਾਰਿਆਂ ਵਿੱਚੋਂ ਕਾਰਪੋਰੇਟ ਘਰਾਣਿਆਂ ਨੂੰ ਬਾਹਰ ਕਰਨ, ਕੰਮ ਭਾਰ ਦੀ ਨੀਤੀ ਲਾਗੂ ਕਰਨ, 1948 ਕਨੂੰਨ ਮੁਤਾਬਿਕ ਤਨਖਾਹ ਦੇਣ ਅਤੇ ਮੰਗ ਪੱਤਰ ਵਿੱਚ ਦਰਜ਼ ਮੰਗਾਂ ਮਸਲਿਆਂ ਦਾ ਹੱਲ ਕਰਨ ਦੀ ਬਜਾਏ ਦਰਜਨਾਂ ਵਾਰ ਮੀਟਿੰਗ ਦਾ ਸਮਾਂ ਦੇਕੇ ਗਲਬਾਤ ਕਰਨ ਤੋਂ ਭਗੋੜੀ ਹੋਏ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਇਸ ਪ੍ਰੋਗਰਾਮ ਨੂੰ ਲਾਗੂ ਕੀਤਾ ਗਿਆ।
ਆਮ ਆਦਮੀ ਪਾਰਟੀ ਦੀ ਬੋਲੀ ਸਰਕਾਰ ਦੇ ਕੰਨਾਂ ਤੱਕ ਅਵਾਜ ਪਹਚਾਉਣ ਲਈ ਆਉਣ ਵਾਲੀ ਮਿਤੀ 11 ਮਾਰਚ ਨੂੰ ਖੰਨਾ ਵਿਖੇ ਦਾਣਾ ਮੰਡੀ ਵਿਚ ਪਰਵਾਰਾਂ ਅਤੇ ਬੱਚਿਆਂ ਸਮੇਤ ਸੂਬਾ ਪੱਧਰੀ ਰੈਲੀ ਕਰਕੇ ਸਰਕਾਰ ਦੀ ਸੁਰਤ ਟਿਕਾਣੇ ਲਿਆਂਦੀ ਜਾਵੇਗੀ ਅਤੇ ਰੈਲੀ ਵਿਚ ਟੀ.ਐਸ.ਯੂ (ਭੰਗਲ) ਵੱਲੋੰ ਸਰਕਲ ਪ੍ਰਧਾਨ ਚੰਦਰ ਸ਼ਰਮਾ ਸ਼ਾਮਲ ਹੋਏ।