All Latest NewsNews Flash

ਨਜ਼ਰੀਆ: ਅਧਿਆਪਕ ਹੋਣਾ ਅਸਲ ‘ਚ ਹੁੰਦਾ ਕੀ ਹੈ? – ਪੜ੍ਹੋ ਲੇਖਿਕਾ ਹਰਜੀਤ ਕੌਰ ਦਾ ਵਿਸ਼ੇਸ਼ ਲੇਖ

 

-ਲੇਖਿਕਾ ਹਰਜੀਤ ਕੌਰ

ਅਧਿਆਪਕ ਸਮਾਜ ਦਾ ਇੱਕ ਮਹੱਤਵਪੂਰਨ ਅਤੇ ਸਨਮਾਨਯੋਗ ਹਿੱਸਾ ਹੈ। ਅਧਿਆਪਕ ਨਾ ਸਿਰਫ਼ ਵਿਦਿਆਰਥੀਆਂ ਨੂੰ ਕਿਤਾਬੀ ਜਾਣਕਾਰੀ ਦਿੰਦੇ ਹਨ, ਸਗੋਂ ਉਨ੍ਹਾਂ ਦੇ ਜੀਵਨ ਨੂੰ ਸਹੀ ਦਿਸ਼ਾ ਵਿਚ ਲੈ ਜਾਣ ਵਾਲੇ ਮਾਰਗ-ਦਰਸ਼ਕ ਵੀ ਹੁੰਦੇ ਹਨ। ਅਧਿਆਪਕ ਦਾ ਕਿਰਦਾਰ ਸਮਾਜ ਵਿੱਚ ਸਿਰਫ਼ ਪੜ੍ਹਾਉਣ ਤੱਕ ਸੀਮਤ ਨਹੀਂ ਹੈ, ਬਲਕਿ ਉਹ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ, ਨੈਤਿਕ ਮੁੱਲਾਂ ਦੀ ਸਿੱਖਿਆ, ਅਤੇ ਉਨ੍ਹਾਂ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਬਣਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਅਧਿਆਪਕ ਦਾ ਕੰਮ ਕੇਵਲ ਕਲਾਸ-ਰੂਮ ਤੱਕ ਹੀ ਸੀਮਤ ਨਹੀਂ ਹੁੰਦਾ। ਉਹ ਵਿਦਿਆਰਥੀਆਂ ਦੇ ਜੀਵਨ ਵਿੱਚ ਇੱਕ ਮਾਰਗ-ਦਰਸ਼ਕ, ਸਲਾਹਕਾਰ, ਅਤੇ ਦੋਸਤ ਦਾ ਕਿਰਦਾਰ ਨਿਭਾਉਂਦੇ ਹਨ। ਉਹ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਸਮਝਦੇ ਹਨ ਅਤੇ ਉਨ੍ਹਾਂ ਦੀ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕਰਦੇ ਹਨ। ਅਧਿਆਪਕ ਦਾ ਯੋਗਦਾਨ ਸਿਰਫ਼ ਵਿਦਿਆਰਥੀਆਂ ਦੇ ਜੀਵਨ ਤੱਕ ਹੀ ਸੀਮਤ ਨਹੀਂ ਹੁੰਦਾ, ਬਲਕਿ ਉਹ ਸਮਾਜ ਦੇ ਵਿਕਾਸ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਇੱਕ ਚੰਗਾ ਅਧਿਆਪਕ ਹਮੇਸ਼ਾ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਾ ਹੈ, ਉਨ੍ਹਾਂ ਦੀ ਰੁਚੀ ਨੂੰ ਪਹਿਚਾਣਦਾ ਹੈ, ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਟੀਚਿਆਂ ਤੱਕ ਪਹੁੰਚਣ ਵਿੱਚ ਮਦਦ ਕਰਦਾ ਹੈ। ਇੱਕ ਅਧਿਆਪਕ ਦਾ ਧਿਆਨ ਸਿਰਫ਼ ਪਾਠ ਪੁਸਤਕਾਂ ਤੱਕ ਹੀ ਸੀਮਤ ਨਹੀਂ ਹੁੰਦਾ, ਬਲਕਿ ਉਹ ਵਿਦਿਆਰਥੀਆਂ ਨੂੰ ਜੀਵਨ ਦੇ ਅਸਲ ਮੁੱਲਾਂ ਤੋਂ ਵੀ ਅਵਗਤ ਕਰਵਾਉਂਦਾ ਹੈ। ਉਹ ਵਿਦਿਆਰਥੀਆਂ ਨੂੰ ਸਹਿਣਸ਼ੀਲਤਾ, ਇਮਾਨਦਾਰੀ, ਅਤੇ ਸਮਾਜਿਕ ਜ਼ਿੰਮੇਵਾਰੀ ਦੀ ਸਿੱਖਿਆ ਦਿੰਦੇ ਹਨ।

ਸਮਾਜ ਵਿੱਚ ਅਧਿਆਪਕ ਦਾ ਸਥਾਨ ਬਹੁਤ ਉੱਚਾ ਹੈ। ਉਨ੍ਹਾਂ ਦਾ ਕੰਮ ਕੇਵਲ ਇੱਕ ਪੇਸ਼ਾ ਨਹੀਂ, ਬਲਕਿ ਇੱਕ ਪਵਿੱਤਰ ਮਿਸ਼ਨ ਹੈ। ਅਧਿਆਪਕ ਹੀ ਭਵਿੱਖ ਦੇ ਨਾਗਰਿਕਾਂ ਨੂੰ ਤਿਆਰ ਕਰਦੇ ਹਨ ਅਤੇ ਸਮਾਜ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਇਸ ਲਈ, ਸਾਨੂੰ ਆਪਣੇ ਅਧਿਆਪਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣੀ ਚਾਹੀਦੀ ਹੈ।

• ਨਜ਼ਰੀਆ…ਅਸਲ ਅਧਿਆਪਕ ਹੋਣਾ ਕੀ ਹੈ.?

ਅਸਲ ਅਧਿਆਪਕ ਹੋਣਾ ਗਿਆਨ ਨਾਲ਼ ਭਰਪੂਰ ਹੋਣਾ ਹੈ ਜੋ ਆਪਣੇ ਢੰਗ ਤਰੀਕਿਆਂ ਨਾਲ਼ ਵਿਦਿਆਰਥੀਆਂ ਦੇ ‛ਸਿੱਖਣ’ ਨੂੰ ਸਹਿਜ ਅਤੇ ਰੋਚਕ ਬਣਾ ਸਕੇ। ਸਿੱਖਣ ਵਾਲ਼ੇ ਦੀ ਸੋਚ ਦਾ ਦਾਇਰਾ ਵੱਡਾ ਕਰਦੇ ਹੋਏ ਸਿਰਜਣਾਤਮਿਕਤਾ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੇ। ਵਿਦਿਆਰਥੀਆਂ ਦੀ ਸਿੱਖਿਆ ਤੋਂ ਲੈ ਕੇ ਸ਼ਖ਼ਸੀਅਤ ਨਿਖਾਰਨ ਤੱਕ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਵੇ। ਅਧਿਆਪਕ ਸਿਖਾਉਣ ਦੇ ਨਾਲ਼-ਨਾਲ਼ ਸਦਾ ਆਪ ਵੀ ਸਿੱਖਣ ਲਈ ਤਿਆਰ ਰਹੇ।

• ਅਧਿਆਪਕਾਂ ਨੂੰ ਕਲਾਸ-ਰੂਮ ਵਿੱਚ ਕਿੰਝ ਰਹਿਣਾ ਚਾਹੀਦਾ?

ਕਲਾਸ-ਰੂਮ ਵਿੱਚ ਅਧਿਆਪਕ ਇੱਕ ਰੋਲ ਮਾਡਲ ਦੀ ਤਰ੍ਹਾਂ ਹੋਵੇ। ਉਹ ਆਪਣੀ ਉਦਾਹਰਨ ਆਪ ਹੋਵੇ ਜੋ ਉਹ ਸਿਖਾਉਣਾ ਚਾਹੁੰਦਾ ਹੈ ਉਸਨੂੰ ਆਪ ਅਭਿਆਸ ਕਰੇ। ਬੋਲ ਕੇ ਜਾਂ ਥੋਪ ਕੇ ਨਹੀਂ ਸਗੋਂ ਸਾਹਮਣੇ ਕਰਕੇ ਦਿਖਾਇਆ ਜਾਵੇ। ਰਵਾਇਤੀ ‘ਮੈਂ ਬੋਲਾਂ ਤੂੰ ਸੁਣ’ ਜਾਂ ‘Chalk and Talk’ method ਤੋਂ ਅੱਗੇ ਵਧਦੇ ਹੋਏ ਕਲਾਸ-ਰੂਮ ਵਿੱਚ ਸਿੱਖਣ ਦਾ ਸੁਖਾਵਾਂ ਮਾਹੌਲ ਸਿਰਜਿਆ ਜਾਵੇ। ਕੁੱਝ ਵੀ ਸਿਖਾਉਣ ਲਈ ਸਿਖਾਉਣ ਦੇ ਤਿੰਨ ਨੁਕਤੇ-Simple to Complex, Known to unknown and Concrete to abstract ਦੀ ਵਰਤੋਂ ਕੀਤੀ ਜਾਵੇ। ਕਲਾਸ-ਰੂਮ ਵਿੱਚ “ਸਿਖਾਉਣਾ” ਇੱਕ ਤਰਫਾ ਨਾ ਕਰਕੇ ਸਿੱਖਣ ਵਾਲ਼ੇ ਦੀ ‛ਸਿੱਖਣ ਜ਼ਰੂਰਤ’ ਨੂੰ ਸਮਝਦੇ ਹੋਏ Need based ਸਿਖਾਇਆ ਜਾਵੇ। ਅਧਿਆਪਕ ਦੀ ਵਿਦਿਆਰਥੀਆਂ ਨਾਲ਼ ਇੱਕ ਸਾਂਝ ਬਹੁਤ ਜ਼ਰੂਰੀ ਹੈ, ਕਦੇ ਮਾਂ ਵਰਗੀ ਨਰਮਾਈ ਅਤੇ ਪਿਆਰ, ਕਦੇ ਬਾਪ ਵਰਗੀ ਜ਼ਿੰਮੇਵਾਰੀ ਅਤੇ ਸੁਰੱਖਿਆ, ਕਦੇ ਦੋਸਤ ਵਰਗੀ ਮਸਤੀ ਅਤੇ ਚੁਲਬਲੇਪਨ ਵਰਗੀ ਸੋਚ ਅਤੇ ਬੋਲ ਰੱਖਣਾ ਅਧਿਆਪਕ ਦਾ ਸ਼ਿੰਗਾਰ ਹੈ।

• ਵਿਦਿਆਰਥੀ ਪ੍ਰਤੀ ਅਧਿਆਪਕ ਦਾ ਨਜ਼ਰੀਆ ਕੀ ਹੋਣਾ ਚਾਹੀਦਾ?

ਅਧਿਆਪਕ ਦੀ ਸੋਚ ਅਜਿਹੀ ਹੋਵੇ ਕਿ ਹਰੇਕ ਵਿਦਿਆਰਥੀ ਦੀ ਸਿੱਖਣ ਦੀ ਕਾਬਲੀਅਤ ਅਤੇ ਸਿੱਖਣ ਦਾ ਤਰੀਕਾ ਵੱਖੋ-ਵੱਖ ਹੈ। ਹਰੇਕ ਵਿਦਿਆਰਥੀ ਵਿਲੱਖਣ ਹੈ ਅਤੇ ਉਸ ਦੀ ਵਿਲੱਖਣਤਾ ਅਤੇ ਸਿੱਖਣ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਉਸਨੂੰ ਸਿਖਾਉਣ ਦੀ ਜ਼ਿੰਮੇਵਾਰੀ ਅਧਿਆਪਕ ਦੀ ਹੈ। “Your understanding is my responsibility.” ਕਿਸੇ ਜਮਾਤ ਦੇ ਬਹੁਤੇ ਵਿਦਿਆਰਥੀ ਅਧਿਆਪਕ ਵੱਲੋਂ ਸਿਖਾਏ ਤਰੀਕੇ ਨਾਲ਼ ਸਿੱਖ ਜਾਂਦੇ ਹਨ ਪਰ ਕੁੱਝ ਇੱਕ ਜੋ ਕਿਸੇ ਕਾਰਨ ਨਹੀਂ ਸਿੱਖ ਰਹੇ ਤਾਂ ਉਨ੍ਹਾਂ ਵਿਦਿਆਰਥੀਆਂ ਲਈ ਅਧਿਆਪਕ ਨੂੰ ਆਪਣੇ ਸਿਖਾਉਣ ਦੇ ਤਰੀਕੇ ਨੂੰ ਮੁੜ ਵਿਚਾਰਨ ਜਾਂ ਬਦਲਣ ਦੀ ਜ਼ਰੂਰਤ ਹੈ। ਫੇਰ ਵੀ ਨਤੀਜਾ ਨਾ ਮਿਲਣ ਤੇ ਸਿਖਾਉਣ ਦੇ ਢੰਗ ਤਰੀਕੇ ਨੂੰ ਮੁੜ ਬਦਲਣ ਦੀ ਲੋੜ ਹੈ।

• ਅਧਿਆਪਕਾਂ ਤੇ ਮਾਪਿਆਂ ਵਿਚਾਲੇ ਨੇੜਤਾ ਕਿਵੇਂ ਵਧਾਈ ਜਾ ਸਕਦੀ ਹੈ?

ਅਧਿਆਪਕਾਂ ਤੇ ਮਾਪਿਆਂ ਵਿਚਾਲੇ ਨੇੜਤਾ ਬਹੁਤ ਜ਼ਰੂਰੀ ਹੈ। ਵਿਦਿਆਰਥੀਆਂ ਬਾਰੇ ਹੋਰ ਜਾਣਨ ਲਈ ਅਧਿਆਪਕ ਨੂੰ ਵਿਦਿਆਰਥੀਆਂ ਦੇ ਮਾਪਿਆਂ ਨਾਲ਼ ਚਰਚਾ ਕਰਨ ਲਈ ਲਗਾਤਾਰਤਾ ਵਿੱਚ ਹਰ ਮਹੀਨੇ ਮਿਲਣਾ ਚਾਹੀਦਾ ਹੈ। ਫ਼ੋਨ ਰਾਹੀਂ ਵੀ ਮਾਪਿਆਂ ਨਾਲ਼ ਰਾਬਤਾ ਬਣਾ ਕੇ ਰੱਖਿਆ ਜਾਵੇ। ਇਸ ਤੋਂ ਇਲਾਵਾ ਕੋਈ ਦਸਤਾਵੇਜ਼ ਤਿਆਰ ਕੀਤਾ ਜਾ ਸਕਦਾ ਹੈ ਜਿਸ ਵਿੱਚ ਮਾਪੇ ਅਤੇ ਅਧਿਆਪਕ ਬੱਚਿਆਂ ਦੀ ਸਿੱਖਿਆ,ਆਦਤਾਂ ਅਤੇ ਰੁਚੀਆਂ ਬਾਰੇ ਟਿੱਪਣੀ ਕਰ ਸਕਣ। ਬੱਚਿਆਂ ਦੀ ਸਿੱਖਣ ਪ੍ਰਕਿਰਿਆ ਵਿੱਚ ਮਾਪਿਆਂ ਦੀ ਸ਼ਮੂਲੀਅਤ ਕਰਨ ਲਈ ਬੱਚਿਆਂ ਨੂੰ ਅਜਿਹੇ ਘਰ ਦੇ ਕੰਮ ਜਾਂ ਪ੍ਰੋਜੈਕਟ ਦਿੱਤੇ ਜਾਣ ਜਿਸ ਵਿੱਚ ਮਾਪੇ ਬੱਚਿਆਂ ਦੇ ਨਾਲ ਮਿਲ ਕੇ ਉਸ ਨੂੰ ਪੂਰਾ ਕਰਨ। ਇਸ ਨਾਲ਼ ਬੱਚਿਆਂ ਦੇ ਨਾਲ ਨਾਲ ਮਾਪਿਆਂ ਦੀ ਅਧਿਆਪਕ ਨਾਲ ਵੀ ਸਾਂਝ ਪੈਦਾ ਹੋਵੇਗੀ, ਤੇ ਉਹ ਆਪਣੇ ਬੱਚੇ ਦੇ ਸਿੱਖਣ ਬਾਰੇ ਹੋਰ ਜਾਣੂ ਹੋ ਸਕਣਗੇ।

• ਵਿਗਿਆਨ ਜਿਵੇਂ ਦਿਨ ਪ੍ਰਤੀ ਦਿਨ ਤਰੱਕੀ ਕਰ ਰਿਹਾ ਹੈ, ਕੀ ਸਾਡੇ ਸਾਇੰਸ ਅਧਿਆਪਕ ਬੱਚਿਆਂ ਨੂੰ ਤਰਕ ਵੱਲ ਲਿਆ ਰਹੇ ਨੇ?

ਸਾਇੰਸ ਅਧਿਆਪਕ ਵਿਗਿਆਨ ਨੂੰ ਸਾਇੰਸ ਵਿਸ਼ੇ ਦੀ ਤਰ੍ਹਾਂ ਪੜ੍ਹਾ ਰਹੇ ਹਨ। ਵਿਗਿਆਨ ਦੇ ਅੱਜ ਦੇ ਯੁੱਗ ਵਿੱਚ ਜਿੱਥੇ ਬੱਚੇ ਵਿੱਚ ਤਰਕਸ਼ੀਲ ਸੋਚ ਹੋਣ ਬਹੁਤ ਜ਼ਰੂਰੀ ਹੈ ਇਹ ਜ਼ਿੰਮੇਵਾਰੀ ਸਿਰਫ਼ ਸਾਇੰਸ ਬਣਾਉਣ ਵਾਲੇ ਅਧਿਆਪਕ ਦੀ ਨਹੀਂ ਬਲਕਿ ਹਰ ਅਧਿਆਪਕ ਨੂੰ ਬੱਚਿਆਂ ਵਿੱਚ ਤਰਕਸ਼ੀਲ ਸੋਚ ਪੈਦਾ ਕਰਨ ਦੀ ਲੋੜ ਹੈ । ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਵੀ ਬੱਚਿਆਂ ਵਿੱਚ ਰੱਟ ਕੇ ਸਿੱਖਣ ਦੇ ਤਰੀਕੇ ਤੋਂ ਗੁਰੇਜ਼ ਕਰਨ ਅਤੇ ਆਪ ਕਰ ਕੇ ਸਿੱਖਣ, ਤਜਰਬੇ ਤੋਂ ਸਿੱਖਣ ਅਤੇ ਤਰਕਸ਼ੀਲ ਸੋਚ ਪੈਦਾ ਕਰਨ ਤੇ ਜ਼ੋਰ ਦਿੱਤਾ ਗਿਆ ਹੈ ਜਿਸ ਲਈ ਅਧਿਆਪਕ ਉਪਰਾਲੇ ਕਰ ਰਹੇ ਹਨ ਪਰ ਅਜੇ ਬਹੁਤ ਕੰਮ ਬਾਕੀ ਹੈ।

• ਜਿਵੇਂ ਲਗਾਤਾਰ AI ਸਿਸਟਮ ਅੱਗੇ ਵੱਧ ਰਿਹਾ ਹੈ, ਕੀ ਲੱਗਦਾ ਹੈ ਕਿ, ਅਗਲਾ ਸਮੇਂ ਵਿੱਚ ਅਧਿਆਪਕਾਂ ਦੀ ਜ਼ਰੂਰਤ ਕਲਾਸ-ਰੂਮ ਵਿਚ ਖ਼ਤਮ ਹੋ ਜਾਵੇਗੀ.?

AI ਸਿਸਟਮ ਕਦੇ ਵੀ ਕਲਾਸ ਰੂਮ ਵਿੱਚੋਂ ਅਧਿਆਪਕਾਂ ਦੀ ਜ਼ਰੂਰਤ ਖ਼ਤਮ ਨਹੀਂ ਕਰ ਸਕਦਾ। AI ਸਿਸਟਮ ਗਿਆਨ ਭਰਪੂਰ ਹੋਣ ਕਾਰਨ ਜਾਣਕਾਰੀ ਪੱਖੋਂ ਜ਼ਰੂਰ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ ਪਰ ਕਲਾਸ-ਰੂਮ ਵਿਚ ਅਧਿਆਪਕ ਬੱਚਿਆਂ ਨੂੰ ਸਿਰਫ਼ ਜਾਣਕਾਰੀ ਪ੍ਰਦਾਨ ਨਹੀਂ ਕਰਦਾ ਬਲਕਿ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਉਨ੍ਹਾਂ ਵਿੱਚ ਕੁਸ਼ਲਤਾਵਾਂ (skills) ਪੈਦਾ ਕਰਦੇ ਹੋਏ ਉਨ੍ਹਾਂ ਦੀ ਸ਼ਖ਼ਸੀਅਤ ਦਾ ਸਰਬ ਪੱਖੀ ਵਿਕਾਸ ਕਰਦਾ ਹੈ ਜਿਸ ਵਿੱਚ ਸਰੀਰਕ ਅਤੇ ਮਾਨਸਿਕ ਵਿਕਾਸ, ਬੌਧਿਕ ਵਿਕਾਸ, ਭਾਵਨਾਤਮਕ ਵਿਕਾਸ, ਸਿਰਜਨਾਤਮਕ ਵਿਕਾਸ, ਤਰਕਸ਼ੀਲ ਸੋਚ ਆਦਿ ਸ਼ਾਮਿਲ ਹਨ । ਇਸ ਸਭ ਲਈ ਕਲਾਸ-ਰੂਮ ਵਿਚ ਗਤੀਵਿਧੀਆਂ, ਖੇਡਾਂ, ਪ੍ਰੋਜੈਕਟ ਵਰਕ, ਪ੍ਰਯੋਗ, ਡੈਮੋਸਟਰੇਸ਼ਨ, ਵਾਰਤਾਲਾਪ, ਵਿਚਾਰ-ਤਕਰਾਰ, ਰੋਲ-ਪਲੇ, ਡਰਾਮਾ ਆਦਿ ਤਰੀਕਿਆਂ ਦੀ ਲੋੜ ਹੈ ਜੋ ਅਧਿਆਪਕ ਨਾਲ਼ ਹੀ ਸੰਭਵ ਹੈ। ਵਿਦਿਆਰਥੀਆਂ ਵਿੱਚ ਸਿੱਖਣ ਦੀ ਰੁਚੀ ਵੀ ਅਧਿਆਪਕ ਹੀ ਪੈਦਾ ਕਰਦਾ ਹੈ।

• ਨਵੇਂ ਚੁਣੇ ਜਾ ਰਹੇ ਅਧਿਆਪਕਾਂ ਵਿਚ ਕੀ ਕੁੱਝ ਨਵਾਂ ਵੇਖਣ ਨੂੰ ਮਿਲਦਾ ਹੈ.?

ਨਵੇਂ ਚੁਣੇ ਜਾ ਰਹੇ ਅਧਿਆਪਕਾਂ ਵਿੱਚ ਅਧਿਆਪਨ ਪ੍ਰਤੀ ਜੋਸ਼ ਅਤੇ ਜਜ਼ਬਾ ਦਿੱਖ ਰਿਹਾ ਹੈ, ਟੈਕਨੌਲੋਜੀ ਦੀ ਵਰਤੋਂ ਬਾਖ਼ੂਬੀ ਕਰ ਰਹੇ ਪਰ ਕਈ ਅਧਿਆਪਕਾਂ ਵਿੱਚ ਮਾਤ ਭਾਸ਼ਾ ਦੀ ਪਰਿਪੱਕਤਾ ਨਹੀਂ ਝਲਕ ਰਹੀ।

• ਸਿੱਖਿਆ ਵਿੱਚ ਤਬਦੀਲੀ ਦੇ ਵਾਸਤੇ ਹੋਰ ਕਿਹੜੇ ਕੰਮ ਹੋ ਸਕਦੇ ਹਨ, ਜਿਹੜੇ ਸਰਕਾਰ ਨੂੰ ਵੀ ਕਰਨੇ ਚਾਹੀਦੇ ਹਨ.!

ਸਿੱਖਿਆ ਵਿੱਚ ਤਬਦੀਲੀ ਤਾਂ ਹੀ ਸੰਭਵ ਹੈ ਜੇ ਅਧਿਆਪਕ ਜਮਾਤ ਵਿੱਚ ਮੌਜੂਦ ਹੋਵੇਗਾ ਅਤੇ ਇਸ ਲਈ ਜ਼ਰੂਰੀ ਹੈ ਕਿ ਹਰੇਕ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਅਨੁਸਾਰ ਘੱਟੋ ਘੱਟ ਲੋੜੀਂਦੇ ਅਧਿਆਪਕ ਮੌਜੂਦ ਹੋਣ। ਇਸ ਤੋਂ ਇਲਾਵਾ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਨੂੰ ਖ਼ਤਮ ਕਰ ਕੇ ਵੱਧ ਤੋਂ ਵੱਧ ਸਮਾਂ ਸਿਰਫ਼ ਵਿਦਿਆਰਥੀਆਂ ਨਾਲ਼ ਗੁਜ਼ਾਰਨ ਦਿੱਤਾ ਜਾਵੇ। ਕਲਾਸ-ਰੂਮ ਵਿਚ ਸਿੱਖਣ ਦਾ ਮਾਹੌਲ ਸਿਰਜਣ ਲਈ ਅਧਿਆਪਕਾਂ ਨੂੰ ਸਮਾਰਟ ਕਲਾਸ ਰੂਮ ਅਤੇ ਸਮਾਰਟ ਬੋਰਡ ਮੁਹੱਈਆ ਕਰਵਾਏ ਜਾਣ। ਸਮੇਂ ਸਮੇਂ ਤੇ ਅਧਿਆਪਕਾਂ ਨੂੰ ਅੱਪਡੇਟ ਕਰਨ ਲਈ ਸਿੱਖਣ ਸਿਖਾਉਣ ਦੇ ਨਵੇਂ ਤੌਰ ਤਰੀਕੇ ਅਤੇ ਸਿੱਖਿਆ ਵਿੱਚ ਟੈਕਨੌਲੋਜੀ ਦੀ ਵਰਤੋਂ ਸਬੰਧੀ ਟਰੇਨਿੰਗ ਪ੍ਰਦਾਨ ਕਰਨੀ ਚਾਹੀਦੀ ਹੈ ਅਧਿਆਪਕਾਂ ਨੂੰ ਆਪਣੇ ਸਿਖਾਉਣ ਦੇ ਤਰੀਕਿਆਂ ਵਿੱਚ ਹੋਰ ਨਿਖਾਰ ਕਰਨ ਲਈ ਈ-ਪਲੇਟਫ਼ਾਰਮ ਦੇਣੇ ਚਾਹੀਦੇ ਹਨ।

• ਵਿਦਿਆਰਥੀਆਂ ਦਾ ਅਜੋਕੇ ਸਮੇਂ ਵਿੱਚ ਅਧਿਆਪਕ ਪ੍ਰਤੀ ਨਜ਼ਰੀਆ ਬਦਲਿਆ ਹੈ ਜਾਂ ਨਹੀਂ?

ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਦਾ ਅਧਿਆਪਕ ਪ੍ਰਤੀ ਨਜ਼ਰੀਆ ਬਦਲ ਰਿਹਾ ਹੈ ਭਾਵੇਂ ਅੱਜ ਦਾ ਅਧਿਆਪਕ ਨਾ ਸਿਰਫ਼ ਜਾਣਕਾਰੀ ਦਿੰਦਾ ਹੈ ਬਲਕਿ ਵਿਦਿਆਰਥੀਆਂ ਨੂੰ ਮੋਟੀਵੇਟ ਵੀ ਕਰਦਾ ਹੈ ਅਤੇ ਅਧਿਆਪਕ ਤੋਂ ਮੈਂਟਰ ਬਣ ਚੁੱਕਾ ਹੈ । ਪਰ ਅੱਜ ਦੇ ਸਮੇਂ ਵਿੱਚ ਵਿਦਿਆਰਥੀਆਂ ਜਾਣਕਾਰੀ ਪ੍ਰਾਪਤ ਕਰਨ ਲਈ ਅਧਿਆਪਕ ਤੋਂ ਇਲਾਵਾ ਇੰਟਰਨੈੱਟ, ਯੂ-ਟਿਊਬ, ਡਿਜੀਟਲ ਕੋਰਸਾਂ ਤੋਂ ਵੀ ਸਿੱਖ ਰਿਹਾ ਹੈ। ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਵੱਧ ਰਿਹਾ ਹੈ। ਵਿਦਿਆਰਥੀਆਂ ਦਾ ਸਵੈ ਨਿਰਭਰ ਬਣਨ ਕਾਰਨ ਅਧਿਆਪਕ ਦਾ ਸਤਿਕਾਰ ਪਹਿਲਾਂ ਨਾਲੋਂ ਘੱਟ ਰਿਹਾ ਹੈ।

 

Leave a Reply

Your email address will not be published. Required fields are marked *