ਆਦਿਵਾਸੀਆਂ ਨੂੰ ਪੁਲੀਸ ਮੁਕਾਬਲਿਆਂ ਦੇ ਨਾਂ ਥੱਲੇ ਕੀਤੇ ਜਾ ਰਹੇ ਕਤਲ ਖਿਲਾਫ਼ 27 ਫਰਵਰੀ ਨੂੰ ਫਾਜ਼ਿਲਕਾ ਅੰਦਰ ਪ੍ਰਦਰਸ਼ਨ ਕਰਨ ਦਾ ਐਲਾਨ
ਰਣਬੀਰ ਕੌਰ ਢਾਬਾਂ, ਫਾਜ਼ਿਲਕਾ
ਫਾਜ਼ਿਲਕਾ ਦੀਆਂ ਵੱਖ ਵੱਖ ਜਨਤਕ ਤੇ ਜਮਹੂਰੀ ਜਥੇਬੰਦੀਆਂ ਵੱਲੋਂ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਛੱਤੀਸਗੜ੍ਹ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਜੀਵਨ ਦੀ ਸੁਰੱਖਿਆ, ਜਲ, ਜੰਗਲ ਅਤੇ ਜ਼ਮੀਨ ਨੂੰ ਦੇਸੀ-ਵਿਦੇਸ਼ੀ ਲੁੱਟ ਤੋਂ ਬਚਾਉਣ ਲਈ ਸੰਘਰਸ਼ ਕਰ ਰਹੇ ਆਦਿਵਾਸੀਆਂ ਅਤੇ ਹੋਰ ਲੋਕਾਂ ਦੇ ਪੁਲੀਸ ਮੁਕਾਬਲਿਆਂ ਦੇ ਨਾਂ ਥੱਲੇ ਕੀਤੇ ਜਾ ਰਹੇ ਕਤਲ ਅਤੇ ਹਰ ਕਿਸਮ ਦੇ ਜ਼ਬਰ ਦਾ ਵਿਰੋਧ ਕਰਨ ਲਈ 27 ਫਰਵਰੀ 2025 ਨੂੰ ਫਾਜ਼ਿਲਕਾ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਚੱਕ ਸੈਦੋਕੇ, ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਦੇ ਆਗੂ ਰਾਜ ਕੌਰ ਚਕ ਸੈਦੋਕੇ,ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਧੀਰਜ ਫਾਜ਼ਿਲਕਾ,ਜ਼ਿਲ੍ਹਾ ਆਗੂ ਕਮਲਜੀਤ ਮੁਹਾਰਖੀਵਾ,ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਪ੍ਰਵੀਨ ਜੰਡਵਾਲਾ,ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਢੰਡੀਆਂਂ,ਸੀ ਪੀ ਆਈ ਦੇ ਜ਼ਿਲ੍ਹਾ ਆਗੂ ਹੰਸਰਾਜ ਗੋਲਡਨ, ਡੇਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਆਗੂ ਹਰੀਸ਼ ਕੰਬੋਜ਼ ਤੇ ਰੀਸ਼ੂ ਸੇਠੀ ਨੇ ਕਿਹਾ ਕਿ ਪਿਛਲੇ ਸਾਲ 250 ਅਤੇ ਇਸ ਸਾਲ ਦੇ ਪਹਿਲੇ 6 ਹਫਤਿਆਂ ਵਿੱਚ ਹੀ ਸੁਰੱਖਿਆ ਫੋਰਸਾਂ ਨੇ 86 ਲੋਕਾਂ ਨੂੰ ਮਾਰ ਦਿੱਤਾ ਗਿਆ।
ਪਿਛਲੇ ਦਿਨੀਂ ਵਾਪਰੀ ਤਾਜ਼ਾ ਘਟਨਾ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ 31 ਆਦਿਵਾਸੀਆਂ ਨੂੰ ਕਤਲ ਕਰ ਦਿੱਤਾ ਗਿਆ। ਕੇਂਦਰ ਸਰਕਾਰ ਕਾਰਪੋਰੇਟ ਤੇ ਸਾਮਰਾਜ ਦਾ ਪੱਖਪੂਰਨ ਅਤੇ ਓਹਨਾ ਦਾ ਮੁਨਾਫ਼ਾ ਵਧਾਉਣ ਵਿੱਚ ਲੱਗੀ ਹੋਈ ਹੈ, ਜਿਸ ਕਾਰਨ ਦੇਸ਼ ਦੇ ਜਲ,ਜੰਗਲ,ਜ਼ਮੀਨ ਨੂੰ ਕਾਰਪੋਰੇਟ ਹਵਾਲੇ ਕਰ ਰਹੀ ਹੈ।
ਇਸ ਦੇ ਨਾਲ ਹੀ ਬੀ ਕੇ ਯੂ ਕਾਦੀਆ ਦੇ ਆਗੂ ਬੂਟਾ ਸਿੰਘ ਤੇ ਜੀ.ਟੀ.ਯੂ. ਦੇ ਆਗੂ ਅਮਰ ਸਿੰਘ ਨੇ ਕਿਹਾ ਕਿ ਸੰਵਿਧਾਨ ਵਿੱਚ ਦਰਜ ਕਾਨੂੰਨੀ ਵਿਵਸਥਾਵਾਂ ਦੀ ਉਲੰਘਣਾ ਕਰਦੇ ਹੋਏ ਲੋਕਾਂ ਦੇ ਬੋਲਣ ਦੀ ਆਜ਼ਾਦੀ ਨੂੰ ਛਿੱਕੇ ਟੰਗ ਕੇ ਉਹਨਾਂ ਤੇ ਜਬਰ ਦਾ ਕੁਹਾੜਾ ਚਲਾਇਆ ਜਾ ਰਿਹਾ ਹੈ, ਜੋ ਕਿ ਗੈਰ ਸੰਵਿਧਾਨਿਕ ਹੈ।
27 ਫ਼ਰਵਰੀ ਨੂੰ ਫਾਜ਼ਿਲਕਾ ਵਿਖੇ ਰੋਸ ਪ੍ਰਦਰਸ਼ਨ ਵਿੱਚ ਇਲਾਕੇ ਦੀਆਂ ਜਨਤਕ ਤੇ ਜਮਹੂਰੀ ਜਥੇਬੰਦੀਆਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮਨਦੀਪ ਚਕ ਸੈਦੋਕੇ,ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਮਮਤਾ ਲਾਧੂਕਾ,ਆਦਿਤਿਆ ਫਾਜ਼ਿਲਕਾ, ਦਿਲਕਰਨ ਸਿੰਘ ਹਾਜ਼ਰ ਸਨ।