ਪੰਜਾਬ ਦੇ ਸਰਕਾਰੀ ਸਕੂਲ ਪੜ੍ਹਨ ਵਾਲੇ ਹੁਣ ਇਨ੍ਹਾਂ ਵਿਦਿਆਰਥੀਆਂ ਨੂੰ ਵੀ ਮਿਲੇਗਾ ਵਜ਼ੀਫ਼ਾ
ਕਿਰਤ ਭਵਨ ਵਿੱਚ ਹੋਈ ਮੀਟਿੰਗ ਵਿੱਚ ਆਗੂਆਂ ਨੇ ਰੱਖੇ ਮਸਲਿਆਂ ਨੂੰ ਤੁਰੰਤ ਹੱਲ ਕਰਨ ਦੇ ਲਿਖਤੀ ਪੱਤਰ ਜਾਰੀ ਕਰਨ ਦਾ ਭਰੋਸਾ
ਪਰਮਜੀਤ ਢਾਬਾਂ, ਮੋਹਾਲੀ
ਕੰਸਟਰੱਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ (ਏਟਕ) ਵੱਲੋਂ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਅਤੇ ਲਾਭਪਾਤਰੀਆਂ ਦੇ ਉਹਨਾਂ ਦੇ ਬਣਦੇ ਹੱਕ ਦਵਾਉਣ ਲਈ 27 ਫਰਵਰੀ ਨੂੰ ਲੇਬਰ ਕਮਿਸ਼ਨਰ ਦੇ ਦਫਤਰ ਮੂਹਰੇ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਰਨਲ ਸਕੱਤਰ ਸਾਥੀ ਸੁਖਦੇਵ ਸ਼ਰਮਾ,ਏਟਕ ਦੇ ਡਿਪਟੀ ਜਨਰਲ ਸਕੱਤਰ ਅਮਰਜੀਤ ਆਸਲ ਅਤੇ ਸਕੱਤਰ ਜੈਪਾਲ ਸਿੰਘ ਨੇ ਦੱਸਿਆ ਕਿ ਯੂਨੀਅਨ ਵੱਲੋਂ ਉਕਤ ਦਿੱਤੇ ਐਲਾਨ ਨੂੰ ਮੁੱਖ ਰੱਖਦਿਆਂ ਕਿਰਤ ਵਿਭਾਗ ਵੱਲੋਂ ਉਹਨਾਂ ਨੂੰ ਅੱਜ ਭਾਵ 24 ਫਰਵਰੀ ਨੂੰ ਮੀਟਿੰਗ ਕਰਨ ਦਾ ਸੱਦਾ ਦਿੱਤਾ ਗਿਆ ਸੀ ਅਤੇ ਅੱਜ ਕਿਰਤ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨਾਲ ਯੂਨੀਅਨ ਦੀ ਇੱਕ ਵਧੀਆ ਮਾਹੌਲ ਵਿੱਚ ਮੀਟਿੰਗ ਹੋਈ ਅਤੇ ਯੂਨੀਅਨ ਵੱਲੋਂ ਮੰਗਾਂ ਦੇ ਆਧਾਰ ਤੇ ਪਹਿਲਾਂ ਦਿੱਤੇ ਮੰਗ ਪੱਤਰ ਨੋਟਿਸ ਨੂੰ ਅਫਸਰਾਂ ਵੱਲੋਂ ਸੰਜੀਦਗੀ ਨਾਲ ਲਿਆ ਗਿਆ ਹੈ।
ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹਨਾਂ ਵੱਲੋਂ ਰੱਖੇ ਗਏ ਉਸਾਰੀ ਕਿਰਤੀਆਂ ਦੇ ਮਸਲੇ ਜਾਇਜ਼ ਹਨ ਅਤੇ ਇਹ ਮਸਲੇ ਪਹਿਲ ਦੇ ਆਧਾਰ ‘ਤੇ ਹੱਲ ਕੀਤੇ ਜਾਣਗੇ। ਜਿਸ ਨੂੰ ਮੁੱਖ ਰੱਖਦਿਆਂ 27 ਫਰਵਰੀ ਨੂੰ ਸੂਬਾ ਪੱਧਰੀ ਦਿੱਤਾ ਜਾਣ ਵਾਲਾ ਕਿਰਤ ਕਮਿਸ਼ਨਰ ਦੇ ਦਫਤਰ ਸਾਹਮਣੇ ਧਰਨਾ ਹੁਣ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ, ਪਰੰਤੂ ਜੇਕਰ ਭਰੋਸਾ ਦਵਾਉਣ ਦੇ ਅਮਲ ਨੂੰ ਮੱਠਾ ਕੀਤਾ ਗਿਆ ਤਾਂ ਇਹ ਫਿਰ ਨਵਾਂ ਸੰਘਰਸ਼ ਵਿੱਡਣ ਦਾ ਐਲਾਨ ਕਰ ਦਿੱਤਾ ਜਾਵੇਗਾ।
ਮੋਟੇ ਰੂਪ ਵਿੱਚ ਮੀਟਿੰਗ ਵਿੱਚ ਹੋਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਇਹ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਲੰਬੇ ਸਮੇਂ ਤੋਂ ਹਜ਼ਾਰਾਂ ਕੇਸ ਜੋ ਐਕਸ ਗਰੇਸ਼ੀਅਸ ਸਕੀਮ ਅਧੀਨ ਪੈਂਡਿੰਗ ਪਏ ਹਨ, ਉਹਨਾਂ ਨੂੰ ਬੋਰਡ ਦੀ ਸਾਈਟ ਚੱਲਣ ਦੇ 15 ਦਿਨਾਂ ਦੇ ਅੰਦਰ ਅੰਦਰ ਹੱਲ ਕਰਕੇ ਪੈਸਿਆਂ ਦੀ ਰਾਸ਼ੀ ਲਾਭਪਾਤਰੀ ਦੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ।
ਉਹਨਾਂ ਇਹ ਵੀ ਦੱਸਿਆ ਕਿ ਮੀਟਿੰਗ ਵਿੱਚ ਇਹ ਵੀ ਪਾਸ ਕੀਤਾ ਗਿਆ ਹੈ ਕਿ ਸੂਬੇ ਭਰ ਦੇ ਸਾਰੇ ਵਿਦਿਅਕ ਅਦਾਰਿਆਂ ਦੇ ਮੁਖੀਆਂ ਅਤੇ ਪ੍ਰਿੰਸੀਪਲਾਂ ਨੂੰ ਲਿਖਤੀ ਪੱਤਰ ਜਾਰੀ ਕਰਕੇ ਹਦਾਇਤ ਕਰ ਦਿੱਤੀ ਜਾਵੇਗੀ ਕਿ ਉਸਾਰੀ ਕਿਰਤੀ ਦਾ ਵਿਦਿਆਰਥੀ ਬੱਚਾ ਹੋਰ ਵਜ਼ੀਫੇ ਦੇ ਨਾਲ ਵੀ ਵਜ਼ੀਫਾ ਲੈ ਸਕਦਾ ਹੈ, ਕਿਉਂਕਿ ਉਸਾਰੀ ਕਿਰਤੀ ਦੇ ਬੱਚੇ ਨੂੰ ਬੋਰਡ ਵਜੀਫਾ ਦੇਣ ਦਾ ਪਾਬੰਦ ਹੈ।
ਆਗੂਆਂ ਨੇ ਕਿਹਾ ਕਿ ਮ੍ਰਿਤਕ ਲਾਭਪਾਤਰੀ ਦੀ ਅਗਰ ਗਰੇਸ ਪੀਰੀਅਡ ਵਿੱਚ ਮੌਤ ਹੁੰਦੀ ਹੈ ਤਾਂ ਮਨਜ਼ੂਰੀ ਲਈ ਪ੍ਰਿੰਸੀਪਲ ਸਕੱਤਰ ਲੇਬਰ ਪੰਜਾਬ ਸਰਕਾਰ ਤੋਂ ਲੈਣ ਦੀ ਲਾਈ ਸ਼ਰਤ ਨੂੰ ਬੋਰਡ ਦੀ ਅਗਲੀ ਮੀਟਿੰਗ ਵਿੱਚ ਵਾਪਸ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ।
ਆਗੂਆਂ ਨੇ ਦੱਸਿਆ ਕਿ ਕਿਰਤ ਕਮਿਸ਼ਨ ਨੂੰ ਜਾਣੂ ਕਰਵਾ ਕੇ ਮੰਗ ਕੀਤੀ ਗਈ ਸੀ,ਕਿ ਫਾਰਮ ਨੰਬਰ 27 ਆਟੋਪੈਚ ਸਬੰਧੀ ਹੋਏ ਫੈਸਲੇ ਨੂੰ ਲਾਗੂ ਕਰਨ, ਰਜਿਸਟਰੇਸ਼ਨ ਅਤੇ ਕਾਪੀ ਨਵੀਂ ਕਰਵਾਉਣ ਲਈ ਆ ਰਹੀਆਂ ਦਿੱਕਤਾਂ ਅਤੇ ਗੈਰ ਵਾਜਿਬ ਲਗਾਏ ਜਾ ਰਹੇ ਇਤਰਾਜਾਂ ਨੂੰ ਤੁਰੰਤ ਦੂਰ ਕਰਨ ਦੀ ਮੰਗ ਦੇ ਅਮਲ ਨੂੰ ਵੀ ਮੰਨ ਲਿਆ ਗਿਆ ਹੈ।
ਮੀਟਿੰਗ ਵਿੱਚ ਹੋਰਾਂ ਤੋਂ ਇਲਾਵਾ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਭਰਪੂਰ ਸਿੰਘ ਬੁੱਲਾਂਪੁਰ, ਸੂਬਾ ਖਜਾਨਚੀ ਪ੍ਰਦੀਪ ਚੀਮਾ, ਸੂਬਾ ਕਮੇਟੀ ਮੈਂਬਰ ਬੀਬੀ ਦਸਵਿੰਦਰ ਕੌਰ ਅੰਮ੍ਰਿਤਸਰ, ਰਵੀ ਦੱਤ, ਸੁਰਿੰਦਰ ਭੈਣੀ ਅਤੇ ਐਡਵੋਕੇਟ ਪਰਮੀਤ ਕੁਮਾਰ ਫਾਜ਼ਿਲਕਾ ਹਾਜ਼ਰ ਸਨ।