All Latest NewsNews FlashPunjab News

ਵੱਡੀ ਖ਼ਬਰ: ਮੈਰੀਟੋਰੀਅਸ ਅਧਿਆਪਕਾਂ ਨੇ ਘੇਰੀ ਅਮਨ ਅਰੋੜਾ ਦੀ ਕੋਠੀ! ਡਾ. ਟੀਨਾ ਨੇ ਕਿਹਾ- ਹੁਣ ਲਾਰੇ ਲੱਪੇ ਦੀ ਨੀਤੀ ਸਹਿਣ ਨਹੀਂ ਕੀਤੀ ਜਾਵੇਗੀ

 

ਲਿਖਤੀ ਮੀਟਿੰਗ ਵਿੱਚ 3 ਮਾਰਚ ਤੋਂ ਪਹਿਲਾਂ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਸਿੱਖਿਆ ਸਕੱਤਰ ਨਾਲ ਹੋਵੇਗੀ ਮੀਟਿੰਗ

ਪੰਜਾਬ ਨੈੱਟਵਰਕ, ਸੁਨਾਮ –

ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸੁਨਾਮ ਵਿਖੇ ਆਮ ਆਦਮੀ ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਮੈਰੀਟੋਰੀਅਸ ਟੀਚਰਜ਼ ਨੇ ਹੱਥਾਂ ਵਿੱਚ ਤਖ਼ਤੀਆਂ ਫੜ੍ਹ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਬੱਸ ਸਟੈਂਡ ਦੇ ਨਜ਼ਦੀਕ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਤੱਕ ਪੈਦਲ ਮਾਰਚ ਕਰਦਿਆਂ ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਵਾਅਦਾਖਿਲਾਫ਼ੀ ਸੰਬੰਧੀ ਪੂਰੇ ਪੰਜਾਬ ਦੇ ਅਵਾਮ ਨੂੰ ਜਾਣੂ ਕਰਵਾਇਆ। ਚੇਤੇ ਰਹੇ ਕਿ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ , ਮੈਰੀਟੋਰੀਅਸ ਟੀਚਰਜ਼ ਦੀਆਂ ਸੇਵਾਵਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਦੇ ਰਾਹ ਪਈ ਹੋਈ ਹੈ।

ਸੀਨੀਅਰ ਮੀਤ ਪ੍ਰਧਾਨ ਡਾ. ਟੀਨਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਮੈਰੀਟੋਰੀਅਸ ਟੀਚਰਜ਼ ਨੂੰ ਸਿੱਖਿਆ ਵਿਭਾਗ ਵਿੱਚ ਲਾਰੇ ਲਾ ਕੇ ਸਮਾਂ ਲੰਘਾ ਰਹੇ ਹਨ , ਸਾਡੇ ਸਬਰ ਦਾ ਪਿਆਲਾ ਮੁੱਕ ਚੱਲਿਆ ਹੈ, ਮਜ਼ਬੂਰਨ ਸਾਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ, ਇਸ ਕਰਕੇ ਉਹ ਅੱਜ ਪਾਰਟੀ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਸੁਨਾਮ ਸ਼ਹਿਰ ਵਿਖੇ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੋਲ ਖੋਲਣ ਆਏ ਹਨ , ਇਸ ਉਪਰੰਤ ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਕੋਠੀ ਦਾ ਘਿਰਾਓ ਕੀਤਾ ਗਿਆ।

ਜਨਰਲ ਸਕੱਤਰ ਡਾ. ਅਜੈ ਕੁਮਾਰ ਨੇ ਦੱਸਿਆ ਕਿ ਮੈਰੀਟੋਰੀਅਸ ਟੀਚਰਜ਼ ਦੀ ਮਿਹਨਤ ਦਾ ਪੰਜਾਬ ਸਰਕਾਰ ਨੇ ਮੁੱਲ ਨਹੀਂ ਪਾਇਆ, ਮੈਰੀਟੋਰੀਅਸ ਟੀਚਰਜ਼ ਲਗਾਤਾਰ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ , ਪਿਛਲੇ 10 ਸਾਲਾਂ ਵਿੱਚ ਤਨਖਾਹ ਵਾਧਾ ਸਿਰਫ਼ 2326 ਰੁਪਏ ਹੋਇਆ ਹੈ, ਇਸ ਤੋਂ ਵੱਧ ਸ਼ੋਸ਼ਣ ਹੋਰ ਕੀ ਹੋ ਸਕਦਾ ਹੈ, ਦੂਸਰੇ ਪਾਸੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਈ ਦੇਰੀ ਕਰਕੇ ਟੀਚਰਜ਼ ਨੂੰ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੂਬਾ ਵਿੱਤ ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੈਰੀਟੋਰੀਅਸ ਟੀਚਰਜ਼ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਵਿੱਚ ਅਜੇ ਹੋਰ ਡੰਗ ਟਪਾਉਣ ਦੀ ਕੋਸ਼ਿਸ਼ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖੇ ਐਕਸ਼ਨ ਕੀਤੇ ਜਾਣਗੇ। ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੇ ਰੋਹ ਨੂੰ ਦੇਖਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਮੌਜੂਦਗੀ ਸਿੱਖਿਆ ਸਕੱਤਰ ਨਾਲ 3 ਮਾਰਚ ਤੋਂ ਪਹਿਲਾਂ ਮੀਟਿੰਗ ਲਈ ਲਿਖਤੀ ਪੱਤਰ ਜਾਰੀ ਕੀਤਾ ਗਿਆ।

ਇਸ ਸਮੇਂ ਮਨੋਜ ਕੁਮਾਰ, ,ਵਿਪਨੀਤ ਕੌਰ , ਜਸਪ੍ਰੀਤ ਕੌਰ ,ਮਨਜਿੰਦਰ ਕੌਰ, ਬੂਟਾ ਸਿੰਘ ਮਾਨ, ਜਸਵਿੰਦਰ ਸਿੰਘ , ਡਾ. ਬਲਰਾਜ ਸਿੰਘ ,ਅਜੈ ਕੁਮਾਰ ,ਦਵਿੰਦਰ ਸਿੰਘ, ਹਰਪ੍ਰੀਤ ਸਿੰਘ, ਲਖਵੀਰ ਸਿੰਘ ਆਦਿ ਸੂਬਾ ਆਗੂਆਂ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਜੇਕਰ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਤੋਂ ਹੋਰ ਦੇਰੀ ਕੀਤੀ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

 

Leave a Reply

Your email address will not be published. Required fields are marked *