ਪੰਜਾਬ ਸਰਕਾਰ ਦਾ ਨਿੱਜੀ ਸਕੂਲ ਖਿਲਾਫ਼ ਵੱਡਾ ਐਕਸ਼ਨ, ਸੁਣਾਈ ਅਨੋਖੀ ਸਜ਼ਾ!
ਪੰਜਾਬ ਨੈੱਟਵਰਕ, ਹੁਸ਼ਿਆਰਪੁਰ :
ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ (ਪੰਜਾਬ ਸਰਕਾਰ) ਨੇ ਹੁਸ਼ਿਆਰਪੁਰ ਦੇ ਮਾਹਿਲਪੁਰ ਦੇ ਦਿੱਲੀ ਪਬਲਿਕ ਸਕੂਲ ਖਿਲਾਫ਼ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਅਨੋਖੀ ਸਜ਼ਾ ਸੁਣਾਈ ਹੈ।
ਦਰਅਸਲ, ਪਿਛਲੇ ਸਾਲ 27 ਨਵੰਬਰ 2024 ਨੂੰ ਇੱਕ ਬੱਚੀ ਨੂੰ ਸਕੂਲ ਪ੍ਰਬੰਧਕ ਵੱਲੋਂ ਬਾਂਹ ਤੋਂ ਫੜ੍ਹ ਕੇ ਸਕੂਲ ਤੋਂ ਕੱਢ ਦਿੱਤਾ ਗਿਆ ਸੀ ਅਤੇ ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ। ਹੁਣ ਇਸ ਮਾਮਲੇ ਵਿੱਚ ਵੱਡਾ ਐਕਸ਼ਨ ਲੈਂਦੇ ਹੋਏ ਪੰਜਾਬ ਸਰਕਾਰ ਦੇ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਸਕੂਲ ਨੂੰ ਸਜ਼ਾ ਸੁਣਾਈ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ ਆਪਣੇ ਫ਼ੈਸਲੇ ਵਿੱਚ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਪੀੜਤ ਮਾਪਿਆਂ ਦੀ ਸਮਾਜਿਕ ਤੌਰ ’ਤੇ ਹੋਏ ਖੱਜਲ-ਖੁਆਰੀ ਲਈ ਸਕੂਲ ਵਿਚ ਪਰਿਵਾਰ ਦੇ ਪੜ੍ਹਦੇ ਦੋਹਾਂ ਬੱਚਿਆਂ ਦੀ ਆਖ਼ਰੀ ਤਿਮਾਹੀ ਦੀ ਫ਼ੀਸ ਲੈਣ ਤੋਂ ਮਨਾਹੀ ਕਰ ਦਿੱਤੀ ਹੈ।
ਕਮਿਸ਼ਨ ਨੇ ਸਕੂਲ ਦੀ ਪ੍ਰਬੰਧਕ ਕਵਿਤਾ ਸ਼ਰਮਾ ਨੂੰ ਸਜ਼ਾ ਸੁਣਾਉਂਦੇ ਹੋਏ ਹੁਕਮ ਦਿੱਤਾ ਕਿ ਸਕੂਲ ਵਿਚ ਫ਼ੀਸ ਸਬੰਧੀ ਮਾਮਲਿਆਂ ਦਾ ਹੱਲ ਸਿਰਫ਼ ਫ਼ੀਸ ਸੈਕਸ਼ਨ ਨਾਲ ਹੋਵੇਗਾ। ਸਰਵੇ ਕਰਕੇ 31 ਮਾਰਚ ਤੱਕ 20 ਬੱਚਿਆਂ ਨੂੰ ਲੱਭ ਕੇ ਉਨ੍ਹਾਂ ਦਾ ਦਾਖ਼ਲਾ ਸਰਕਾਰੀ ਸਕੂਲ ਵਿਚ ਕਰਵਾਉਣਗੇ।
ਨਾਲ ਹੀ ਕਮਿਸ਼ਨ ਨੇ ਪ੍ਰਬੰਧਕ ਨੂੰ ਹਦਾਇਤ ਕੀਤੀ ਕਿ ਉਹ ਬੱਚਿਆਂ ਨੂੰ ਕਿਤਾਬਾਂ ਤੇ ਹੋਰ ਸਮੱਖਿਆ ਸਮੱਗਰੀ ਦੇਣ ਲਈ ਪਾਬੰਦ ਹੋਣਗੇ। ਕਵਿਤਾ ਸ਼ਰਮਾ ਨੇ ਤੈਸ਼ ਵਿਚ ਆ ਕੇ ਉੱਚੀ ਬੋਲਣ ਦੇ ਦੋਸ਼ਾਂ ਨੂੰ ਸਵੀਕਾਰਦੇ ਹੋਏ ਆਪਣੇ ਵਿਹਾਰ ਲਈ ਮਾਫ਼ੀ ਮੰਗ ਲਈ ਹੈ।