ਵੱਡੀ ਖ਼ਬਰ: ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੀਆਂ ਹੋਈਆਂ ਜਾਅਲੀ ਬਦਲੀਆਂ! ਵਿਭਾਗ ਨੇ ਜਾਰੀ ਕੀਤੇ ਸਖ਼ਤ ਹੁਕਮ
ਜਾਅਲੀ ਹੁਕਮਾਂ ਵਿਰੁੱਧ ਕਿਸੇ ਵੀ ਕਰਮਚਾਰੀ ਨੂੰ ਹਾਜ਼ਰ ਨਾ ਕਰਵਾਇਆ ਜਾਵੇ
ਪੰਜਾਬ ਨੈੱਟਵਰਕ, ਚੰਡੀਗੜ੍ਹ
ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੀਆਂ ਬਦਲੀਆਂ ਦੇ ਜਾਅਲੀ ਆਰਡਰ ਹੀ ਤਿਆਰ ਕਰ ਦਿੱਤੇ ਗਏ। ਜਿਸ ਤੋਂ ਬਾਅਦ ਕਈ ਮੁਲਾਜ਼ਮ ਤਾਂ ਇਨ੍ਹਾਂ ਬਦਲੀਆਂ ਦੇ ਆਰਡਰਾਂ ਨੂੰ ਵੇਖ ਕੇ ਬਦਲੀ ਹੋਈ ਜਗ੍ਹਾ ‘ਤੇ ਜੁਆਇੰਨ ਕਰਨ ਵੀ ਚਲੇ ਗਏ, ਪਰ ਜਦੋਂ ਜੁਆਇੰਨ ਕਰਵਾਉਣ ਵਾਲੇ ਅਧਿਕਾਰੀਆਂ ਨੇ ਉਕਤ ਬਦਲੀ ਨੂੰ ‘ਜਾਅਲੀ ਬਦਲੀ’ ਦੱਸਿਆ ਤਾਂ, ਮੁਲਾਜ਼ਮ ਹੱਕੇ ਬੱਕੇ ਰਹਿ ਗਏ।
ਉਧਰ ਦੂਜੇ ਪਾਸੇ, ਜਿਵੇਂ ਹੀ ਇਹ ਮਾਮਲਾ ਸਿੱਖਿਆ ਵਿਭਾਗ ਦੇ ਧਿਆਨ ਵਿੱਚ ਆਇਆ ਤਾਂ ਵਿਭਾਗ ਨੇ ਉਕਤ ਬਦਲੀਆਂ ‘ਤੇ ਆਪਣਾ ਸਪੱਸ਼ਟੀਕਰਨ ਜਾਰੀ ਕਰ ਦਿੱਤਾ। ਵਿਭਾਗ ਨੇ ਆਪਣੇ ਜਾਰੀ ਸਪੱਸ਼ਟੀਕਰਨ ਦੇ ਵਿੱਚ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਫੀਲਡ ਵਿੱਚ ਕਲਰਕਾਂ, ਡਾਟਾ ਐਂਟਰੀ ਅਪਰੇਟਰਾਂ ਅਤੇ ਸੇਵਾਦਾਰ ਦੀਆਂ ਆਰਜੀਆਂ ਡਿਊਟੀ ਸਬੰਧੀ ਵੱਖ ਵੱਖ ਹੁਕਮ ਵਾਇਰਲ ਹੋ ਰਹੇ ਹਨ, ਜੋ ਕਿ ਜਾਅਲੀ ਹਨ।
ਇਹ ਹੁਕਮ ਵਿਭਾਗ ਵੱਲੋਂ ਜਾਰੀ ਨਹੀਂ ਕੀਤੇ ਗਏ। ਇਸ ਤੋਂ ਇਲਾਵਾ ਇਹ ਵੀ ਧਿਆਨ ਵਿੱਚ ਆਇਆ ਕਿ ਕਈ ਜ਼ਿਲ੍ਹਾ ਦਫਤਰਾਂ ਅਤੇ ਸਕੂਲ ਪ੍ਰਿੰਸੀਪਲਾਂ ਵੱਲੋਂ ਇਨ੍ਹਾਂ ਹੁਕਮਾਂ ਵਿੱਚ ਦਰਜ ਕਰਮਚਾਰੀਆਂ ਨੂੰ ਹਾਜ਼ਰ ਕਰਵਾਇਆ ਜਾ ਰਿਹਾ ਹੈ।
ਵਿਭਾਗ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਜਾਅਲੀ ਹੁਕਮਾਂ ਵਿਰੁੱਧ ਕਿਸੇ ਵੀ ਕਰਮਚਾਰੀ ਨੂੰ ਹਾਜ਼ਰ ਨਾ ਕਰਵਾਇਆ ਜਾਵੇ ਅਤੇ ਭਵਿੱਖ ਵਿੱਚ ਯਕੀਨੀ ਬਣਾਇਆ ਜਾਵੇ ਕਿ ਖੇਤਰੀ ਦਫ਼ਤਰਾਂ ਅਧੀਨ ਕੰਮ ਕਰਦੇ ਕਰਮਚਾਰੀਆਂ ਦੀਆਂ ਆਰਜੀ ਡਿਊਟੀਆਂ ਅਤੇ ਨਵੀਂ ਨਿਯੁਕਤੀ ਸਬੰਧੀ ਵਿਭਾਗ ਵੱਲੋਂ ਜਾਰੀ ਹੋਣ ਵਾਲੇ ਹੁਕਮ ਵਿਭਾਗ ਦੀ ਆਫਿਸੀਅਲ ਈਮੇਲ ਰਾਹੀਂ ਪ੍ਰਾਪਤ ਹੋਣ ਉਤੇ ਹੀ ਇਨ੍ਹਾਂ ਹੁਕਮਾਂ ਦੀ ਪਾਲਣਾ ਹਿੱਤ ਕਾਰਵਾਈ ਆਰੰਭੀ ਜਾਵੇ।
ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਕਲਰਕਾਂ, ਡਾਟਾ ਐਂਟਰੀ ਅਪਰੇਟਰਾਂ ਅਤੇ ਸੇਵਾਦਾਰਾਂ ਦੀਆਂ ਬਦਲੀਆਂ ਸਬੰਧੀ ਇਕ ਜਾਅਲੀ ਆਰਡਰ ਜਾਰੀ ਹੋਏ ਹਨ।
ਇਨ੍ਹਾਂ ਜਾਅਲੀ ਆਰਡਰਾਂ ਉਤੇ ਕਈ ਸਕੂਲਾਂ ਵਿੱਚ ਕਰਮਚਾਰੀਆਂ ਨੂੰ ਡਿਊਟੀ ‘ਤੇ ਵੀ ਹਾਜ਼ਰ ਕਰਵਾਇਆ ਗਿਆ ਹੈ। ਇਹ ਪੱਤਰ ਵਿਭਾਗ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਸਿੱਖਿਆ ਵਿਭਾਗ ਨਵਾਂ ਪੱਤਰ ਜਾਰੀ ਕੀਤਾ ਗਿਆ।