ਪੰਜਾਬ ‘ਚ 10ਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ! ਪ੍ਰੀਖਿਆਵਾਂ ਕਾਰਨ ਚੱਲ ਰਿਹਾ ਸੀ ਤਣਾਅ ‘ਚ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਭਾਵੇਂ ਹੀ ਸਿੱਖਿਆ ਮਾਹਿਰਾਂ ਦੇ ਵਲੋਂ ਵਿਦਿਆਰਥੀਆਂ ਨੂੰ ਤਣਾਅ ਮੁਕਤ ਰਹਿ ਕੇ ਪ੍ਰੀਖਿਆਵਾਂ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਇਸੇ ਵਿਚਾਲੇ ਹੀ ਕੁੱਝ ਥਾਵਾਂ ਤੋਂ ਮਾੜੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।
ਪੰਜਾਬ ਦੇ ਅੰਦਰ ਇਸ ਵੇਲੇ ਬੋਰਡ ਪ੍ਰੀਖਿਆਵਾਂ ਚੱਲ ਰਹੀਆਂ ਹਨ। ਖ਼ਬਰਾਂ ਅਬੋਹਰ ਦੇ ਪਿੰਡ ਘੜਿਆਣਾ ਤੋਂ ਸਾਹਮਣੇ ਆਈ ਹੈ, ਜਿੱਥੋਂ ਦੇ 16 ਸਾਲਾ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਕਰਨਵੀਰ ਸਿੰਘ ਵਜੋਂ ਹੋਈ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਵਿਦਿਆਰਥੀ ਕਰਨਵੀਰ ਸਿੰਘ ਦੀ ਬਠਿੰਡਾ ਦੇ ਹਸਪਤਾਲ ਵਿੱਚ ਦੌਰਾਨੇ ਇਲਾਜ਼ ਮੌਤ ਹੋ ਗਈ। ਉਹ ਓਪਨ ਸਕੂਲ ਤੋਂ 10ਵੀਂ ਜਮਾਤ ਦੀ ਪੜ੍ਹਾਈ ਕਰ ਰਿਹਾ ਸੀ। ਪ੍ਰੀਖਿਆ ਦੇ ਤਣਾਅ ਕਾਰਨ ਉਸ ਨੇ 25 ਫਰਵਰੀ ਨੂੰ ਕੀਟਨਾਸ਼ਕ ਦਾ ਸੇਵਨ ਕਰ ਲਿਆ ਸੀ।
ਪਰਿਵਾਰਕ ਮੈਂਬਰਾਂ ਅਨੁਸਾਰ ਉਹ ਹਮੇਸ਼ਾ ਪੜ੍ਹਾਈ ਨੂੰ ਲੈ ਕੇ ਚਿੰਤਤ ਰਹਿੰਦਾ ਸੀ। ਕੀਟਨਾਸ਼ਕ ਪੀਣ ਤੋਂ ਬਾਅਦ ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਉਸ ਨੂੰ ਪਹਿਲਾਂ ਅਬੋਹਰ ਹਸਪਤਾਲ ਲਿਜਾਇਆ ਗਿਆ। ਉਥੋਂ ਡਾਕਟਰਾਂ ਨੇ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ। ਕਰਨਵੀਰ ਦੀ ਅੱਜ ਸਵੇਰੇ ਦੌਰਾਨੇ ਇਲਾਜ਼ ਦੌਰਾਨ ਮੌਤ ਹੋ ਗਈ।
ਲਾਸ਼ ਨੂੰ ਪੋਸਟਮਾਰਟਮ ਲਈ ਅਬੋਹਰ ਲਿਆਂਦਾ ਗਿਆ ਹੈ। ਥਾਣਾ ਇੰਚਾਰਜ ਸੁਨੀਲ ਕੁਮਾਰ ਅਨੁਸਾਰ ਏਐਸਆਈ ਕੁਲਦੀਪ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਲਾਸ਼ ਨੂੰ ਅਬੋਹਰ ਤੋਂ ਬਠਿੰਡਾ ਲਿਆਂਦਾ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ‘ਤੇ ਬੀ.ਐਨ.ਐਸ ਦੀ ਧਾਰਾ 194 ਤਹਿਤ ਕਾਰਵਾਈ ਕੀਤੀ ਹੈ।