ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ ਜੇਲ੍ਹ ਸੁਪਰਡੰਟ ਸਸਪੈਂਡ
ਚੰਡੀਗੜ੍ਹ
ਪੰਜਾਬ ਸਰਕਾਰ ਦੇ ਵੱਲੋਂ ਸਖ਼ਤ ਐਕਸ਼ਨ ਲੈਂਦਿਆਂ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਸੁਪਰਡੰਟ ਬਲਜੀਤ ਸਿੰਘ ਘੁੰਮਣ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸਰਕਾਰ ਦੁਆਰਾ ਜਾਰੀ ਕੀਤੇ ਗਏ ਸਸਪੈਂਡ ਦੇ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਕੁੱਝ ਦਿਨ ਪਹਿਲਾਂ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਖੇ ਬੰਦੀਆਂ ਦੀ ਆਪਸੀ ਲੜਾਈ ਹੋਈ ਸੀ, ਇਸ ਘਟਨਾ ਦੇ ਸਬੰਧ ਵਿੱਚ ਵਿਭਾਗ ਵੱਲੋਂ ਵਿਭਾਗ ਦੇ ਖੁਫੀਆ ਵਿੰਗ ਤੋਂ ਪੜਤਾਲ ਕਰਵਾਈ ਗਈ ਹੈ। ਜਿਸ ਵਿੱਚ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਖੇ ਕਈ ਗੈਰ ਕਾਨੂੰਨੀ ਗਤੀਵਿਧੀਆਂ ਸਾਹਮਣੇ ਆਈਆਂ ਹਨ।
ਇਸ ਲਈ ਇਸ ਕੇਸ ਵਿੱਚ ਵੱਖਰੇ ਤੌਰ ਤੇ ਮੁਕੱਦਮਾ ਦਰਜ ਕਰਨ ਅਤੇ ਇਨਵੈਸਟੀਗੇਸਨ ਕਰਨ ਲਈ ਪੁਲਿਸ ਵਿਭਾਗ ਨੂੰ ਲਿਖਿਆ ਗਿਆ ਹੈ ਅਤੇ ਵਿਭਾਗੀ ਕਾਰਵਾਈ ਕਰਨ ਸਬੰਧੀ ਵੱਖਰੇ ਤੌਰ ਤੇ ਪ੍ਰਬੰਧਕੀ ਵਿਭਾਗ ਨੂੰ ਲਿਖਿਆ ਜਾ ਰਿਹਾ ਹੈ।
ਆਪਣੇ ਪੱਤਰ ਵਿੱਚ ਸਰਕਾਰ ਨੇ ਇਹ ਵੀ ਲਿਖਿਆ ਹੈ ਕਿ ਇਹ ਅਧਿਕਾਰੀ ਇਸ ਕੇਸ ਨਾਲ ਸਬੰਧਤ ਸਬੂਤ/ਰਿਕਾਰਡ ਨਾਲ ਛੇੜ ਛਾੜ ਨਾ ਕਰ ਸਕੇ, ਇਸ ਲਈ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਤੋਂ ਡਿਊਟੀ ਤੋਂ ਮੁਅੱਤਲ ਕੀਤਾ ਜਾਂਦਾ ਹੈ। ਮੁਅੱਤਲੀ ਦੌਰਾਨ ਇਸ ਅਧਿਕਾਰੀ ਦਾ ਲੀਅਨ ਮੁੱਖ ਦਫਤਰ, ਚੰਡੀਗੜ੍ਹ ਵਿਖੇ ਤਬਦੀਲ ਕੀਤਾ ਜਾਂਦਾ ਹੈ।