ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਵੱਡਾ ਐਕਸ਼ਨ! ਜ਼ਿਲ੍ਹਾ ਪ੍ਰਧਾਨ, ਸਕੱਤਰ ਅਤੇ ਖਜ਼ਾਨਚੀ ਜਥੇਬੰਦੀ ਤੋਂ ਸਸਪੈਂਡ
ਨਵੀਂ ਕਾਰਜਕਾਰੀ ਕਮੇਟੀ ਦੀ ਕੀਤੀ ਚੋਣ
ਪੰਜਾਬ ਨੈਟਵਰਕ, ਫਿਰੋਜ਼ਪੁਰ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜਿਲ੍ਹਾ ਕਮੇਟੀ ਦੀ ਵਧਵੀਂ ਮੀਟਿੰਗ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਦੀ ਅਗਵਾਈ ਹੇਠ ਹੋਈ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਹੋਈ। ਜਿਸ ਵਿੱਚ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਤੋਂ ਇਲਾਵਾ ਜ਼ਿਲਾ ਅਤੇ ਵੱਖ-ਵੱਖ ਬਲਾਕਾਂ ਦੇ ਆਗੂ ਹਾਜ਼ਰ ਹੋਏ।
ਇਸ ਮੌਕੇ ਸਰਵਸੰਮਤੀ ਨਾਲ ਜਥੇਬੰਦੀ ਅੰਦਰ ਗੁੱਟਬੰਦਕ ਕਾਰਵਾਈਆਂ ਕਰਨ ਵਾਲੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ (ਫੌਜੀ) ਪੋਜੋਕੇ, ਜ਼ਿਲ੍ਹਾ ਸਕੱਤਰ ਸੁਰਜੀਤ ਬਜੀਦਪੁਰ ਤੇ ਜ਼ਿਲ੍ਹਾ ਖਜਾਨਚੀ ਜਤਿੰਦਰ ਰੌਫੀ ਨੂੰ ਜਥੇਬੰਦੀ ਦੀ ਜ਼ਿਲ੍ਹਾ ਕਮੇਟੀ ਵਿੱਚੋਂ ਮੁਅੱਤਲ ਕੀਤਾ ਗਿਆ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਆਗੂਆਂ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਰੇਸ਼ਮ ਸਿੰਘ ਮਿੱਡਾ ਦੀ ਅਗਵਾਈ ਹੇਠ ਕੁਝ ਵਿਅਕਤੀਆਂ ਵੱਲੋਂ ਲਗਾਤਾਰ ਜਥੇਬੰਦੀ ਵਿੱਚ ਫੁੱਟ-ਪਾਊ ਅਤੇ ਗੁੱਟਬੰਦਕ ਕਾਰਵਾਈਆਂ ਕੀਤੀਆਂ ਜਾ ਰਹੀਆਂ ਸਨ ਬੀਤੇਂ ਪਰਸੋਂ ਫਰੀਦਕੋਟ ਵਿਖੇ ਜਨਤਕ ਤੌਰ ਤੇ ਰੇਸ਼ਮ ਸਿੰਘ ਮਿੱਡਾ ਨੇ ਜਥੇਬੰਦੀ ਵਿੱਚ ਬਾਗੀ ਗਰੁੱਪ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਜਥੇਬੰਦੀ ਵੱਲੋਂ ਰੇਸ਼ਮ ਸਿੰਘ ਮਿੱਡਾ ਨੂੰ ਸੂਬਾ ਕਮੇਟੀ ਦੇ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਗਿਆ।
ਉਹਨਾਂ ਕਿਹਾ ਕਿ ਲਗਾਤਾਰ ਝੂਠ ਫੈਲਾਇਆ ਜਾ ਰਿਹਾ ਸੀ ਕਿ ਫਿਰੋਜਪੁਰ ਜ਼ਿਲ੍ਹਾ ਬਾਗੀ ਗਰੁੱਪ ਨਾਲ ਹੈ ਪਰ ਅੱਜ ਦੀ ਮੀਟਿੰਗ ਵਿੱਚ ਭਾਰੀ ਗਿਣਤੀ ਕਿਸਾਨਾਂ ਵੱਲੋਂ ਇਸ ਝੂਠ ਦਾ ਪਰਦਾਫਾਸ਼ ਕਰਦਿਆਂ ਏਕਤਾ ਦਾ ਸਬੂਤ ਦਿੰਦਿਆਂ ਹੋਇਆ ਜਥੇਬੰਦੀ ਨੂੰ ਮਜਬੂਤ ਕਰਨ ਲਈ ਏਕਤਾ ਮਤਾ ਪਾਇਆ ਅਤੇ ਗੁੱਟਬੰਦੀ ਕਾਰਵਾਈਆਂ ਕਰਨ ਵਾਲੇ ਆਗੂਆਂ ਨੂੰ ਮੁਅੱਤਲ ਕਰ ਦਿੱਤਾ ਹੈ।
ਉਹਨਾਂ ਕਿਹਾ ਕਿ ਜਥੇਬੰਦੀ ਦੀ ਦੁਆਰਾ ਜ਼ਿਲ੍ਹਾ ਕਮੇਟੀ ਚੁਣਨ ਤੋਂ ਪਹਿਲਾਂ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ ਹੈ। ਜਿਸ ਵਿੱਚ ਗੁਰਸੇਵਕ ਸਿੰਘ ਖਵਾਜਾ ਖੜਕ ਨੂੰ ਪ੍ਰਧਾਨ, ਚਰਨ ਸਿੰਘ ਮਲਸੀਆਂ ਕਲਾਂ ਨੂੰ ਸਕੱਤਰ, ਦਿਲਬਾਗ ਸਿੰਘ ਸੁਰ ਸਿੰਘ ਵਾਲਾ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਰਣਜੀਤ ਸਿੰਘ ਝੋਕ ਨੂੰ ਜ਼ਿਲ੍ਹਾ ਖਜਾਨਚੀ ਅਤੇ ਪ੍ਰਤਾਪ ਸਿੰਘ ਲਖਮੀਰਪੁਰਾ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ।
ਇਸ ਮੌਕੇ 10 ਬਲਾਕਾਂ ਵਿੱਚੋਂ ਸ਼ਾਮਿਲ ਹੋਏ ਆਗੂਆਂ ਨੇ ਦੋਵੇਂ ਬਾਹਾਂ ਖੜੀਆਂ ਕਰਕੇ ਸਰਬ ਸੰਮਤੀ ਨਾਲ ਪ੍ਰਵਾਨਗੀ ਦਿੱਤੀ। ਆਗੂਆਂ ਵੱਲੋਂ 10 ਮਾਰਚ ਨੂੰ ਵਿਧਾਇਕਾਂ ਦੇ ਘਰਾਂ ਦੇ ਘਰਾਓ ਵਿੱਚ ਕਿਸਾਨਾਂ ਨੂੰ ਵੱਡੀ ਗਿਣਤੀ ਸ਼ਾਮਿਲ ਹੋਣ ਦੀ ਅਪੀਲ ਕੀਤੀ।