Punjab Breaking: ਪੰਜਾਬ ਦੇ 22 IAS ਅਫ਼ਸਰਾਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਮਿਲੀਆਂ ਨਵੀਂਆਂ ਜਿੰਮੇਵਾਰੀਆਂ
ਪੰਜਾਬ ਨੈੱਟਵਰਕ, ਚੰਡੀਗੜ੍ਹ
ਸਥਾਪਤ ਨਿਯਮਾਂ ਅਤੇ ਕਾਨੂੰਨ ਦੇ ਵੱਖ-ਵੱਖ ਉਪਬੰਧਾਂ ਅਨੁਸਾਰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਕਰਨ ਅਤੇ ਸਮੁੱਚੀ ਚੋਣ ਪ੍ਰਕਿਰਿਆ ਨੂੰ ਸਖ਼ਤ ਨਿਗਰਾਨੀ ਹੇਠ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਰਾਜ ਚੋਣ ਕਮਿਸ਼ਨ, ਪੰਜਾਬ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 22 ਆਈ.ਏ.ਐਸ ਅਧਿਕਾਰੀਆਂ ਨੂੰ ਚੋਣ ਆਬਜ਼ਰਵਰ ਨਿਯੁਕਤ ਕੀਤਾ ਹੈ। ਇਨ੍ਹਾਂ ਵਿੱਚੋਂ ਪੰਜ ਅਧਿਕਾਰੀ 5 ਨਗਰ ਨਿਗਮਾਂ (ਹਰੇਕ ਨਗਰ ਨਿਗਮ ਲਈ ਇੱਕ ਅਧਿਕਾਰੀ) ਦੀਆਂ ਚੋਣਾਂ ਦੀ ਨਿਗਰਾਨੀ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਚੋਣ ਕਮਿਸ਼ਨ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਬਾਕੀ ਆਬਜ਼ਰਵਰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਦੀ ਨਿਗਰਾਨੀ ਕਰਨਗੇ।
ਦੱਸਣਯੋਗ ਹੈ ਕਿ ਇਨ੍ਹਾਂ ਆਬਜ਼ਰਵਰਾਂ ਨੂੰ ਚੋਣਾਂ ਨਾਲ ਸਬੰਧਤ ਸਾਰੇ ਪ੍ਰਬੰਧਾਂ ਅਤੇ ਲੋੜੀਂਦੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ 12 ਦਸੰਬਰ 2024 ਨੂੰ ਸਵੇਰੇ 11 ਵਜੇ (ਭਾਵ ਨਾਮਜ਼ਦਗੀਆਂ ਦੇ ਆਖਰੀ ਦਿਨ) ਤੱਕ ਆਪਣੇ ਅਲਾਟ ਕੀਤੇ ਜ਼ਿਲ੍ਹਿਆਂ ਵਿੱਚ ਪਹੁੰਚਣ ਲਈ ਕਿਹਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਆਬਜ਼ਰਵਰ ਚੋਣਾਂ, ਚੋਣਾਂ ਸਬੰਧੀ ਸ਼ਿਕਾਇਤਾਂ, ਵੱਖ-ਵੱਖ ਚੋਣ ਸਮੱਗਰੀ, ਈ.ਵੀ.ਐਮ. ਦੇ ਸੰਚਾਲਨ , ਪੋਲਿੰਗ ਸਟਾਫ਼ ਦੀ ਸਿਖਲਾਈ, ਆਦਰਸ਼ ਚੋਣ ਜ਼ਾਬਤੇ ਦੇ ਲਾਗੂਕਰਨ, ਵੀਡੀਓਗ੍ਰਾਫੀ/ਸੀ.ਸੀ.ਟੀ.ਵੀ. ਦੇ ਪ੍ਰਬੰਧ ਆਦਿ ਦੇ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਅਮਨ-ਕਾਨੂੰਨ ਦੇ ਪ੍ਰਬੰਧਾਂ ਦੀ ਸਮੀਖਿਆ ਕਰਨਗੇ।
ਜ਼ਿਕਰਯੋਗ ਹੈ ਕਿ ਇਹ ਸੂਚਨਾ ਆਮ ਜਨਤਾ ਅਤੇ ਉਮੀਦਵਾਰਾਂ ਦੀ ਜਾਣਕਾਰੀ ਲਈ ਜਾਰੀ ਕੀਤੀ ਗਈ ਹੈ।