Haryana: ਸਰਕਾਰੀ ਮੁਲਾਜ਼ਮਾਂ ਦੀ ਸੇਵਾਮੁਕਤੀ ਦੀ ਉਮਰ ‘ਚ ਵਾਧੇ ਵਾਲਾ ‘ਪੱਤਰ’ ਨਿਕਲ਼ਿਆ ਜਾਅਲੀ! Fake ਖ਼ਬਰਾਂ ‘ਤੇ ਨਾ ਕਰੋ ਵਿਸ਼ਵਾਸ਼, ਪੜ੍ਹੋ ਅਸਲੀਅਤ
ਪੰਜਾਬ ਨੈੱਟਵਰਕ, ਚੰਡੀਗੜ੍ਹ:
ਹਰਿਆਣਾ ਵਿੱਚ ਕਰਮਚਾਰੀਆਂ ਦੀ ਸੇਵਾਮੁਕਤੀ ਦੀ ਉਮਰ ਵਧਾਉਣ ਸਬੰਧੀ ਇੱਕ ਪੱਤਰ ਅੱਜ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਅਤੇ ਪੱਤਰ ਦੀ ਸਚਾਈ ਜਾਣੇ ਬਿਨਾਂ ਹੀ ਕੁੱਝ ਮੀਡੀਆ ਅਦਾਰਿਆਂ ਨੇ ਇਹ ਲਿਖ ਕੇ ਖ਼ਬਰ ਚਲਾ ਦਿੱਤੀ ਕਿ, ਹਰਿਆਣਾ ਦੇ ਸਰਕਾਰੀ ਕਰਮਚਾਰੀਆਂ ਦੀ ਰਿਟਾਇਰਮੈਂਟ ਉਮਰ 58 ਤੋਂ 60 ਸਾਲ ਅਤੇ ਗਰੁੱਪ ਡੀ ਕਰਮਚਾਰੀਆਂ ਲਈ 62 ਸਾਲ ਕਰ ਦਿਤੀ ਗਈ ਹੈ।
ਉਕਤ ਪੱਤਰ ਬਾਰੇ ਜਦੋਂ ਪੰਜਾਬ ਨੈੱਟਵਰਕ ਟੀਮ ਵੱਲੋਂ ਹਰਿਆਣਾ ਸਕੱਤਰੇਤ ਦੇ ਇੱਕ ਸੀਨੀਅਰ ਅਧਿਕਾਰੀ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ, ਉਨ੍ਹਾਂ ਨੇ ਵਾਇਰਲ ਪੱਤਰ ਦੀ ਸਚਾਈ ਦੱਸੀ ਅਤੇ ਕਿਹਾ ਕਿ, ਸਰਕਾਰੀ ਮੁਲਾਜ਼ਮਾਂ ਦੀ ਸੇਵਾਮੁਕਤੀ ਦੀ ਉਮਰ ਵਧਾਉਣ ਵਾਲਾ ਜਿਹੜਾ ਪੱਤਰ ਇਸ ਸਮੇਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਉਹ ਫਰਜ਼ੀ ਹੈ।
ਜਾਣਕਾਰੀ ਮੁਤਾਬਕ ਇਹ ਪੱਤਰ ਮੁੱਖ ਸਕੱਤਰ ਦੇ ਨਾਂ ‘ਤੇ ਜਾਰੀ ਕੀਤਾ ਗਿਆ ਸੀ, ਪਰ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਨੂੰ ਇਕ ਪੁਰਾਣੇ ਸਰਕਾਰੀ ਹੁਕਮ ਨੂੰ ਸੋਧ ਕੇ ਵਾਇਰਲ ਕੀਤਾ ਗਿਆ ਸੀ। ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨੇ ਇਸ ਪੱਤਰ ਨੂੰ ਪੂਰੀ ਤਰ੍ਹਾਂ ਫਰਜ਼ੀ ਕਰਾਰ ਦਿੰਦਿਆਂ ਸਪੱਸ਼ਟ ਕੀਤਾ ਕਿ ਸਰਕਾਰ ਨੇ ਸੇਵਾਮੁਕਤੀ ਦੀ ਉਮਰ ਵਧਾਉਣ ਸਬੰਧੀ ਕੋਈ ਨਵਾਂ ਫੈਸਲਾ ਨਹੀਂ ਲਿਆ ਹੈ।
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੱਖ ਸਕੱਤਰ ਦਫ਼ਤਰ ਨੇ ਸਾਈਬਰ ਸੈੱਲ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਸਰਕਾਰੀ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਤਸਦੀਕ ਕੀਤੇ ਕਿਸੇ ਵੀ ਵਾਇਰਲ ਦਸਤਾਵੇਜ਼ ‘ਤੇ ਵਿਸ਼ਵਾਸ ਨਾ ਕਰਨ ਅਤੇ ਸਿਰਫ਼ ਸਰਕਾਰੀ ਘੋਸ਼ਣਾਵਾਂ ‘ਤੇ ਭਰੋਸਾ ਕਰਨ। ਉਨ੍ਹਾਂ ਨੇ ਦਾਅਵਾ ਕਰਦਿਆਂ ਦੱਸਿਆ ਕਿ, ਸਰਕਾਰ ਜਲਦ ਹੀ ਇਸ ਮਾਮਲੇ ‘ਚ ਦੋਸ਼ੀਆਂ ਖਿਲਾਫ ਕਾਰਵਾਈ ਕਰੇਗੀ।


