ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨਾਂ ਵੱਲੋਂ ਸਰਕਾਰ ਦੇ ਜਬਰ ਦੇ ਖਿਲਾਫ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ
ਵੱਖ-ਵੱਖ ਮੋਰਚਿਆਂ ਵਿੱਚ ਸ਼ਾਮਿਲ ਸਾਰੀਆਂ ਜਥੇਬੰਦੀਆਂ ਵੱਲੋਂ ਵਿਸ਼ਾਲ ਏਕੇ ਨਾਲ ਅੱਗੇ ਵੱਧਣ ਦਾ ਦਿੱਤਾ ਸੱਦਾ
ਪੰਜਾਬ ਨੈੱਟਵਰਕ, ਫਿਰੋਜ਼ਪੁਰ
ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਕੇਂਦਰ ਸਰਕਾਰ ਦੇ ਇਸ਼ਾਰੇ ਉੱਪਰ ਕਿਸਾਨਾਂ ‘ਤੇ ਕੀਤੇ ਜਬਰ ਦੇ ਵਿਰੁੱਧ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਜਿਲੇ ਦੇ ਕਿਸਾਨਾਂ ਵੱਲੋਂ ਡੀਸੀ ਦਫਤਰ ਫਿਰੋਜ਼ਪੁਰ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਇਕੱਤਰ ਹੋਏ ਕਿਸਾਨਾਂ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਹਰੇਬਾਜ਼ੀ ਕੀਤੀ ਗਈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕਿਸਾਨ ਆਗੂ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਚੰਡੀਗੜ੍ਹ ਦੇ ਸੱਦੇ ਨੂੰ ਫੇਲ ਕਰਨ ਅਤੇ ਉਸਤੋਂ ਬਾਅਦ ਸ਼ੰਭੂ ਅਤੇ ਖੰਨੌਰੀ ਮੋਰਚੇਆਂ ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਧੋਖੇ ਨਾਲ ਗ੍ਰਿਫਤਾਰ ਕਰਕੇ ਕੀਤੇ ਗਏ ਜਬਰ ਦੇ ਵਿਰੋਧ ਵਿੱਚ ਅੱਜ ਐੱਸ ਕੇ ਐੱਮ ਵੱਲੋ ਸੱਦਾ ਦਿੱਤਾ ਗਿਆ ਸੀ। ਜਿਸ ਵਿਚ ਦੂਜੇ ਮੋਰਚਿਆਂ ਦੀਆਂ ਜਥੇਬੰਦੀਆਂ ਵੀਂ ਸ਼ਾਮਲ ਹੋਈਆਂ।
ਉਹਨਾਂ ਕਿਹਾ ਕਿ ਸਰਕਾਰ ਨੇ ਚਾਰਾਂ ਵਿੱਚੋਂ ਇੱਕ ਮੰਗ ਮੰਨਦਿਆਂ ਹੋਇਆਂ ਸਾਰੇ ਕਿਸਾਨ ਆਗੂਆਂ ਨੂੰ ਰਿਹਾਅ ਕਰ ਦਿੱਤਾ। ਬਾਕੀ ਤਿੰਨ ਮੰਗਾਂ ਜਿਨਾਂ ਵਿੱਚ ਸਰਕਾਰੀ ਜਬਰ ਬੰਦ ਕਰਕੇ ਲੋਕਾਂ ਦਾ ਸੰਘਰਸ਼ ਕਰਨ ਦਾ ਜਮਹੂਰੀ ਹੱਕ ਬਹਾਲ ਕਰਨ , ਉਹਨਾਂ ਦੇ ਟਰੈਕਟਰ ਟਰਾਲੀਆਂ ਤੇ ਹੋਰ ਸਾਜੋ ਸਮਾਨ ਵਾਪਸ ਕਰਨ ਅਤੇ ਕਿਸਾਨਾਂ ਦੇ ਚੋਰੀ ਹੋਏ ਸਮਾਨ ਦੀ ਭਰਪਾਈ ਸਰਕਾਰ ਕਰੇ, ਇਹ ਮੰਗਾਂ ਤੇ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ, ਜੋ ਅੱਗੇ ਵੀ ਜਾਰੀ ਰਹੇਗਾ।
ਇਸ ਮੌਕੇ ਉੱਘੇ ਸਮਾਜਕ ਕਾਰਕੁਨ ਹਿਮਾਂਸ਼ੂ ਕੁਮਾਰ ਤੋਂ ਇਲਾਵਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਅਰਾਈਆਂਵਾਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ, ਬੀਕੇਯੂ ਕਾਦੀਆਂ ਦੇ ਜ਼ਿਲਾ ਪ੍ਰਧਾਨ ਹਰਿੰਦਰ ਸਿੰਘ ਖਹਿਰਾ, ਬੀਕੇਯੂ ਡਾਕੌਦਾ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਬੀਕੇਯੂ ਰਾਜੇਵਾਲ ਦੇ ਸੂਬਾ ਸਕੱਤਰ ਪ੍ਰਗਟ ਸਿੰਘ ਮਖੂ, ਕਿਸਾਨ ਬਚਾਓ ਮੋਰਚਾ ਦੇ ਪ੍ਰਧਾਨ ਕਿਰਪਾ ਸਿੰਘ ਨੱਥੂਵਾਲਾ, ਬੀਕੇਯੂ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਹਰਦਿਆਲ ਸਿੰਘ, ਬੀਕੇਯੂ ਪੰਜਾਬ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ, ਬੀਕੇਯੂ ਬਹਿਰਾਮ ਕੇ ਦੇ ਚਮਕੌਰ ਸਿੰਘ ਉਸਮਾਨ ਵਾਲਾ, ਕੌਮੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੁਖਮੰਦਰ ਸਿੰਘ ਬੂਈਆਂ ਵਾਲਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਧਰਮ ਸਿੰਘ ਸਿੱਧੂ, ਬੀਕੇਯੂ ਕ੍ਰਾਂਤੀਕਾਰੀ ਦੇ ਜ਼ਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਫਰੀਦੇਵਾਲਾ, ਬੀਕੇਯੂ ਉਗਰਾਹਾਂ ਦੇ ਪ੍ਰਧਾਨ ਮਹਿੰਦਰ ਸਿੰਘ, ਬੀਕੇਯੂ ਡਕੌਂਦਾ ਬੁਰਜਗਿਲ ਦੇ ਜਿਲਾ ਪ੍ਰਧਾਨ ਭਾਗ ਸਿੰਘ ਮਰਖਾਈ, ਬੀਕੇਯੂ ਤੋਤੇਵਾਲ ਦੇ ਪ੍ਰਧਾਨ ਧਰਮ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜੈਲ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਵੱਖ ਵੱਖ ਮੋਰਚੇਆ ਵਿੱਚ ਸ਼ਾਮਲ ਸਾਰੀਆਂ ਜਥੇਬੰਦੀਆਂ ਵੱਲੋ ਵਿਸ਼ਾਲ ਏਕੇ ਨਾਲ ਅੱਗੇ ਵੱਧਣ ਦਾ ਸੱਦਾ ਦਿੱਤਾ ਗਿਆ।