ਵੱਡੀ ਖ਼ਬਰ: ਪੰਜਾਬ ਯੂਨੀਵਰਸਿਟੀ ‘ਚ ਝੜਪ ਦੌਰਾਨ ਇੱਕ ਵਿਦਿਆਰਥੀ ਦੀ ਮੌਤ
ਪੰਜਾਬ ਨੈੱਟਵਰਕ, ਚੰਡੀਗੜ੍ਹ:
ਪੰਜਾਬ ਯੂਨੀਵਰਸਿਟੀ ‘ਚ ਇੱਕ ਸੰਗੀਤ ਸ਼ੋਅ ਦੌਰਾਨ ਦੋ ਵਿਦਿਆਰਥੀ ਗਰੁੱਪਾਂ ਵਿਚਾਲੇ ਖੂਨੀ ਝੜਪ ਹੋ ਗਈ, ਜਿਸ ਕਾਰਨ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ, ਜਦੋਂਕਿ ਕਈ ਹੋਰ ਵਿਦਿਆਰਥੀ ਇਸ ਘਟਨਾ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ, ਇਹ ਘਟਨਾ ਮਸ਼ਹੂਰ ਗਾਇਕ ਮਾਸੂਮ ਸ਼ਰਮਾ ਦੇ ਸ਼ੋਅ ਦੌਰਾਨ ਵਾਪਰੀ, ਜਦੋਂ ਵਿਦਿਆਰਥੀਆਂ ਦੇ ਦੋ ਗਰੁੱਪ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜ ਪਏ।
ਮਾਮਲਾ ਇਸ ਹੱਦ ਤੱਕ ਵੱਧ ਗਿਆ ਕਿ ਇੱਕ ਗਰੁੱਪ ਦੇ ਮੈਂਬਰ ਨੇ ਦੂਸਰੇ ਗਰੁੱਪ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਵਿਦਿਆਰਥੀ ਆਦੇਸ਼ ਠਾਕੁਰ, ਜੋ ਕਿ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ, ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਤੁਰੰਤ PGI ਚੰਡੀਗੜ੍ਹ ਦਾਖਲ ਕਰਵਾਇਆ ਗਿਆ, ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਦੂਜੇ ਪਾਸੇ ਇਸ ਝੜਪ ਵਿਚ ਹੋਰ ਕਈ ਵਿਦਿਆਰਥੀ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਸੂਚਨਾ ਇਕੱਤਰ ਕੀਤੀ ਜਾ ਰਹੀ ਹੈ।