All Latest News

ਆਦਰਸ਼ ਸਕੂਲ ਚਾਉਕੇ ਵਿਖੇ ਸੰਘਰਸ਼ ਕਰ ਰਹੇ ਅਧਿਆਪਕਾਂ ਅਤੇ ਕਿਸਾਨਾਂ ਉੱਪਰ ਲਾਠੀਚਾਰਜ ਕਰਨ ਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ

ਆਦਰਸ਼ ਸਕੂਲ ਚਾਉਕੇ ਵਿਖੇ ਸੰਘਰਸ਼ ਕਰ ਰਹੇ ਅਧਿਆਪਕਾਂ ਅਤੇ ਕਿਸਾਨਾਂ ਉੱਪਰ ਲਾਠੀਚਾਰਜ ਕਰਨ ਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ

ਔਰਤ ਕਿਸਾਨ ਆਗੂ ਹਰਿੰਦਰ ਬਿੰਦੂ ਸਮੇਤ ਧਰਨਾਕਾਰੀ ਮਰਦ ਅਤੇ ਔਰਤਾਂ ਨਾਲ ਕੁੱਟਮਾਰ ਕਰਕੇ ਭਗਵੰਤ ਮਾਨ ਦੀ ਸਰਕਾਰ ਨੇ ਲੋਕਾਂ ਨੂੰ ਵੰਗਾਰਿਆ – ਦਰਸ਼ਨਪਾਲ/ ਅਵਤਾਰ ਮਹਿਮਾਂ

ਪੰਜਾਬ ਨੈੱਟਵਰਕ, ਚੰਡੀਗੜ੍ਹ

ਬਠਿੰਡਾ ਜ਼ਿਲ੍ਹੇ ਦੇ ਪਿੰਡ ਚਾਉਕੇ ਵਿਖੇ ਆਦਰਸ਼ ਸਕੂਲ ਦੇ ਅਧਿਆਪਕਾਂ ਵੱਲੋਂ ਸਕੂਲ ਮੈਨੇਜਮੈਂਟ ਦੀਆਂ ਮਨਮਾਨੀਆ ਖਿਲਾਫ਼ ਸੰਘਰਸ਼ ਕੀਤਾ ਜਾ ਰਿਹਾ ਹੈ | ਧਰਨਾਕਾਰੀ ਅਧਿਆਪਕਾਂ ਵਿੱਚ ਜਿਆਦਾਤਰ ਔਰਤਾਂ ਹਨ, ਜਿਨਾਂ ਦੀ ਸੰਘਰਸ਼ ਵਿੱਚ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਵੱਖ-ਵੱਖ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੱਲੋਂ ਮਦੱਦ ਕੀਤੀ ਜਾ ਰਹੀ ਹੈ। ਬੀਤੇ ਦਿਨ ਪੁਲਿਸ ਵੱਲੋਂ ਸਕੂਲ ਸਾਹਮਣੇ ਚੱਲ ਰਹੇ ਧਰਨੇ ਵਿਚੋਂ ਜਬਰੀ ਗ੍ਰਿਫਤਾਰ ਕਰਕੇ ਥਾਣੇ ਬੰਦ ਕੀਤੇ ਗਏ ਧਰਨਾਕਾਰੀਆਂ ਨੂੰ ਛੱਡਵਾਉਣ ਲਈ ਵੱਖ-ਵੱਖ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਥਾਣੇ ਦੇ ਬਾਹਰ ਧਰਨਾ ਦਿੱਤਾ ਗਿਆ ਸੀ | ਜਿਸ ਉਪਰ ਕਰੂਰਤਾ ਨਾਲ ਲਾਠੀਚਾਰਜ ਕਰਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਬਠਿੰਡਾ ਪੁਲਿਸ ਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ |
ਜਥੇਬੰਦੀ ਦੇ ਪ੍ਰਧਾਨ ਡਾ. ਦਰਸ਼ਨਪਾਲ ਅਤੇ ਸੂਬਾਈ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾਂ ਨੇ ਕਿਹਾ ਕਿ ਸੂਬੇ ਦੇ ਲੋਕਾਂ ਦਾ ਸੰਵਿਧਾਨਿਕ ਹੱਕ ਖੋਹਣ ਲਈ ਭਗਵੰਤ ਮਾਨ ਸਰਕਾਰ ਨੇ ਸੂਬੇ ਨੂੰ ਪੁਲਿਸ ਰਾਜ ਵਿੱਚ ਤਬਦੀਲ ਕਰ ਦਿੱਤਾ ਹੈ। ਉਹਨੇ ਕਿਹਾ ਕਿ ਅਧਿਆਪਕ ਸਮਾਜ ਦੇ ਸਿਰਜਕ ਹੁੰਦੇ ਹਨ, ਉਹਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਬਜਾਏ ਸਰਕਾਰ ਡੰਡੇ ਦੇ ਜ਼ੋਰ ਦਬਾਉਣਾ ਚਾਹੁੰਦੀ ਹੈ | ਇੱਕ ਪਾਸੇ ਪੰਜਾਬ ਦੀ ਸਰਕਾਰ ਸਿੱਖਿਆ ਕ੍ਰਾਂਤੀ ਦੇ ਨਾਂ ਉੱਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਉਦਘਾਟਨੀ ਸਮਾਰੋਹਾਂ ਦੀ ਲੜੀ ਚਲਾ ਰਹੀ ਹੈ ਅਤੇ ਦੂਜੇ ਪਾਸੇ ਅਧਿਆਪਕ, ਜਿਨਾਂ ਵਿੱਚ ਵਧੇਰੇ ਗਿਣਤੀ ਵਿੱਚ ਔਰਤਾਂ ਸ਼ਾਮਿਲ ਹਨ ਉਹਨਾਂ ਉੱਪਰ ਜਬਰ ਕਰ ਰਹੀ ਹੈ | ਏਨਾ ਹੀ ਨਹੀਂ ਆਪਣੇ ਗ੍ਰਿਫਤਾਰ ਬੇਕਸੂਰ ਸਾਥੀਆਂ ਨੂੰ ਛਡਾਉਣ ਲਈ ਥਾਣੇ ਅੱਗੇ ਧਰਨਾ ਲਾਉਣਾ ਵੀ ਹੁਣ ਪੰਜਾਬ ਸਰਕਾਰ ਨੂੰ ਗਵਾਰਾ ਨਹੀਂ | ਉਹਨਾਂ ਕਿਹਾ ਕਿ ਜਿਸ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਸੂਬਾਈ ਔਰਤ ਆਗੂ ਹਰਿੰਦਰ ਕੌਰ ਬਿੰਦੂ ਸਮੇਤ ਧਰਨਾਕਾਰੀ ਮਰਦ ਅਤੇ ਔਰਤਾਂ ਨੂੰ ਸ਼ਰੇਆਮ ਕੁੱਟਿਆ ਅਤੇ ਜਲੀਲ ਕੀਤਾ ਗਿਆ ਹੈ | ਇਹ ਭਗਵੰਤ ਮਾਨ ਦੀ ਸਰਕਾਰ ਵੱਲੋਂ ਲੋਕਾਂ ਨੂੰ ਵੰਗਾਰਦਿਆਂ ਹੋਇਆਂ ਜਬਰੀ ਉਹਨਾਂ ਦੇ ਸੰਘਰਸ਼ ਨੂੰ ਖਤਮ ਕਰਨ ਦੀ ਚੇਤਾਵਨੀ ਹੈ |
ਆਗੂਆਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਹੀ ਸਰਕਾਰੀ ਸਕੂਲਾਂ ਦੀ ਜਗ੍ਹਾ ਆਦਰਸ਼ ਸਕੂਲ ਬਣਾਏ ਗਏ ਸਨ, ਜਿਨਾਂ ਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਨਾਮ ਹੇਠ ਵੱਖ ਵੱਖ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਕੇ ਸਿਖਿਆ ਦੇ ਨਿੱਜੀਕਰਨ ਦਾ ਰਾਹ ਖੋਲ ਦਿੱਤਾ ਗਿਆ ਸੀ | ਜਿਸਨੂੰ ਮੌਜੂਦਾ ਸਰਕਾਰ ਤੇਜੀ ਨਾਲ ਅੱਗੇ ਵਧਾ ਰਹੀ ਹੈ | ਉਹਨਾਂ ਕਿਹਾ ਕਿ ਸਰਕਾਰ ਦੇ ਇਸ ਜਬਰ ਨੂੰ ਰੋਕਣ ਅਤੇ ਸਿੱਖਿਆ ਖੇਤਰ ਨੂੰ ਬਚਾਉਣ ਲਈ ਪੰਜਾਬ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਇੱਕਜੁੱਟ ਹੋ ਕੇ ਲੜਾਈ ਲੜਨੀ ਚਾਹੀਦੀ ਹੈ |

Leave a Reply

Your email address will not be published. Required fields are marked *