All Latest NewsNews FlashPunjab News

ਪੰਜਾਬ ਵਿਜੀਲੈਂਸ ਦਾ ਵੱਡਾ ਐਕਸ਼ਨ! ਥਾਣੇਦਾਰ 3000 ਰੁਪਏ ਰਿਸ਼ਵਤ ਲੈਂਦਾ ਗ੍ਰਿਫਤਾਰ

 

ਵਿਜੀਲੈਂਸ ਬਿਊਰੋ ਨੇ 3000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਏ.ਐਸ.ਆਈ. ਕੀਤਾ ਗ੍ਰਿਫ਼ਤਾਰ

ਪੰਜਾਬ ਨੈੱਟਵਰਕ, ਚੰਡੀਗੜ੍ਹ

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਥਾਣਾ ਛਾਉਣੀ, ਅੰਮ੍ਰਿਤਸਰ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਜਸਵੰਤ ਸਿੰਘ ਨੂੰ 3,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਉਸ ਨੇ ਦੋਸ਼ ਲਗਾਇਆ ਸੀ ਕਿ ਉਸਦੇ ਲੜਕੇ ਦਾ ਇੱਕ ਆਟੋਰਿਕਸ਼ਾ ਨਾਲ ਹਾਦਸਾ ਹੋ ਗਿਆ ਸੀ ਅਤੇ ਮੁਲਜ਼ਮ ਏ.ਐਸ.ਆਈ. ਨੇ ਕਥਿਤ ਤੌਰ ‘ਤੇ ਇਸ ਕੇਸ ਵਿੱਚ ਫੈਸਲਾ ਕਰਵਾਉਣ ਬਦਲੇ 5,000 ਰੁਪਏ ਰਿਸ਼ਵਤ ਦੀ ਮੰਗ ਕੀਤੀ।

ਇਸ ਉਪਰੰਤ ਸ਼ਿਕਾਇਤਕਰਤਾ ਨੇ ਇਸ ਮਾਮਲੇ ਵਿੱਚ ਅਨੁਕੂਲ ਨਤੀਜੇ ਯਕੀਨੀ ਬਣਾਉਣ ਲਈ ਮੁਲਜ਼ਮ ਏ.ਐਸ.ਆਈ. ਨੂੰ ਰਿਸ਼ਵਤ ਵਜੋਂ 3,000 ਰੁਪਏ ਦਿੱਤੇ।

ਇਸ ਮਾਮਲੇ ਦੀ ਸ਼ਿਕਾਇਤ ਅਤੇ ਸਹਾਇਕ ਸਬੂਤਾਂ ਦੀ ਡੂੰਘਾਈ ਨਾਲ ਤਫਤੀਸ਼ ਉਪਰੰਤ, ਇਹ ਪੁਸ਼ਟੀ ਹੋਈ ਕਿ ਮੁਲਜ਼ਮ ਨੇ ਅਸਲ ਵਿੱਚ ਰਿਸ਼ਵਤ ਲਈ ਸੀ।

ਇਸ ਸਬੰਧੀ ਕਾਰਵਾਈ ਕਰਦਿਆਂ ਏ.ਐਸ.ਆਈ. ਜਸਵੰਤ ਸਿੰਘ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਦੀ ਹੋਰ ਜਾਂਚ ਜਾਰੀ ਹੈ।

 

Leave a Reply

Your email address will not be published. Required fields are marked *