All Latest NewsNews FlashPunjab News

ਪੰਜਾਬ ਸਰਕਾਰ ਬੱਚਿਆਂ ਦੀ ਪੜ੍ਹਾਈ ਤੋਂ ਹੋਈ ਬੇਮੁੱਖ: ਗੌਰਮਿੰਟ ਟੀਚਰਜ਼ ਯੂਨੀਅਨ

 

ਮਾਸਟਰਾਂ ਦੀਆਂ ਵੱਡੀ ਗਿਣਤੀ ਵਿੱਚ ਸੈਮੀਨਾਰਾਂ ਟੂਰਾਂ, ਹੋਰ ਗੈਰ ਕੰਮਾਂ ਵਿੱਚ ਲਗਾਈਆਂ ਡਿਊਟੀਆਂ-ਜਸਵਿੰਦਰ ਸਿੰਘ ਸਮਾਣਾ

ਇੱਕ ਦਿਨ ਪਹਿਲਾਂ ਪਾਈਆਂ ਗ੍ਰਾਂਟਾਂ ਨੂੰ ਅਗਲੇ ਦਿਨ ਖਰਚ ਕਰਨ ਦੇ ਨਾਦਰਸ਼ਾਹੀ ਫੁਰਮਾਨ

ਪੰਜਾਬ ਨੈੱਟਵਰਕ, ਪਟਿਆਲਾ

ਇੱਕ ਪਾਸੇ ਤਾਂ ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਚੰਗੇ ਨੰਬਰ ਲਿਆਉਣ ਲਈ ਅਧਿਆਪਕਾਂ ਨੂੰ ਪੂਰੀ ਮਿਹਨਤ ਨਾਲ ਉਹਨਾਂ ਨੂੰ ਪੜਾਉਣ ਲਈ ਕਿਹਾ ਜਾ ਰਿਹਾ ਹੈ ਪਰ ਦੂਜੇ ਪਾਸੇ ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਪੜਾਉਣ ਦੀ ਬਜਾਏ ਉਹਨਾਂ ਨੂੰ ਸੈਮੀਨਾਰਾਂ ਤੇ ਗੈਰ ਵਿੱਦਿਅਕ ਕੰਮਾਂ ਵਿੱਚ ਰੁਝਾਇਆ ਜਾ ਰਿਹਾ ਹੈ।

ਜਿਸ ਨਾਲ ਅਧਿਆਪਕ ਵਰਗ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਤੇ ਉਹਨਾਂ ਵੱਲੋਂ ਸਾਫ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਬੱਚਿਆਂ ਦੀਆਂ ਫਾਈਨਲ ਪ੍ਰੀਖਿਆਵਾਂ ਵਿੱਚ ਕੁਝ ਸਮਾਂ ਹੀ ਰਹਿ ਗਿਆ ਹੈ ਤੇ ਸਿੱਖਿਆ ਵਿਭਾਗ ਵੱਲੋਂ ਉਹਨਾਂ ਨੂੰ ਸੈਮੀਨਾਰਾਂ ਤੇ ਦੂਜੇ ਗੈਰ ਕੰਮਾਂ ਵਿੱਚ ਰੁਝਾ ਕੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕੀਤਾ ਜਾ ਰਿਹਾ ਹੈ।

ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾ ਦੇ ਫਰਵਰੀ ਮਹੀਨੇ ਵਿੱਚ ਸੈਮੀਨਾਰ ਲਗਾਏ ਜਾ ਰਹੇ ਹਨ। ਉਥੇ ਹੀ ਅੱਠਵੀਂ ਕਲਾਸ ਦੇ ਬੱਚਿਆਂ ਦੇ ਟੂਰ ਲਈ ਵੀ ਅਧਿਆਪਕਾਂ ਦੀ ਡਿਊਟੀ ਲਗਾ ਦਿੱਤੀ ਗਈ ਹਨ।

ਵੱਡੇ ਪੱਧਰ ਤੇ ਅਧਿਆਪਕਾਂ ਨੂੰ ਪੀਐਫਐਮਐਸ ਪੋਰਟਲ ਤੇ ਗਰਾਂਟਾਂ ਖਰਚਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਪਿੰਡਾਂ ਵਿੱਚ ਬੈਠੇ ਅਧਿਆਪਕਾਂ ਲਈ ਗਰਾਂਟ ਖਰਚਣਾ ਵੀ ਬਹੁਤ ਵੱਡੀ ਸਿਰਦਰਦੀ ਬਣ ਚੁੱਕਿਆ ਹੈ। ਬਹੁਤ ਲੰਬਾ ਸਮਾਂ ਤਾਂ ਨੈਟਵਰਕ ਨਾ ਹੋਣ ਕਰਕੇ ਸਾਈਟ ਦਾ ਬਿਜ਼ੀ ਹੋਣ ਕਰਕੇ ਗਰਾਂਟਾਂ ਨਹੀਂ ਖਰਚੀਆਂ ਜਾ ਰਹੀਆਂ ਪਰ ਉੱਚ ਅਧਿਕਾਰੀਆਂ ਵੱਲੋਂ ਲਗਾਤਾਰ ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਗਰਾਂਟ ਅੱਜ ਹੀ ਖਰਚੀ ਜਾਵੇ।

ਇਸ ਨਾਲ ਬੱਚਿਆਂ ਦੀ ਪੜ੍ਹਾਈ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੀ ਹੈ। ਅਧਿਆਪਕ ਸਾਰਾ ਦਿਨ ਕੰਪਿਊਟਰਾਂ ਤੇ ਨਿਗ੍ਹਾ ਲਗਾਈ ਬੈਠੇ ਹਨ। ਇਸ ਤੋਂ ਪਹਿਲਾਂ ਸੈਸ਼ਨ 2024-25 ਦੇ ਅੰਦਰ ਅਧਿਆਪਕ ਕਈ ਪ੍ਰਕਾਰ ਦੀਆਂ ਚੋਣਾਂ ਵਿੱਚ ਆਪਣੀ ਡਿਊਟੀਆਂ ਦੇ ਚੁੱਕੇ ਹਨ। ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਚੁੱਕਿਆ ਹੈ।

ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਮੰਗ ਕੀਤੀ ਕਿ ਸਰਕਾਰ ਸਿੱਖਿਆ ਵਿਭਾਗ ਵਿੱਚ ਵਿਦਿਅਕ ਕੈਲੰਡਰ ਜਾਰੀ ਕਰੇ ਅਤੇ ਗੈਰ ਵਿੱਦਿਆ ਕੰਮਾਂ, ਸੈਮੀਨਾਰਾਂ, ਬੇਲੋੜੀ ਕਾਰਵਾਈਆਂ, ਬੇਲੋੜੇ ਪ੍ਰੋਜੈਕਟਾਂ ਤੇ ਮੇਲਿਆਂ ਨੂੰ ਬੰਦ ਕਰਕੇ ਸਿਰਫ ਤੇ ਸਿਰਫ ਅਧਿਆਪਕਾਂ ਸਕੂਲ ਅੰਦਰ ਵਿਦਿਆਰਥੀਆਂ ਨੂੰ ਪੜਾਉਣ ਦਿੱਤਾ ਜਾਵੇ।

 

Leave a Reply

Your email address will not be published. Required fields are marked *