Punjab News: ਅਖੌਤੀ ਸਿੱਖਿਆ ਕ੍ਰਾਂਤੀ ਵਿਰੁੱਧ ਅਧਿਆਪਕ ਜਥੇਬੰਦੀਆਂ ਵੱਲੋਂ ਪੋਲ ਖੋਲ੍ਹ ਮੁਜ਼ਾਹਰਿਆਂ ਦਾ ਐਲਾਨ
ਪੰਜਾਬ ਨੈੱਟਵਰਕ, ਸੰਗਰੂਰ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸੰਗਰੂਰ ਇਕਾਈ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ ਸੰਗਰੂਰ ਵਿਖੇ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਖੌਤੀ ਸਿੱਖਿਆ ਕ੍ਰਾਂਤੀ ਦੀ ਪੋਲ ਖੋਲ੍ਹਣ ਲਈ ਸੰਗਰੂਰ ਵਿਖੇ ਡੀ.ਟੀ.ਐੱਫ.,ਕੰਪਿਊਟਰ ਅਧਿਆਪਕ ਯੂਨੀਅਨ ਅਤੇ ਮੈਰੀਟੋਰੀਅਸ ਅਧਿਆਪਕ ਯੂਨੀਅਨ ਵੱਲੋਂ ਸਾਂਝੇ ਤੌਰ ‘ਤੇ 16 ਅਪ੍ਰੈਲ ਨੂੰ ਜ਼ਿਲ੍ਹਾ ਪੱਧਰੀ ਮੁਜਾਹਰਾ ਕੀਤਾ ਜਾਵੇਗਾ ਅਤੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਨ ਦੀ ਬਜਾਏ ਡਰਾਮੇਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਰੋਸ ਵਜੋਂ ਪੰਜਾਬ ਸਰਕਾਰ ਦੀ ਅਰਥੀ ਵੀ ਫੂਕੀ ਜਾਵੇਗੀ।
ਜ਼ਿਲ੍ਹਾ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਕੰਪਿਊਟਰ ਅਧਿਆਪਕਾਂ ਅਤੇ ਅਸਿਸਟੈਂਟ ਅਧਿਆਪਕਾਂ ਨੂੰ ਪੂਰੇ ਲਾਭਾਂ ਸਮੇਤ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨ,ਮੈਰੀਟੋਰੀਅਸ ਅਤੇ ਆਦਰਸ਼ ਸਕੂਲਾਂ ਨੂੰ ਸਟਾਫ਼ ਸਮੇਤ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨ, ਏ.ਸੀ.ਪੀ. ਸਕੀਮ ਬਹਾਲ ਕਰਨ, ਪੇਂਡੂ ਭੱਤੇ, ਬਾਰਡਰ ਭੱਤੇ ਸਮੇਤ ਬੰਦ ਕੀਤੇ 37 ਤਰ੍ਹਾਂ ਦੇ ਭੱਤੇ ਬਹਾਲ ਕਰਨ, ਕੇਂਦਰੀ ਪੇ ਸਕੇਲ ਲਾਗੂ ਕਰਨ ਦੇ ਫੈਸਲੇ ਨੂੰ ਰੱਦ ਕਰਨ।
ਇਸ ਤੋਂ ਇਲਾਵਾ ਪੇ ਕਮਿਸ਼ਨ ਅਤੇ ਸੋਧੇ ਮਹਿੰਗਾਈ ਭੱਤੇ ਦੇ ਬਕਾਏ ਜਾਰੀ ਕਰਨ,ਸੀ.ਐਂਡ ਵੀ. ਕਾਡਰ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਫੈਸਲਾ ਰੱਦ ਕਰਨ,ਲਮਕਦੀਆਂ ਅਧਿਆਪਕ ਭਰਤੀਆਂ ਪੂਰੀਆਂ ਕਰਨ,ਮੈਰਿਟ ਸੂਚੀਆਂ ਸੋਧਣ ਦੇ ਨਾਂ ‘ਤੇ ਨੌਕਰੀ ਕਰਦੇ ਅਧਿਆਪਕਾਂ ਨੂੰ ਕੱਢਣ ਦੇ ਫੈਸਲੇ ਨੂੰ ਰੱਦ ਕਰਨ ਆਦਿ ਅਧਿਆਪਕਾਂ ਦੀਆਂ ਮੰਗਾਂ ਨੂੰ ਪਿਛਲ਼ੇ ਤਿੰਨ ਸਾਲਾਂ ਤੋਂ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਵਿਦਿਆਰਥੀ ਅਧਿਆਪਕਾਂ ਤੋਂ ਵਿਹੂਣੇ ਹਨ ਪ੍ਰੰਤੂ ਸਿੱਖਿਆ ਵਿਭਾਗ ਵੱਲੋਂ ਪਖਾਨਿਆਂ, ਚਾਰਦੀਵਾਰੀਆਂ ਆਦਿ ਦੀ ਰਿਪੇਅਰ ਦੇ ਰੁਟੀਨ ਕੰਮਾਂ ਦੇ ਉਦਘਾਟਨ ਦੀ ਡਰਾਮੇਬਾਜ਼ੀ ਰਚ ਕੇ ਜਿੱਥੇ ਫੋਕੀ ਸਿੱਖਿਆ ਕ੍ਰਾਂਤੀ ਦੇ ਨਾਅਰੇ ਹੇਠ ਲੋਕਾਂ ਦੇ ਅੱਖੀਂ ਘੱਟਾ ਪਾਇਆ ਜਾ ਰਿਹਾ ਹੈ ਉੱਥੇ ਕਰ ਦਾਤਿਆਂ ਦਾ ਪੈਸਾ ਪਾਰਟੀ ਦੇ ਝੂਠੇ ਪ੍ਰਚਾਰ ਲਈ ਉਡਾਇਆ ਜਾ ਰਿਹਾ ਹੈ। ਇਹ ਸਭ ਅਧਿਆਪਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ।
ਜਥੇਬੰਦੀ ਦੇ ਸੀਨੀਅਰ ਆਗੂ ਬਲਬੀਰ ਲੌਂਗੋਵਾਲ, ਜ਼ਿਲ੍ਹਾ ਵਿੱਤ ਸਕੱਤਰ ਯਾਦਵਿੰਦਰ ਪਾਲ ਅਤੇ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਕਿਹਾ ਕਿ ਇਸ ਦੇ ਮੱਦੇਨਜ਼ਰ ਜ਼ਿਲ੍ਹਾ ਕੋਰ ਕਮੇਟੀ ਦੀ ਅੱਜ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸੂਬਾ ਕਮੇਟੀ ਦੇ ਸੁਨੇਹੇ ਅਨੁਸਾਰ ਜਥੇਬੰਦੀਆਂ ਵੱਲੋਂ ਪੂਰੇ ਯਤਨਾਂ ਨਾਲ ਉਕਤ ਰੋਸ ਮੁਜਾਹਰਾ ਕੀਤਾ ਜਾਵੇਗਾ ਜਿਸ ਵਿੱਚ ਭਰਾਤਰੀ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਸ਼ਮੂਲੀਅਤ ਵੀ ਕਰਵਾਈ ਜਾਵੇਗੀ ਤਾਂ ਕਿ ਜਨਤਾ ਵਿੱਚ ਸਿੱਖਿਆ ਦੀ ਮੌਜੂਦਾ ਸਥਿਤੀ ਦੀ ਅਸਲ ਤਸਵੀਰ ਲਿਜਾਈ ਜਾ ਸਕੇ।