ਭਗਵੰਤ ਮਾਨ ਦਾ ਹਰਾ ਪੈੱਨ ਹੋਇਆ ਗਾਇਬ! ਮੁੱਖ ਮੰਤਰੀ ਦੇ ਸ਼ਹਿਰ ਗਰਜ਼ੇ ਬੇਰੁਜ਼ਗਾਰ- ਸੁਣਾਈਆਂ ਖ਼ਰੀਆਂ ਖੋਟੀਆਂ
ਸੰਗਰੂਰ, 26 Dec 2025-
ਭਗਵੰਤ ਮਾਨ ਸਰਕਾਰ ਦੇ ਚਾਰ ਸਾਲ ਪੂਰੇ ਹੋ ਗਏ ਹਨ, ਪਰ ਅੱਜ ਤੱਕ ਬੇਰੁਜ਼ਗਾਰ ਸਾਂਝਾ ਮੋਰਚਾ ਨਾਲ ਸਰਕਾਰ ਨੇ ਮੀਟਿੰਗ ਤੱਕ ਨਹੀਂ ਕੀਤੀ। ਮੀਟਿੰਗ ਦਾ ਸਮਾਂ ਫਿਕਸ ਹੋ ਜਾਂਦਾ, ਪਰ ਮੀਟਿੰਗ ਕਰਨ ਸਮੇਂ ਸੀਐੱਮ ਸਾਬ੍ਹ ਕਿਤੇ ਹੋਰ ਵਿਅਸਤ ਹੋ ਜਾਂਦੇ ਹਨ।
ਲੱਗਦਾ ਹੈ ਕਿ ਹੁਣ ਸੀਐੱਮ ਭਗਵੰਤ ਮਾਨ ਦਾ ਸਾਡੇ ਲਈ ਹਰਾ ਪੈੱਨ ਗਾਇਬ ਹੋ ਗਿਆ ਹੈ। ਇਹ ਦੋਸ਼ ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਡੀਸੀ ਦਫਤਰ ਸੰਗਰੂਰ ਦੇ ਗੇਟ ਅੱਗੇ ਲਾਏ ਪੱਕੇ ਮੋਰਚੇ ਦੌਰਾਨ ਲਗਾਏ ਗਏ।
ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਲਗਾਤਾਰ ਸੀਐਮ ਦੀ ਕੋਠੀ ਦੇ ਸਾਹਮਣੇ ਪ੍ਰੋਟੈਸਟ ਕਰਨ ਤੋਂ ਬਾਅਦ ਮਿਲੀਆਂ ਤਰੀਕਾਂ ਦਾ ਕੋਈ ਫਾਇਦਾ ਨਹੀਂ ਹੋਇਆ। ਸੀਐਮ ਦੀ ਕੋਠੀ ਅੱਗੇ ਉੱਚ ਅਧਿਕਾਰੀਆਂ ਵੱਲੋਂ ਲਿਖਤੀ ਲੈਟਰ ਵਿੱਚ ਦਿੱਤੀ ਤਾਰੀਕ ‘ਤੇ ਚੰਡੀਗੜ੍ਹ ਕਈ ਵਾਰ ਪਹੁੰਚੇ ਪਰ ਮੀਟਿੰਗ ਰੱਦ ਹੁੰਦੀ ਰਹੀ ਹੈ।
ਰਮਨ ਕੁਮਾਰ ਬੇਰੁਜ਼ਗਾਰ ਸਾਂਝਾ ਮੋਰਚਾ ਦੀ ਆਗੂ ਨੇ ਕਿਹਾ ਕਿ ਸਰਕਾਰ ਜਦੋਂ ਤੱਕ ਸਾਨੂੰ ਜੁਆਇਨਿੰਗ ਲੈਟਰ ਨਹੀਂ ਦਿੰਦੀ, ਧਰਨਾ ਨਹੀਂ ਚੁੱਕਿਆ ਜਾਵੇਗਾ। ਪਹਿਲਾਂ ਸਾਡੇ ਧਰਨਿਆਂ ਵਿੱਚ ਆਪ ਆ ਕੇ ਸਾਨੂੰ ਵਿਸ਼ਵਾਸ ਦਿਵਾਉਂਦੇ ਰਹਿੰਦੇ ਸੀ ਕਿ ਸਾਡੀ ਸਰਕਾਰ ਆਉਣ ‘ਤੇ ਹਰਾ ਪੈਨ ਪਹਿਲ ਦੇ ਆਧਾਰ ‘ਤੇ ਚਲਾਵਾਂਗੇ ਪਰ ਹੁਣ ਹਰਾ ਪੈਨ ਗਾਇਬ ਹੋ ਗਿਆ ਹੈ।
ਸੁਖਵਿੰਦਰ ਸਿੰਘ ਢਿੱਲਵਾਂ ਕਨਵੀਨਰ ਬੇਰੁਜ਼ਗਾਰ ਸਾਂਝਾ ਮੋਰਚਾ ਨੇ ਕਿਹਾ ਕਿ ਸਰਕਾਰ ਵੱਲੋਂ ਚਾਰ ਸਾਲ ਪੂਰੇ ਹੋ ਗਏ ਹਨ ਪਰ ਅੱਜ ਤੱਕ ਸਾਡੀ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਨਾਲ ਕੋਈ ਮੀਟਿੰਗ ਨਹੀਂ ਹੋਈ। ਸਾਡੇ ਕੈਂਡੀਡੇਟ ਹਰ ਸਾਲ ਓਵਰੇਜ ਹੋ ਕੇ ਨੌਕਰੀਆਂ ਦਾ ਹੱਕ ਗਵਾ ਰਹੇ ਹਨ ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ, ਜਦੋਂ ਕਿ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਤੁਹਾਨੂੰ ਉਮਰ ਦੇ ਵਿੱਚ ਛੋਟ ਦਿੱਤੀ ਜਾਵੇਗੀ ਅਤੇ ਰੁਜ਼ਗਾਰ ਦਿੱਤਾ ਜਾਵੇਗਾ।
ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸਾਰੇ ਕੇਡਰ ਵੱਲੋਂ ਵੱਖ-ਵੱਖ ਨੌਕਰੀਆਂ ਲਈ ਮਹਿੰਗੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਹੋਈਆਂ ਹਨ ਪਰ ਸਾਡੀ ਉਮਰ ਓਵਰਏਜ ਹੋਣ ਕਰਕੇ ਸਾਨੂੰ ਅਤੇ ਸਾਡੇ ਮਾਪਿਆਂ ਨੂੰ ਚਿੰਤਾ ਖਾ ਰਹੀ ਹੈ ਕਿ ਸਾਡਾ ਅਗਲਾ ਭਵਿੱਖ ਕੀ ਹੋਵੇਗਾ। ਜੇਕਰ ਸਾਨੂੰ ਜੁਆਇਨਿੰਗ ਲੈਟਰ ਨਾ ਦਿੱਤੇ ਗਏ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

