ਪੰਜਾਬ ਸਰਕਾਰ ਦੇ ਜ਼ਬਰ ਦਾ ਮੂੰਹਤੋੜ ਜਵਾਬ ਦੇਣ ਲਈ ਤੇ ਆਦਰਸ਼ ਸਕੂਲ ਦਾ ਮਸਲਾ ਹੱਲ ਕਰਵਾਉਣ ਲਈ ਸੰਘਰਸ਼ ਨੂੰ ਤੇਜ਼ ਕਰਨ ਦਾ ਫੈਸਲਾ

All Latest NewsNews FlashPunjab News

 

ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ 23 ਅਪ੍ਰੈਲ ਨੂੰ ਚੀਮਾ (ਬਰਨਾਲਾ) ਵਿਖੇ ਹੋਵੇਗੀ, 24 ਅਪ੍ਰੈਲ ਦੇ ਮਾਨਸਾ ਮੁਜ਼ਹਾਰੇ ‘ਚ ਭਰਵੀਂ ਸ਼ਮੂਲੀਅਤ ਦਾ ਫੈਸਲਾ

ਦਲਜੀਤ ਕੌਰ, ਚੰਡੀਗੜ੍ਹ

ਆਦਰਸ਼ ਸਕੂਲ ਚਾਓਕੇ ਦੇ ਅਧਿਆਪਕਾਂ ਤੇ ਮਾਪਿਆਂ ਦੇ ਸੰਘਰਸ਼ ਦੌਰਾਨ ਗ੍ਰਿਫ਼ਤਾਰ ਕੀਤੇ ਹੋਏ ਕਿਸਾਨ ਆਗੂਆਂ, ਵਰਕਰਾਂ ਤੇ ਅਧਿਆਪਕ ਆਗੂਆਂ ਨੂੰ ਜੇਲ੍ਹੀਂ ਡੱਕੀ ਬੈਠੀ ਪੰਜਾਬ ਸਰਕਾਰ ਦੇ ਜਾਬਰ ਰਵੱਈਏ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਸਖ਼ਤ ਨਿੰਦਾ ਕੀਤੀ ਹੈ।

ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਆਗੂ ਵਰਕਰਾਂ ਨੂੰ ਰਿਹਾਅ ਕਰਾਉਣ, ਕਿਸਾਨਾਂ ਅਤੇ ਅਧਿਆਪਕਾਂ ‘ਤੇ ਜਬਰ ਢਾਹੁਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਵਾਉਣ, ਆਦਰਸ਼ ਸਕੂਲ ਚਾਓਕੇ ਦੀ ਭ੍ਰਿਸ਼ਟ ਮੈਨੇਜਮੈਂਟ ਖਿਲਾਫ ਕਾਰਵਾਈ ਕਰਵਾਉਣ ਤੇ ਸਕੂਲੋਂ ਕੱਢੇ ਅਧਿਆਪਕਾਂ ਨੂੰ ਬਹਾਲ ਕਰਵਾਉਣ ਆਦਿ ਮੰਗਾਂ ਲਈ ਸੰਘਰਸ਼ ਨੂੰ ਤੇਜ਼ ਕਰਦਿਆਂ 24 ਅਪ੍ਰੈਲ ਨੂੰ ਮਾਨਸਾ ਵਿਖੇ ਹੋ ਰਹੇ ਮੁਜ਼ਾਹਰੇ ‘ਚ ਜਥੇਬੰਦੀ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।

ਇਸ ਮੁਜ਼ਾਹਰੇ ਰਾਹੀਂ ਭ੍ਰਿਸ਼ਟ ਮੈਨੇਜਮੈਂਟ ਦੇ ਮੁਖੀਆਂ ਦੇ ਰਿਹਾਇਸ਼ੀ ਸ਼ਹਿਰ ‘ਚ ਉਹਨਾਂ ਦੇ ਭਰਿਸ਼ਟ ਕਾਰਿਆਂ ਦੀ ਪਾਜ-ਉਘੜਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਹਕੂਮਤੀ ਜਬਰ ਦਾ ਮੂੰਹ ਤੋੜ ਜਵਾਬ ਦੇਣ ਲਈ ਤੇ ਆਦਰਸ਼ ਸਕੂਲ ਦਾ ਮਸਲਾ ਹੱਲ ਕਰਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਵਾਸਤੇ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ 23 ਅਪ੍ਰੈਲ ਨੂੰ ਸੱਦ ਲਈ ਗਈ ਹੈ।

ਉਹਨਾਂ ਕਿਹਾ ਕਿ ਸਰਕਾਰ ਨੇ ਆਦਰਸ਼ ਸਕੂਲ ਦੇ ਮਸਲੇ ‘ਚ ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਉੱਤੇ ਜਿਉਂਦ ਦੇ ਜ਼ਮੀਨੀ ਸੰਘਰਸ਼ ਵੇਲੇ ਦਰਜ ਕੀਤੇ ਗਏ ਝੂਠੇ ਕੇਸ ਵੀ ਖੋਲ੍ਹ ਲਏ ਹਨ ਅਤੇ ਕਿਸਾਨ ਆਗੂਆਂ ਨੂੰ ਲੰਮੇ ਸਮੇਂ ਲਈ ਜੇਲ੍ਹੀਂ ਡੱਕ ਕੇ ਰੱਖਣ ਦੀਆਂ ਵਿਉਂਤਾਂ ਬਣਾਈਆਂ ਜਾ ਰਹੀਆਂ ਹਨ।

ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਸੰਘਰਸ਼ ਕਰਦੇ ਲੋਕਾਂ ਦੀ ਹੱਕੀ ਆਵਾਜ਼ ਨੂੰ ਦਬਾਉਣ ਦੇ ਰਾਹ ‘ਤੇ ਹੈ। ਪੰਜ ਅਪ੍ਰੈਲ ਨੂੰ ਆਦਰਸ਼ ਸਕੂਲ ਚਾਓਕੇ ਤੋਂ ਅਧਿਆਪਕਾਂ ‘ਤੇ ਲਾਠੀ ਚਾਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਰਾਮਪੁਰਾ ਥਾਣੇ ਅੱਗੇ ਉਹਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਕਿਸਾਨਾਂ ‘ਤੇ ਜਬਰ ਢਾਹਿਆ ਗਿਆ ਤੇ ਜੇਲ੍ਹ ਭੇਜਿਆ ਗਿਆ।

ਕਿਸਾਨ ਆਗੂਆਂ ਪਰਮਜੀਤ ਕੌਰ ਪਿੱਥੋ ਤੇ ਹਰਿੰਦਰ ਕੌਰ ਬਿੰਦੂ ਨੂੰ ਜਬਰ ਦਾ ਵਿਸ਼ੇਸ਼ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਪਹਿਲਾਂ 5 ਮਾਰਚ ਨੂੰ ਚੰਡੀਗੜ੍ਹ ‘ਚ ਕਿਸਾਨਾਂ ਨੂੰ ਧਰਨਾ ਦੇਣ ਤੋਂ ਰੋਕਿਆ ਗਿਆ ਸੀ ਅਤੇ ਸ਼ੰਭੂ ਤੇ ਖਨੌਰੀ ਬਾਰਡਰਾਂ ‘ਤੇ ਚੱਲ ਰਹੇ ਲਗਾਤਾਰ ਕਿਸਾਨ ਧਰਨਿਆਂ ਨੂੰ ਜਬਰ ਕਰਕੇ ਉਖਾੜਿਆ ਗਿਆ ਸੀ।

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਕੁਚਲਣ ਦੇ ਰਾਹ ‘ਤੇ ਹੈ, ਅਤੇ ਹੁਣ ਇੱਕ ਸਥਾਨਕ ਪੱਧਰੀ ਭ੍ਰਿਸ਼ਟ ਮੈਨੇਜਮੈਂਟ ਦੀ ਪਿੱਠ ‘ਤੇ ਖੜ੍ਹ ਕੇ ਲੋਕਾਂ ‘ਤੇ ਜਬਰ ਕਰ ਰਹੀ ਹੈ।

ਉਹਨਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਦੀ ਲੋਕ-ਦੋਖੀ ਖ਼ਸਲਤ ਪੂਰੀ ਤਰ੍ਹਾਂ ਨਸ਼ਰ ਹੋ ਚੁੱਕੀ ਹੈ। ਸਰਕਾਰ ਨੂੰ ਲੋਕਾਂ ਪ੍ਰਤੀ ਅਖਤਿਆਰ ਕੀਤੇ ਇਸ ਜਾਬਰ ਰਵੱਈਏ ਦਾ ਜਵਾਬ ਪਿੰਡਾਂ ਦੀਆਂ ਸੱਥਾਂ ਵਿੱਚ ਦੇਣਾ ਪਵੇਗਾ ਅਤੇ ਆਉਂਦੇ ਦਿਨਾਂ ‘ਚ ਉਸ ਨੂੰ ਪਿੰਡਾਂ ਅੰਦਰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ।

 

Media PBN Staff

Media PBN Staff

Leave a Reply

Your email address will not be published. Required fields are marked *