ਵੱਡੀ ਖ਼ਬਰ: ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਨੇੜੇ ਬੇਰੁਜ਼ਗਾਰ ਅਧਿਆਪਕਾਂ ‘ਤੇ ਲਾਠੀਚਾਰਜ
ਚੰਡੀਗੜ੍ਹ
ਈਟੀਟੀ 5994 ਦੀ ਬੈਕਲਾਗ ਭਰਤੀ ਨੂੰ ਪੂਰੀ ਕਰਵਾਉਣ ਲਈ ਸਿੱਖਿਆ ਮੰਤਰੀ ਦੇ ਪਿੰਡ ਨਜ਼ਦੀਕ ਧਰਨਾ ਦੇ ਰਹੇ ਈਟੀਟੀ ਪਾਸ ਬੇਰੋਜ਼ਗਾਰ ਅਧਿਆਪਕਾਂ ‘ਤੇ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ ਹੈ। ਅੱਜ ਸਵੇਰੇ ਜਿੱਥੇ ਇਹ ਬੇਰੋਜ਼ਗਾਰ ਅਧਿਆਪਕ ਪਿੰਡ ਢੇਰ ਵਿਖੇ ਪਾਣੀ ਵਾਲੀ ਟੈਂਕੀ ‘ਤੇ ਚੜ ਗਏ ਤੇ ਆਪਣੀਆਂ ਮੰਗਾਂ ਲਈ ਪ੍ਰਸ਼ਾਸਨ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਉਪਰੰਤ ਪ੍ਰਸ਼ਾਸਨ ਵੱਲੋਂ ਮੌਕੇ ‘ਤੇ ਪੁੱਜ ਕੇ ਇਹਨਾਂ ਨੂੰ ਸਮਝਾ- ਬੁਝਾ ਕੇ ਥੱਲੇ ਉਤਾਰਿਆ ਗਿਆ।
ਇਹਨਾਂ ਬੇਰੋਜ਼ਗਾਰ ਅਧਿਆਪਕਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ – ਨੰਗਲ ਮੁੱਖ ਮਾਰਗ ‘ਤੇ ਜਾਮ ਲਗਾਇਆ ਗਿਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਹਰਕਤ ਵਿੱਚ ਆਉਂਦਿਆਂ ਇਹਨਾਂ ਨੂੰ ਉਥੋਂ ਖਦੇੜਨ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਦੌਰਾਨ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹਨਾਂ ਬੇਰੋਜ਼ਗਾਰਾਂ ਦੇ ਉੱਪਰ ਪੁਲਸੀਆਂ ਕਹਿਰ ਦੇਖਣ ਨੂੰ ਮਿਲ ਰਿਹਾ ਹੈ।
ਬੇਸ਼ੱਕ ਸਰਕਾਰ ਵੱਡੇ -ਵੱਡੇ ਦਾਅਵੇ ਕਰ ਰਹੀ ਹੈ ਕਿ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਪਰੰਤੂ ਦੂਜੇ ਪਾਸੇ ਅੱਜ ਸਾਹਮਣੇ ਆਈ ਤਸਵੀਰ ਦੱਸਦੀ ਹੈ ਕਿ ਰੋਜ਼ਗਾਰ ਮੰਗਣ ਦੇ ਨਾਂ ‘ਤੇ ਕਿਸ ਤਰ੍ਹਾਂ ਬੇਰੋਜ਼ਗਾਰ ਨੌਜਵਾਨਾਂ ਅਤੇ ਲੜਕੀਆਂ ਨਾਲ ਪੁਲਿਸ ਵੱਲੋਂ ਜੰਮ ਕੇ ਕੁੱਟਮਾਰ ਕੀਤੀ ਗਈ।
ਉਧਰ ਇਸ ਪੂਰੇ ਮਾਮਲੇ ‘ਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਆਪਣੇ ਐਕਸ ਹੈਂਡਲ ‘ਤੇ ਪੁਲਿਸ ਵੱਲੋਂ ਇਹਨਾਂ ਨੌਜਵਾਨਾਂ ‘ਤੇ ਕੀਤੇ ਗਏ ਤਸ਼ੱਦਦ ਦੀ ਵੀਡੀਓ ਸਾਂਝੇ ਕਰਦਿਆਂ ਕਿਹਾ ਗਿਆ ਕਿ ਸਿੱਖਿਆ ਮੰਤਰੀ ਦੇ ਇਸ਼ਾਰੇ ‘ਤੇ ਪੁਲਿਸ ਵੱਲੋਂ ਇਹਨਾਂ ਨੌਜਵਾਨਾਂ ‘ਤੇ ਇਹ ਕਾਰਵਾਈ ਕੀਤੀ ਗਈ।