ਵੱਡੀ ਖ਼ਬਰ: ਪੰਜਾਬ ‘ਚ ਸੈਂਕੜੇ ਏਕੜ ਕਣਕ ਦੀ ਖੜ੍ਹੀ ਫ਼ਸਲ ਨੂੰ ਲੱਗੀ ਅੱਗ! ਹੋਇਆ ਕਰੋੜਾਂ ਦਾ ਨੁਕਸਾਨ
ਚੰਡੀਗੜ੍ਹ
ਪੰਜਾਬ ਦੇ ਵਿੱਚ ਸੈਂਕੜੇ ਏਕੜ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਲੱਗਣ ਦੀ ਖ਼ਬਰ ਹੈ। ਇਹ ਘਟਨਾਵਾਂ ਪਿਛਲੇ ਦੋ ਦਿਨਾਂ ਦੇ ਵਿੱਚ ਵਿੱਚ ਹੀ ਵਾਪਰੀਆਂ, ਜਿਸ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ ਸੂਬੇ ਦੇ ਅੱਧਾ ਦਰਜਨ ਦੇ ਕਰੀਬ ਜ਼ਿਲ੍ਹਿਆਂ ਵਿੱਚ ਇਕ ਹਜ਼ਾਰ ਏਕੜ ਦੇ ਕਰੀਬ ਰਕਬੇ ਵਿੱਚ ਵਾਢੀ ਲਈ ਤਿਆਰ ਖੜ੍ਹੀ ਕਣਕ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਈ ਹੈ।
ਇਸ ਤੋਂ ਇਲਾਵਾ ਕਈ ਥਾਵਾਂ ’ਤੇ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਖੇਤਾਂ ਵਿੱਚ ਅੱਗ ਲੱਗਣ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਫਾਇਰ ਬ੍ਰਿਗੇਡ ਦੇ ਨਾਲ ਕਿਸਾਨ ਵੀ ਕਣਕਾਂ ਨੂੰ ਲੱਗੀ ਅੱਗ ਬੁਝਾਉਣ ਵਿੱਚ ਲੱਗੇ ਰਹੇ। ਹਾਲਾਂਕਿ ਕਿਸਾਨਾਂ ਵੱਲੋਂ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਪਹਿਲਾਂ ਬੇਮੌਸਮੇ ਮੀਂਹ ਤੇ ਹੁਣ ਅਗਜ਼ਨੀ ਦੀਆਂ ਘਟਨਾਵਾਂ ਕਰਕੇ ਕਿਸਾਨਾਂ ਨੂੰ ਦੋਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਫਿਰੋਜ਼ਪੁਰ, ਮਾਨਸਾ, ਬਠਿੰਡਾ, ਮੋਗਾ ਤੇ ਹੋਰਨਾਂ ਕਈ ਇਲਾਕਿਆਂ ਵਿੱਚ ਅਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਸਭ ਤੋਂ ਵੱਧ ਘਟਨਾਵਾਂ ਫਿਰੋਜ਼ਪੁਰ ਦੇ ਜ਼ੀਰਾ ਦੇ ਨਜ਼ਦੀਕੀ ਪਿੰਡਾਂ ਵਿੱਚ ਅਤੇ ਮੋਗਾ ਦੇ ਪਿੰਡ ਵੈਰੋਕੇ ਵਿੱਚ ਵਾਪਰੀਆਂ।