ਕੀ ਅਧਿਆਪਕਾਂ ’ਤੇ ਲਾਠੀਚਾਰਜ ਕਰਕੇ ਆਵੇਗੀ ‘ਸਿੱਖਿਆ ਕ੍ਰਾਂਤੀ’
ਸਿੱਖਿਆ ਮੰਤਰੀ ਦੇ ਪਿੰਡ ਬੇਰੁਜ਼ਗਾਰ 5994 ਦੀ ਭਰਤੀ ਅਧਿਆਪਕਾਂ ’ਤੇ ਅਣਮਨੁੱਖੀ ਲਾਠੀਚਾਰਜ ਦੀ ਨਿਖੇਧੀ
ਪੰਜਾਬ ਨੈੱਟਵਰਕ, ਸਮਰਾਲਾ :
ਪੰਜਾਬ ਸਰਕਾਰ ਇੱਕ ਪਾਸੇ ਵੱਡੇ ਪੱਧਰ ’ਤੇ ਖਾਲੀ ਅਸਾਮੀਆਂ ਭਰਨ ਤੇ ਰੁਜ਼ਗਾਰ ਦੇਣ ਦੇ ਦਾਅਵੇ ਕਰਦਿਆਂ ਅੰਕੜੇ ਪੇਸ਼ ਕਰ ਰਹੀ ਹੈ, ਦੂਜੇ ਪਾਸੇ ਆਨੰਦਪੁਰ ਸਾਹਿਬ ਵਿਖੇ 5994 ਦੀ ਭਰਤੀ ਵਾਲੇ ਰੁਜ਼ਗਾਰ ਮੰਗਦੇ ਅਧਿਆਪਕਾਂ ਨੂੰ ਬੇਤਹਾਸ਼ਾ ਕੁੱਟਿਆ ਜਾ ਰਿਹਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਤੇ ਜਨਰਲ ਸਕੱਤਰ ਹਰਜੀਤ ਸਿੰਘ ਸੁਧਾਰ ਨੇ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਵੱਲੋਂ ਆਪ ਇਨ੍ਹਾਂ ਅਧਿਆਪਕਾਂ ’ਚੋਂ ਗਿਣਤੀ ਦੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਸਨ।
ਪਰ ਬਾਕੀ ਰਹਿੰਦੇ ਅਧਿਆਪਕਾਂ ਦੇ ਆਰਡਰ ਜਾਰੀ ਹੋਣ ਦੇ ਬਾਵਜੂਦ ਵੀ ਸਟੇਸ਼ਨ ਚੋਣ ਦੇਣ ਮੌਕੇ ਇਨ੍ਹਾਂ ਨੂੰ ਨੌਕਰੀ ਤੋਂ ਵਾਂਝਾ ਕਰ ਦਿੱਤਾ ਗਿਆ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ, ਮੀਤ ਪ੍ਰਧਾਨ ਗੁਰਦੀਪ ਸਿੰਘ ਹੇਰਾਂ, ਵਿੱਤ ਸਕੱਤਰ ਗੁਰਬਚਨ ਸਿੰਘ ਨੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਸ਼ਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਪੁਲਿਸ ਸਟੇਟ ਬਣਾ ਦਿੱਤਾ ਗਿਆ ਹੈ। ਜਿਸ ਕਰ ਕੇ ਹਰ ਵਰਗ ਤੋਂ ਰੋਸ ਪ੍ਰਦਰਸ਼ਨ ਕਰਨ ’ਤੇ ਇਕੱਠੇ ਹੋਣ ਦੇ ਸੰਵਿਧਾਨਕ ਹੱਕ ਨੂੰ ਖੋਹਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਅਧਿਆਪਕਾਂ ਨਾਲ ਗੱਲਬਾਤ ਕਰ ਕੇ ਮਸਲਾ ਹੱਲ ਕਰਨ ਦੀ ਥਾਂ ਪੁਲਿਸ ਤਸ਼ੱਦਦ ਕਰ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਅਧਿਆਪਕਾਂ ’ਤੇ ਲਾਠੀਚਾਰਜ ਕਰਕੇ ਸਿੱਖਿਆ ਕ੍ਰਾਂਤੀ ਆਵੇਗੀ।
ਜ਼ਿਲ੍ਹਾ ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ ਖੰਨਾ ਤੇ ਪ੍ਰੈੱਸ ਸਕੱਤਰ ਹੁਸ਼ਿਆਰ ਸਿੰਘ ਨੇ ਕਿਹਾ ਕਿ ‘ਆਪ’ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਜੱਗ ਜ਼ਾਹਰ ਹੋ ਚੁੱਕਾ ਹੈ। ਅਧਿਆਪਕ ਆਗੂਆਂ ਨੇ ਮੰਗ ਕੀਤੀ ਹੈ ਕਿ ਬੇਰੁਜ਼ਗਾਰ ਅਧਿਆਪਕਾਂ ’ਤੇ ਅਣਮਨੁੱਖੀ ਤਸ਼ੱਦਦ ਕਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਤੇ ਇਨ੍ਹਾਂ ਅਧਿਆਪਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਸਟੇਸ਼ਨ ਅਲਾਟ ਕੀਤੇ ਜਾਣ।
ਇਸ ਸਮੇਂ ਬਲਾਕ ਪ੍ਰਧਾਨ ਖੰਨਾ ਹਰਪਿੰਦਰ ਸ਼ਾਹੀ, ਬਲਾਕ ਪ੍ਰਧਾਨ ਸਮਰਾਲਾ ਜਸਕਰਨ ਸਿੰਘ, ਬਲਾਕ ਪ੍ਰਧਾਨ ਦੋਰਾਹਾ ਅਮਨਦੀਪ ਸਿੰਘ, ਹਰਦੀਪ ਸਿੰਘ ਸਕੱਤਰ ਬਲਾਕ ਸਕੱਤਰ ਸਿੱਧਵਾਂ ਬੇਟ, ਲਾਲ ਸਿੰਘ ਬਲਾਕ ਪ੍ਰਧਾਨ ਮਾਂਗਟ, ਬਲਾਕ ਪ੍ਰਧਾਨ ਲੁਧਿਆਣਾ ਅਰਵਿੰਦਰ ਭੰਗੂ, ਬਲਾਕ ਪ੍ਰਧਾਨ ਮਾਛੀਵਾੜਾ ਸਾਹਿਬ ਰਾਜਿੰਦਰ ਸਿੰਘ, ਜਸਵਿੰਦਰ ਸਿੰਘ ਰਾਏਕੋਟੀ, ਗੁਰਪ੍ਰੀਤ ਮਾਹੀ, ਪਰਮਜੀਤ ਸਿੰਘ ਬਲਾਕ ਸਕੱਤਰ ਖੰਨਾ, ਜਗਵਿੰਦਰ ਸਿੰਘ ਅਕਾਲਗੜ, ਸੁਖਮਿੰਦਰ ਸਿੰਘ ਅਕਾਲਗੜ, ਬਲਜੀਤ ਸਿੰਘ ਮਾਛੀਵਾੜਾ, ਰਾਜਿੰਦਰ ਸਿੰਘ ਸਮਰਾਲਾ ਅਧਿਆਪਕ ਆਦਿ ਮੌਜੂਦ ਸਨ।