Education News: ਮੈਰੀਟੋਰੀਅਸ ਸਕੂਲਾਂ ਦੇ 131 ਵਿਦਿਆਰਥੀਆਂ ਨੇ JEE ਦੀ ਅਹਿਮ ਪ੍ਰੀਖਿਆ ਪਾਸ ਕਰਕੇ ਰਚਿਆ ਇਤਿਹਾਸ
Education News: ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਸਦਕਾ ਵਿਦਿਆਰਥੀਆਂ ਦੀ ਮਿਹਨਤ ਰੰਗ ਲਿਆਈ : ਸੂਬਾ ਪ੍ਰਧਾਨ ਡਾ. ਟੀਨਾ
ਸਿੱਖਿਆ ਦੇ ਨਾਮ ਤੇ ਆਈ ਸਰਕਾਰ ਨੇ ਸਾਡੀ ਮਿਹਨਤ ਦਾ ਮੁੱਲ ਨਾ ਪਾਇਆ: ਜਨਰਲ ਸਕੱਤਰ ਡਾ. ਅਜੇ ਸ਼ਰਮਾ
ਸਰਕਾਰੀ ਸਕੂਲਾਂ ਦੇ 189 ਵਿਦਿਆਰਥੀਆਂ ਵਿੱਚੋਂ 131 ਮੈਰੀਟੋਰੀਅਸ ਸਕੂਲਾਂ ਦੇ: ਵਿੱਤ ਸਕੱਤਰ ਰਾਕੇਸ਼ ਕੁਮਾਰ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਜੇਈਈ ਦੀ ਇਸ ਵਾਰ ਦੀ ਪ੍ਰੀਖਿਆ ਵਿੱਚੋਂ ਸਰਕਾਰੀ ਸਕੂਲਾਂ ਦੇ 189 ਵਿਦਿਆਰਥੀਆਂ ਸਫ਼ਲ ਰਹੇ। ਚੇਤੇ ਰਹੇ ਕਿ ਇਹਨਾਂ 189 ਵਿਦਿਆਰਥੀਆਂ ਵਿੱਚੋਂ 131 ਵਿਦਿਆਰਥੀ ਸਿਰਫ਼ 10 ਮੈਰੀਟੋਰੀਅਸ ਸਕੂਲਾਂ ਦੇ ਹਨ । ਜੇਈਈ ਦੇ ਕੱਲ ਐਲਾਨੇ ਗਏ ਨਤੀਜੇ ਵਿੱਚ ਪੰਜਾਬ ਦੇ 10 ਮੈਰੀਟੋਰੀਅਸ ਸਕੂਲਾਂ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕੀ ਸਮਰਪਣ ਅਤੇ ਮਿਹਨਤ ਨਾਲ ਵੱਡੇ ਮੁਕਾਮ ਹਾਸਲ ਕੀਤੇ ਜਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਮੈਰੀਟੋਰੀਅਸ ਸਕੂਲਾਂ ਵਿੱਚ ਪੰਜਾਬ ਦੇ ਆਰਥਿਕਤਾ ਪੱਖੋਂ ਗਰੀਬ ਅਤੇ ਮਾਨਸਿਕ ਪੱਖੋਂ ਮਿਹਨਤੀ ਬੱਚੇ ਵਿੱਦਿਆ ਪ੍ਰਾਪਤ ਕਰ ਰਹੇ ਹਨ। ਇਹਨਾਂ ਸਕੂਲਾਂ ਵਿੱਚ ਪੀਐੱਚਡੀ /ਨੈੱਟ/ ਗੋਲਡ ਮੈਡਲਿਸਟ ਉੱਚ-ਯੋਗਤਾ ਤੇ ਤਜ਼ਰਬੇਕਾਰ ਅਧਿਆਪਕਾਂ ਸਦਕਾ ਇਹ ਸਕੂਲ ਹਰ ਵਾਰ ਦੇਸ਼ ਦੇ ਮਿਆਰੀ ਟੈਸਟ JEE/NEET ਵਿੱਚ ਸੈਂਕੜੇ ਵਿਦਿਆਰਥੀਆਂ ਦੇ ਰਾਹ ਦਸੇਰਾ ਬਣ ਰਹੇ ਹਨ।
ਹਰ ਵਾਰ ਦੀ ਤਰ੍ਹਾ ਇਸ ਸੈਸ਼ਨ ਦੇ ਐਲਾਨੇ ਨਤੀਜੇ ਵਿੱਚ ਵੀ 10 ਮੈਰੀਟੋਰੀਅਸ ਸਕੂਲ਼ਾ ਵਿੱਚੋ 131 ਵਿਦਿਆਰਥੀਆਂ ਨੇ JEE ਦਾ ਟੈਸਟ ਪਾਸ ਕਰਕੇ ਇੱਕ ਵੱਖਰੀ ਤਰ੍ਹਾਂ ਦਾ ਇਤਿਹਾਸ ਸਿਰਜਿਆ ਹੈ। ਅੱਜ ਦੇ ਦੌਰ ਵਿੱਚ ਦੇਸ਼ ਵਿੱਚ ਸ਼ਾਇਦ ਹੀ ਕਿਧਰੇ ਹੋਰ ਮਿਸਾਲ ਹੋਵੇ ਕਿ ਬਿਨ੍ਹਾਂ ਕੋਈ ਫ਼ੀਸ ਦਿੱਤੇ ਬੱਚੇ ਅਜਿਹੇ ਟੈਸਟ ਪਾਸ ਕਰ ਸਕਣ।
ਇਸ ਸਫ਼ਲਤਾ ਲਈ ਸਮੁੱਚਾ ਪ੍ਰਬੰਧਨ ਸਟਾਫ਼ ਅਤੇ ਇਨ੍ਹਾ ਸਕੂਲਾਂ ਦੀ ਰੀੜ੍ਹ ਦੀ ਹੱਡੀ ਤਜ਼ਰਬੇਕਾਰ ਅਧਿਆਪਕ ਅਤੇ ਮਿਹਨਤੀ ਵਿਦਿਆਰਥੀ ਵਧਾਈ ਦੇ ਪਾਤਰ ਹਨ ਅਜਿਹੇ ਸ਼ਾਨਦਾਰ ਨਤੀਜੇ ਦੇ ਰਹੇ ਮੈਰੀਟੋਰੀਅਸ ਸਕੂਲ ਸਿੱਖਿਆ ਦੇ ਨਾਮ ਤੇ ਸੱਤਾ ਵਿੱਚ ਆਈ ਸਰਕਾਰ ਦੇ ਧਿਆਨ ਦੀ ਮੰਗ ਕਰਦੇ ਹਨ।
ਮੈਰੀਟੋਰੀਅਸ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਟੀਨਾ ਦਾ ਕਹਿਣਾ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜੇਈਈ ਦੀ ਪ੍ਰੀਖਿਆ ਵਿੱਚ ਮੈਰੀਟੋਰੀਅਸ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਮਿਹਨਤ ਸਦਕਾ ਸ਼ਾਨਦਾਰ ਇਤਿਹਾਸ ਸਿਰਜਿਆ ਹੈ।
ਮੈਰੀਟੋਰੀਅਸ ਯੂਨੀਅਨ ਦੇ ਜਨਰਲ ਸਕੱਤਰ ਡਾ. ਅਜੇ ਸ਼ਰਮਾ ਨੇ ਕਿਹਾ ਕਿ ਸਰਕਾਰਾਂ ਨੇ ਸਾਡੀ ਮਿਹਨਤ ਦਾ ਮੁੱਲ ਨਹੀਂ ਪਾਇਆ ਤੇ ਸੱਤਾ ਤੇ ਬਿਰਾਜਮਾਨ ਸਰਕਾਰ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦੇ ਰੁਜ਼ਗਾਰ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਨਹੀਂ ਕਰ ਸਕੀ , ਮਿਹਨਤ ਦਾ ਮੁੱਲ ਨਾ ਪਾਉਣਾ ਕਿਤੇ ਨਾ ਕਿਤੇ ਅਧਿਆਪਕਾਂ ਵਿੱਚ ਨਿਰਾਸ਼ਤਾ ਦੇ ਘੇਰੇ ਨੂੰ ਦਰਸਾਉਂਦਾ ਹੈ।
ਵਿੱਤ ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ ਕਿ 189 ਵਿੱਚੋਂ 131 ਮੈਰੀਟੋਰੀਅਸ ਸਕੂਲਾਂ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਜੇਈਈ ਦੀ ਅਹਿਮ ਪ੍ਰੀਖਿਆ ਪਾਸ ਕਰਕੇ ਆਪਣੀ ਮਿਹਨਤ ਦਾ ਲੋਹਾ ਮਨਵਾਇਆ ਹੈ।
ਪਰ ਸਰਕਾਰ ਦੁਆਰਾ ਸਿੱਖਿਆ ਵਿਭਾਗ ਵਿੱਚ ਮੈਰੀਟੋਰੀਅਸ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਨਾ ਕਰਨਾ ਤੇ ਪਿਛਲੇ 10 ਸਾਲਾਂ ਵਿੱਚ ਤਨਖਾਹ ਵਾਧਿਆਂ ਤੇ ਪਿਛਲੇ ਰੁਕੇ ਬਕਾਇਆਂ ਨੂੰ ਰੋਕਣਾ ਸਿੱਖਿਆ ਦੇ ਨਾਮ ਤੇ ਸੱਤਾ ਵਿੱਚ ਆਈ ਸਰਕਾਰ ਦਾ ਸੋਚਣ ਦਾ ਨਜ਼ਰੀਆ ਕੀ ਹੈ ਅੱਜ ਤੱਕ ਸਮਝ ਨਹੀਂ ਆਇਆ।