All Latest NewsNews FlashPunjab News

ਪੰਜਾਬ ਦੇ ਹਜ਼ਾਰਾਂ ਅਧਿਆਪਕ ਮਾਰਚ ਮਹੀਨੇ ਦੀ ਤਨਖਾਹ ਤੋਂ ਵਾਂਝੇ, ਸਿੱਖਿਆ ਕ੍ਰਾਂਤੀ ਦੀ ਫੂਕ ਨਿਕਲੀ- ਡੀ.ਟੀ.ਐੱਫ

 

ਪੰਜਾਬ ਨੈੱਟਵਰਕ, ਸੰਗਰੂਰ

“ਅਪ੍ਰੈਲ ਮਹੀਨੇ ਦੇ 20 ਦਿਨ ਲੰਘਣ ਤੋਂ ਬਾਅਦ ਵੀ ਸੰਗਰੂਰ ਜ਼ਿਲ੍ਹੇ ਦੇ ਸੈਂਕੜੇ ਸੈਕੰਡਰੀ ਅਤੇ ਲਗਭਗ ਸਾਰੇ ਪ੍ਰਾਇਮਰੀ ਅਧਿਆਪਕ ਹਾਲੇ ਤੱਕ ਮਾਰਚ ਮਹੀਨੇ ਦੀ ਤਨਖਾਹ ਨੂੰ ਤਰਸ ਰਹੇ ਹਨ। ਅਜਿਹੇ ਵਿੱਚ ਉਹਨਾਂ ਨੂੰ ਆਪਣੇ ਲੋਨ ਦੀਆਂ ਕਿਸ਼ਤਾਂ ਭਰਨ ਅਤੇ ਹੋਰ ਜ਼ਰੂਰੀ ਘਰੇਲੂ ਖਰਚੇ ਚਲਾਉਣ ਲਈ ਗੰਭੀਰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹਨਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਵਿਆਪਕ ਰੋਸ ਹੈ।

ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਦੀ ਅਖੌਤੀ ਸਿੱਖਿਆ ਕ੍ਰਾਂਤੀ ਦੀ ਜ਼ਮੀਨੀ ਹਕੀਕਤ ਕੀ ਹੈ ਅਤੇ ਇਹ ਸਿਰਫ ਉਦਘਾਟਨੀ ਬੋਰਡ ਅਤੇ ਨੀਂਹ ਪੱਥਰਾਂ ਤੱਕ ਸੀਮਤ ਹੈ ਤੇ ਜ਼ਮੀਨੀ ਮੁਸ਼ਕਲਾਂ ਨੂੰ ਹੱਲ ਕਰਨ ਵੱਲ ਸੇਧਿਤ ਨਹੀਂ ਹੈ।”

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਸਰਕਾਰ ਵੱਲੋਂ ਪਾਰਟੀ ਦੇ ਪ੍ਰਚਾਰ ਲਈ ਉਕਤ ਸਮਾਗਮਾਂ ਉੱਤੇ ਕਰਦਾਤਿਆਂ ਦਾ ਪੈਸਾ ਬੇਲੋੜੇ ਤਰੀਕੇ ਨਾਲ ਵਹਾਇਆ ਜਾ ਰਿਹਾ ਹੈ ਅਤੇ ਸਿੱਖਿਆ ਕ੍ਰਾਂਤੀ ਦੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਅਸਲੀਅਤ ਵਿੱਚ ਸਿੱਖਿਆ ਦੇ ਵਾਹਕ ਅਧਿਆਪਕ ਆਪਣੇ ਹੱਕੀ ਮਿਹਨਤਾਨੇ ਤੋਂ ਵੀ ਵਾਂਝੇ ਹਨ।

ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ,ਵਿੱਤ ਸਕੱਤਰ ਯਾਦਵਿੰਦਰ ਪਾਲ ਅਤੇ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਕਿਹਾ ਕਿ ਜ਼ਿਲ੍ਹੇ ਦੇ ਸਿੱਖਿਆ ਦਫਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਧਿਆਪਕਾਂ ਦੀਆਂ ਤਨਖਾਹਾਂ ਜਾਰੀ ਕਰਨ ‘ਤੇ ਸਰਕਾਰ ਨੇ ਜ਼ੁਬਾਨੀ ਰੋਕ ਲਗਾ ਰੱਖੀ ਹੈ ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ ਸਿੱਖਿਆ ਪ੍ਰਤੀ ਸਹੀ ਅਰਥਾਂ ਵਿੱਚ ਸੁਹਿਰਦ ਹੋਵੇ ਅਤੇ ਅਧਿਆਪਕਾਂ ਦੀ ਤਨਖਾਹ ਜਲਦ ਤੋਂ ਜਲਦ ਜਾਰੀ ਕੀਤੀ ਜਾਵੇ ਤਾਂ ਕਿ ਅਧਿਆਪਕਾਂ ਦੀਆਂ ਵਿੱਤੀ ਮੁਸ਼ਕਲਾਂ ਦੂਰ ਹੋਣ ਤੇ ਉਹ ਨਿਸਚਿੰਤ ਹੋ ਕੇ ਆਪਣੀ ਡਿਊਟੀ ਕਰ ਸਕਣ।

ਆਗੂਆਂ ਨੇ ਕਿਹਾ ਕਿ ਜੇਕਰ ਜਲਦੀ ਹੀ ਅਧਿਆਪਕਾਂ ਨੂੰ ਤਨਖਾਹਾਂ ਦੀ ਅਦਾਇਗੀ ਨਹੀਂ ਹੁੰਦੀ ਤਾਂ ਜਥੇਬੰਦੀ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰੇਗੀ। ਇਸ ਲੜੀ ਵਿੱਚ 22 ਅਪ੍ਰੈਲ ਨੂੰ ਜ਼ਿਲ੍ਹਾ ਖਜਾਨਾ ਅਫ਼ਸਰ ਸੰਗਰੂਰ ਨੂੰ ਮਿਲਿਆ ਜਾਵੇਗਾ ਅਤੇ ਪੰਜਾਬ ਸਰਕਾਰ ਵਿਰੁੱਧ ਸੰਕੇਤਕ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ।

 

Leave a Reply

Your email address will not be published. Required fields are marked *