ਪੰਜਾਬ ਸਰਕਾਰ ਦਾ ਨਿਕਲਿਆ ਦਿਵਾਲਾ; ਮਾਰਚ ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਾੜਿਆ ਮੁੱਖ ਮੰਤਰੀ ਦਾ ਪੁਤਲਾ
15 ਅਪ੍ਰੈਲ ਨੂੰ ਸਾਂਝੇ ਫ਼ਰੰਟ ਨੂੰ ਦਿੱਤੀ ਮੀਟਿੰਗ ਨਾ ਕਰਨ ਕਾਰਨ ਫੁੱਟਿਆ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਗੁੱਸਾ- ਮੁੱਖ ਮੰਤਰੀ ਦੇ ਸਾੜੇ ਪੁਤਲੇ
ਅਪ੍ਰੈਲ ਮਹੀਨਾ ਲਗਭਗ ਲੰਘ ਜਾਣ ਦੇ ਬਾਵਜ਼ੂਦ ਮੁਲਾਜ਼ਮਾਂ ਨੂੰ ਨਹੀਂ ਮਿਲੀ ਤਨਖ਼ਾਹ- ਪੰਜਾਬ ਸਰਕਾਰ ਦਾ ਨਿਕਲਿਆ ਦਿਵਾਲਾ
ਦਲਜੀਤ ਕੌਰ/ ਪੰਜਾਬ ਨੈੱਟਵਰਕ, ਅੰਮ੍ਰਿਤਸਰ
ਪੰਜਾਬ ਮੁਲਾਜ਼ਿਮ ਤੇ ਪੈਂਨਸ਼ਨਰਜ਼ ਸਾਝਾਂ ਫਰੰਟ ਦੇ ਸੱਦੇ ਤੇ ਜਿਲਾ ਅੰਮ੍ਰਿਤਸਰ ਦੇ ਕਨਵੀਨਰਜ਼ ਅਸ਼ਵਨੀ ਅਵਸਥੀ, ਨਰਿੰਦਰ ਸਿੰਘ, ਮਦਨ ਲਾਲ ਮੰਨਣ, ਪ੍ਰਭਜੀਤ ਸਿੰਘ ਉੱਪਲ, ਬਲਦੇਵ ਰਾਜ, ਨਿਰਮਲ ਸਿੰਘ ਆਨੰਦ, ਕੰਵਲਜੀਤ ਸਿੰਘ, ਜੋਗਿੰਦਰ ਸਿੰਘ ਆਦਿ ਦੀ ਅਗਵਾਈ ਵਿੱਚ ਅੱਜ ਮਿਤੀ 22.04.2025 ਨੂੰ ਮੁੱਖ-ਮੰਤਰੀ ਪੰਜਾਬ ਵਿਰੁੱਧ ਜੰਮ ਕੇ ਨਾਰੇਬਾਜ਼ੀ ਕਰਦੇ ਹੋਏ ਪੁਤਲਾ ਸਾੜਿਆ।
ਕਿਓਂਕਿ ਸਾਂਝੇ ਫ਼ਰੰਟ ਵੱਲੋਂ 25 ਮਾਰਚ ਦੀ ਚੰਡੀਗੜ੍ਹ ਰੈਲੀ ਉਪਰੰਤ 15 ਅਪ੍ਰੈਲ ਨੂੰ ਮੀਟਿੰਗ ਲਈ ਲਿਖਤੀ ਸੱਦਾ ਪੱਤਰ ਦੇਣ ਦੇ ਬਾਵਜ਼ੂਦ ਮੀਟਿੰਗ ਨਹੀਂ ਕੀਤੀ ਅਤੇ ਸਾਂਝੇ ਫ਼ਰੰਟ ਦੀ ਲੀਡਰਸ਼ਿਪ ਨੂੰ ਲੰਮਾ ਸਮਾਂ ਉਡੀਕ ਕਰਵਾ ਕੇ ਖੱਜਲ ਖੁਆਰ ਕੀਤਾ ਗਿਆ। ਸੂਬਾ ਕਨਵੀਨਰ ਜਰਮਨਜੀਤ ਸਿੰਘ ਛੱਜਲਵੱਡੀ , ਸੁਰਿੰਦਰਪਾਲ ਸਿੰਘ ਮੋਲੋਵਾਲੀ ਨੇ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ ਅਤੇ ਮੁਲਾਜ਼ਮ ਵਿਰੋਧੀ ਫੈਸਲੇ ਬੜੀ ਤੇਜ਼ੀ ਨਾਲ ਲਾਗੂ ਕੀਤੇ ਜਾ ਰਹੇ ਹਨ। ਮੁੱਖ-ਮੰਤਰੀ ਵਲੋਂ ਜੱਥੇਬੰਦੀਆਂ ਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਜਾਂਦਾ ਅਤੇ ਝੂਠੇ ਪ੍ਰਚਾਰ ਰਾਹੀਂ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।
ਗੁਰਬਿੰਦਰ ਸਿੰਘ ਖਹਿਰਾ, ਪਰਮਜੀਤ ਕੌਰ ਮਾਣ, ਮੰਗਲ ਸਿੰਘ ਟਾਂਡਾ, ਅਜੈ ਸੰਨੋਤਰਾ , ਸਰਬਜੀਤ ਕੌਰ ਛੱਜਲਵੱਡੀ, ਸੁਖਦੇਵ ਰਾਜ ਕਾਲੀਆ, ਸੁੱਚਾ ਸਿੰਘ ਟਰਪਈ, ਰਾਜੇਸ਼ ਕੁਮਾਰ ਪ੍ਰਾਸ਼ਰ, ਰਾਕੇਸ਼ ਕੁਮਾਰ ਧਵਨ, ਪਰਮਿੰਦਰ ਸਿੰਘ ਰਾਜਾਸਾਂਸੀ, ਜਗਦੀਪ ਸਿੰਘ ਜੋਹਲ, ਪ੍ਰਦੀਪ ਸਿੰਘ ਵੇਰਕਾ, ਕਰਮਜੀਤ ਸਿੰਘ ਕੇ.ਪੀ, ਕੁਲਦੀਪ ਸਿੰਘ ਵਰਨਾਲੀ, ਸਵਿੰਦਰ ਸਿੰਘ ਭੱਟੀ, ਬਲਦੇਵ ਸਿੰਘ ਲੋਹਾਰਕਾ ਆਦਿ ਆਗੂਆਂ ਨੇ ਕਿਹਾ ਕਿ ਮੁਲਾਜਮਾਂ ਤੇ ਪੈਨਸ਼ਨਰਾਂ ਦੇ ਡੀ.ਏ ਦੀਆਂ ਤਿੰਨ ਕਿਸਤਾਂ ( 4+4+4 =12 %) ਜਾਰੀ ਨਹੀਂ ਕੀਤੀਆਂ ਜਾ ਰਹੀਆਂ, ਪੇਂਡੂ ਤੇ ਬਾਰਡਰ ਏਰੀਆ ਭੱਤੇ ਸਮੇਤ 37 ਭੱਤੇ ਬਹਾਲ ਨਹੀਂ ਕੀਤੇ ਜਾ ਰਹੇ।
ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ ਅਤੇ ਮਾਣ ਭੱਤਾ/ ਇੰਨਸੈਨਟਿਵ ਤੇ ਕੰਮ ਕਰਦੇ ਕਰਮਚਾਰੀਆਂ ਦੀਆਂ ਉਜਰਤਾਂ ਵਿੱਚ ਵਾਧਾ ਕਰਨ ਦੀ ਥਾਂ ਪੰਜਾਬ ਦੇ ਲੋਕਾਂ ਦੇ ਕਰੋੜਾਂ ਰੁਪਏ ਝੂਠੇ ਪ੍ਰਚਾਰ ਤੇ ਉਡਾਏ ਜਾ ਰਹੇ ਹਨ। ਸ਼ਹੀਦ ਭਗਤ ਸਿੰਘ ਦੇ ਨਾ ਹੇਠ ਵੋਟਾਂ ਬਟੋਰ ਕੇ ਮੁੱਖ ਮੰਤਰੀ ਵੱਲੋਂ ਸ਼ਹੀਦਾਂ ਦੇ ਸੁਪਨਿਆਂ ਨੂੰ ਪੈਰਾਂ ਥੱਲੇ ਰੋਲ ਕੇ ਸਰਮਾਏਦਾਰਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਮਜ਼ਦੂਰ ਜਮਾਤ ਨੂੰ ਮਿਲ ਰਹੀਆਂ ਸਹੂਲਤਾਂ ਨੂੰ ਇੱਕ-ਇੱਕ ਕਰਕੇ ਖੋਹਿਆ ਜਾ ਰਿਹਾ ਹੈ। ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਜਾਣ ਬੁਝ ਕੇ ਲਟਕਾਇਆ ਜਾ ਰਿਹਾ ਹੈ ਜਦਕਿ ਭਗਵੰਤ ਮਾਨ ਵੱਲੋਂ ਬਾਕੀ ਰਾਜਾਂ ਵਿੱਚ ਜਾ ਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਝੂਠਾ ਪ੍ਰਚਾਰ ਕੀਤਾ ਗਿਆ।
ਹਿਮਾਚਲ ਪ੍ਰਦੇਸ਼ ਵਿੱਚ ਜੀ.ਪੀ.ਐਫ ਖਾਤੇ ਖੋਲ ਕੇ ਪੁਰਾਣੀ ਪੈਨਸ਼ਨ ਲਾਗੂ ਵੀ ਕਰ ਦਿੱਤੀ ਗਈ ਹੈ। ਤਨਖਾਹ ਕਮਿਸ਼ਨ ਦੀਆਂ ਤਰੁਟੀਆਂ ਦੂਰ ਕਰਨ ਤੋਂ ਵੀ ਸਰਕਾਰ ਭੱਜ ਰਹੀ ਹੈ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਯਸ਼ਦੇਵ ਡੋਗਰਾ, ਬਲਦੇਵ ਮੰਨਣ, ਹੀਰਾ ਲਾਲ, ਭਵਾਨੀ ਫੇਰ, ਮੁਖਤਾਰ ਸਿੰਘ ਮੁਹਾਵਾ, ਨੱਥਾ ਸਿੰਘ, ਇੰਜੀਨਿਯਰ ਦਲਜੀਤ ਸਿੰਘ ਕੋਹਲੀ, ਗੁਰਸੇਵਕ ਸਿੰਘ, ਰੇਸ਼ਮ ਸਿੰਘ, ਅਮਰਜੀਤ ਸਿੰਘ, ਹਰਮਨਜੀਤ ਸਿੰਘ ਭੰਗਾਲੀ, ਜਤਿਨ ਸ਼ਰਮਾ, ਹਰਵਿੰਦਰ ਸੁਲਤਾਨਵਿੰਡ ਹਾਜਿਰ ਸਨ।