ਅੱਗ ਨਾਲ ਸੜੀ ਕਣਕ ਦੇ ਮੁਆਵਜੇ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਵਫਦ ਵਿਧਾਇਕ ਫੌਜਾ ਸਿੰਘ ਸਰਾਰੀ ਨੂੰ ਮਿਲਿਆ
ਪੀੜਤ ਕਿਸਾਨਾਂ ਦੀਆਂ ਲਿਸਟਾਂ ਵਿਧਾਇਕ ਨੂੰ ਸੌਂਪੀਆਂ ਅਤੇ ਤੁਰੰਤ ਮੁਆਵਜੇ ਦੀ ਕੀਤੀ ਮੰਗ- ਅਵਤਾਰ ਮਹਿਮਾ
ਪੰਜਾਬ ਨੈੱਟਵਰਕ, ਗੁਰੂਹਰਸਹਾਏ
ਪਿਛਲੇ ਦਿਨੀ ਇਲਾਕੇ ਅੰਦਰ ਅਚਾਨਕ ਅੱਗ ਲੱਗਣ ਨਾਲ ਕਈ ਪਿੰਡਾਂ ਦੇ ਸੈਂਕੜੇ ਏਕੜ ਕਣਕ ਦੀ ਫਸਲ ਤੇ ਤਬਾਹ ਹੋ ਗਏ ਹਨ | ਜਿਸ ਨਾਲ ਇਲਾਕੇ ਦੇ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ ਹੈ | ਇਹਨਾਂ ਕਿਸਾਨਾਂ ਦੇ ਹੋਏ ਨੁਕਸਾਨ ਦੀ ਤੁਰੰਤ ਭਰਪਾਈ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਵਫਦ ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਨੂੰ ਮਿਲਿਆ |
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾਂ ਨੇ ਦੱਸਿਆ ਕਿ ਵੱਖ-ਵੱਖ ਕਾਰਨਾਂ ਕਰਕੇ ਲੱਗੀ ਅੱਗ ਨਾਲ ਹਲਕਾ ਗੁਰੂਹਰਸਹਾਏ ਅੰਦਰ ਪੈਂਦੇ ਕਈ ਪਿੰਡਾਂ ਦੇ ਸੈਂਕੜੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਸੈਂਕੜੇ ਏਕੜ ਕਣਕ ਅਤੇ ਤੂੜੀ ਲਈ ਰੱਖਿਆ ਕਣਕ ਦਾ ਨਾੜ ਸੜ ਕੇ ਸਵਾਹ ਹੋ ਗਿਆ ਹੈ।
ਉਹਨਾਂ ਕਿਹਾ ਕਿ ਜਥੇਬੰਦੀ ਦੀ ਬਲਾਕ ਟੀਮ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਪੀੜਤ ਕਿਸਾਨਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਗਈਆਂ ਹਨ ਜੋ ਅੱਜ ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਨੂੰ ਸੌਂਪੀਆਂ ਗਈਆਂ ਹਨ। ਓਹਨਾ ਦੱਸਿਆ ਕਿ ਕੱਲੇ ਦਿਲਾਰਾਮ ਪਿੰਡ ਵਿੱਚ ਹੀ 20 ਕਿਸਾਨਾਂ ਦੀ 103 ਏਕੜ ਕਣਕ ਸੜੀ ਹੈ ਅਤੇ ਸੈਂਕੜੇ ਏਕੜ ਨਾੜ ਵੀ ਖਤਮ ਹੋਇਆ ਹੈ |
ਅੱਜ ਇਕੱਤਰ ਕਿਸਾਨਾਂ ਵੱਲੋਂ ਹਲਕਾ ਵਿਧਾਇਕ ਤੋਂ 60 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ | ਸੱਤਾ ਧਿਰ ਦੇ ਨਾਲ ਨਾਲ ਉਹਨਾਂ ਵੱਲੋਂ ਦੂਜੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਸਿਰਫ ਰਾਜਨੀਤੀ ਕਰਨ ਦੀ ਬਜਾਏ ਕਿਸਾਨਾਂ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਗਈ।
ਇਸ ਮੌਕੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਤੋਂ ਇਲਾਵਾ, ਬਲਾਕ ਪ੍ਰਧਾਨ ਗੁਰਭੇਜ ਸਿੰਘ ਲੋਹੜਾ ਨਵਾਬ, ਰੇਸ਼ਮ ਸਿੰਘ ਦਿਲਾਰਾਮ, ਗੁਰਨਾਮ ਸਿੰਘ ਚੱਕ ਸੋਮੀਆ ਵਾਲਾ, ਰਾਜ ਸਿੰਘ ਜੰਗ, ਗੁਰਸੇਵਕ ਸਿੰਘ ਜੰਗ ਨਿਰਭੈ ਸਿੰਘ ਟਾਹਲੀ ਵਾਲਾ ਆਦਿ ਸਮੇਤ ਕਈ ਕਿਸਾਨ ਆਗੂ ਹਾਜ਼ਰ ਸਨ।