ਪਹਿਲਗਾਮ ਕਤਲੇਆਮ ਦੀ CPI (ML) ਨਿਊ ਡੈਮੋਕ੍ਰੇਸੀ ਨੇ ਕੀਤੀ ਨਿਖੇਧੀ, ਉੱਚ ਪੱਧਰੀ ਜਾਂਚ ਦੀ ਮੰਗ
ਦਲਜੀਤ ਕੌਰ, ਚੰਡੀਗੜ੍ਹ/ਜਲੰਧਰ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਦੀ ਪੰਜਾਬ ਰਾਜ ਕਮੇਟੀ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿੱਚ ਸੈਲਾਨੀਆਂ ਦੇ ਕੀਤੇ ਕਤਲੇਆਮ ਦੀ ਜ਼ੋਰਦਾਰ ਨਿਖੇਧੀ ਕਰਦੀ ਹੈ ਅਤੇ ਪੀੜਤ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਇਜਹਾਰ ਕਰਦੀ ਹੈ।
ਪਾਰਟੀ ਨੇ ਕਿਹਾ ਕਿ ਅਜਿਹੇ ਕਤਲੇਆਮ ਨਾ ਤਾਂ ਕਸ਼ਮੀਰੀ ਲੋਕਾਂ ਦੀਆਂ ਜਮਹੂਰੀ ਭਾਵਨਾਵਾਂ ਦੇ ਹਿੱਤਾਂ ਦੀ ਪੂਰਤੀ ਕਰਦੇ ਹਨ ਅਤੇ ਨਾ ਹੀ ਕਿਸੇ ਧਰਮ ਦੇ ਹਿੱਤ ਵਿੱਚ ਹਨ।
ਪਾਰਟੀ ਦੇ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪੰਜਾਬ ਦੇ ਅਗਾਂਹਵਧੂ, ਅਮਨਪਸੰਦ ਤੇ ਜਮਹੂਰੀ ਲੋਕਾਂ ਨੂੰ ਇਸ ਕਤਲੇਆਮ ਦੀ ਨਿਖੇਧੀ ਕਰਨ ਅਤੇ ਇਸ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਦੀ ਅਪੀਲ ਕੀਤੀ। ਆਰ.ਐਸ.ਐਸ-ਭਾਜਪਾ ਸਰਕਾਰ ਵੱਲੋਂ ਧਾਰਾ 370 ਅਤੇ 35-ਏ ਖਤਮ ਕਰਨ ਤੋਂ ਬਾਅਦ ਸੂਬੇ ਵਿੱਚ ਸਥਾਈ ਅਮਨ ਕੀਤੇ ਜਾਣ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ।
ਜਮਹੂਰੀ ਘੋਲਾਂ ਨੂੰ ਦਬਾਉਣ ਲਈ ਸੁਰੱਖਿਆ ਬਲਾਂ ਦੀ ਭਾਰੀ ਤੈਨਾਤੀ ਦੇ ਬਾਵਜੂਦ ਇਸ ਕਤਲੇਆਮ ਲਈ ਪੂਰੀ ਤਰ੍ਹਾਂ ਜਿੰਮੇਵਾਰ ਹਨ ਜਿਨ੍ਹਾਂ ਨੇ ਸੈਲਾਨੀਆਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਨਹੀਂ ਕੀਤੇ। ਧਾਰਾ 370 ਅਤੇ 35-ਏ ਦੇ ਖਤਮ ਹੋਣ ਨਾਲ ਕਸ਼ਮੀਰੀ ਲੋਕਾਂ ’ਚ ਬੇਗਾਨਗੀ ਦੇ ਅਹਿਸਾਸ ’ਚ ਵਾਧਾ ਹੀ ਕੀਤਾ ਹੈ।
ਅਮਰੀਕਾ ਦੇ ਉੱਚ ਨੇਤਾਵਾਂ ਦੀ ਆਮਦ ਸਮੇਂ ਚਿੱਟੀ ਸਿੰਘਪੁਰਾ ਅਤੇ ਪਹਿਲਗਾਮ ਜਿਹੀਆਂ ਘਟਨਾਵਾਂ ਦਾ ਵਾਪਰਨਾ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਪਾਲ ਮਲਿਕ ਦਾ ਕਹਿਣਾ ਕਿ ਗੱਦੀ ’ਤੇ ਟਿਕੇ ਰਹਿਣ ਲਈ ਕੁੱਝ ਵੀ ਕਰਨਾ/ਕਰਵਾਉਣਾ ਗੰਭੀਰ ਸ਼ੰਕੇ ਖੜੇ ਕਰਦਾ ਹੈ, ਜਿਸਦੀ ਉੱਚ ਪੱਧਰੀ ਜਾਂਚ ਕਰਵਾਕੇ ਸਹੀ ਤੱਤ ਲੋਕਾਂ ਸਾਹਮਣੇ ਲਿਆਉਣੇ ਚਾਹੀਦੇ ਹਨ।
ਅਜਿਹੀਆਂ ਘਟਨਾਵਾਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਆਪਣੀਆਂ ਅਸਫਲਤਾਵਾਂ ਨੂੰ ਛੁਪਾਉਣ ਲਈ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਇੱਕ ਦੂਜੇ ਉਪਰ ਦੋਸ਼ ਮੜ੍ਹਦੀਆਂ ਹਨ। ਉਨ੍ਹਾਂ ਕਿਹਾ ਕਿ ਅਟਾਰੀ ਬਾਰਡਰ ਤਾਂ ਬੰਦ ਕਰ ਦਿੱਤਾ ਗਿਆ ਹੈ ਪਰ ਅਡਾਨੀ ਦੀ ਬੰਦਰਗਾਹ ਤੋਂ ਵਪਾਰ ਨਿਰੰਤਰ ਜਾਰੀ ਹੈ।
ਅਜਿਹੀਆਂ ਘਟਨਾਵਾਂ ਦੇ ਧਰੁਵੀਕਰਨ ਕੀਤੇ ਜਾਣ ਅਤੇ ਆਪਣੀ ਸੌੜੀ ਰਾਜਨੀਤੀ ਦੇ ਹੱਕ ਵਿੱਚ ਵਰਤੇ ਜਾਣ ਦੀਆਂ ਆਰ.ਐਸ.ਐਸ.-ਭਾਜਪਾ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਬਣਾਉਣ ਲਈ ਆਵਾਜ਼ ਉਠਾਉਣੀ ਚਾਹੀਦੀ ਹੈ।
ਪਾਰਟੀ ਨੇ ਅਗਾਂਹਵਧੂ, ਜਮਹੂਰੀ ਅਤੇ ਅਮਨਪਸੰਦ ਲੋਕਾਂ ਨੂੰ ਇਸ ਕਤਲੇਆਮ ਵਿਰੁੱਧ ਆਵਾਜ਼ ਉਠਾਉਣ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਣ ਦੀ ਅਪੀਲ ਕੀਤੀ।