ਗੈਸ ਫੈਕਟਰੀ ਅਤੇ ਚਾਉਕੇ ਆਦਰਸ਼ ਸਕੂਲ ਮਾਮਲੇ ਤੇ ਸੰਯੁਕਤ ਕਿਸਾਨ ਮੋਰਚਾ ਦੀ ਹੋਈ ਐਮਰਜੈਂਸੀ ਮੀਟਿੰਗ

All Latest NewsNews FlashPunjab News

 

ਅਖਾੜਾ ਵਾਸੀਆਂ ਦੇ ਹੌਂਸਲੇ ਅਤੇ ਸਿਦਕ ਨੂੰ ਸਲਾਮ: ਮਨਜੀਤ ਧਨੇਰ

ਦਲਜੀਤ ਕੌਰ, ਚੰਡੀਗੜ੍ਹ

ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਸ਼ਾਮਿਲ ਜਥੇਬੰਦੀਆਂ ਦੀ ਐਮਰਜੈਂਸੀ ਆਨਲਾਈਨ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਵੱਖ-ਵੱਖ ਤਬਕਿਆਂ ਅਤੇ ਸੰਘਰਸ਼ਸ਼ੀਲ ਲੋਕਾਂ ਤੇ ਕੀਤੇ ਗਏ ਜਬਰ ਦੇ ਖਿਲਾਫ ਸਾਰੇ ਜਿਲਿਆਂ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਅਪ੍ਰੈਲ ਨੂੰ ਜ਼ਿਲਾ ਲੁਧਿਆਣਾ ਦੇ ਪਿੰਡ ਅਖਾੜਾ ਵਿਖੇ ਬਾਇਓਗੈਸ ਫੈਕਟਰੀ ਖਿਲਾਫ ਸੰਘਰਸ਼ ਕਰ ਰਹੇ ਪਿੰਡ ਦੇ ਲੋਕਾਂ ਤੇ ਜਬਰ ਦਾ ਉਚੇਚਾ ਨੋਟਿਸ ਲਿਆ ਗਿਆ।

ਐੱਸਕੇਐੱਮ ਨੇ ਵਿਚਾਰਿਆ ਕਿ ਪੰਜਾਬ ਸਰਕਾਰ ਲੋਕ ਘੋਲਾਂ ਨੂੰ ਜ਼ੁਲਮ ਤਸ਼ੱਦਦ ਨਾਲ ਦਬਾਉਣ ਦੇ ਰਾਹ ਤੁਰ ਪਈ ਹੈ। ਸਰਕਾਰ ਸਾਮਰਾਜੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨ ਲਈ ਕੇਂਦਰ ਸਰਕਾਰ ਦੀ ਪੈੜ ਵਿੱਚ ਪੈੜ ਮਿਲਾ ਕੇ ਚਲਣਾ ਚਾਹੁੰਦੀ ਹੈ ਅਤੇ ਮੁਕਤ ਵਪਾਰ ਸਮਝੌਤੇ ਰਾਹੀਂ ਖੇਤੀ ਖੇਤਰ ਨੂੰ ਫੇਲ ਕਰਕੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣ ਲਈ ਮੈਦਾਨ ਸਾਫ ਕਰਨਾ ਚਾਹੁੰਦੀ ਹੈ ਤਾਂ ਕਿ ਕਿਸਾਨਾਂ ਅਤੇ ਮਜ਼ਦੂਰਾਂ ਤੇ ਦਹਿਸ਼ਤ ਪਾ ਕੇ ਉਹਨਾਂ ਨੂੰ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦੇ ਖਿਲਾਫ ਬੋਲਣ ਤੋਂ ਰੋਕਿਆ ਜਾ ਸਕੇ।

ਇਸੇ ਕਾਰਨ ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਤੇ ਹਮਾਇਤ ਕਰਨ ਵਾਲੇ ਕਿਸਾਨ ਆਗੂਆਂ ਤੇ ਤਸ਼ੱਦਦ ਕੀਤਾ ਗਿਆ ਹੈ। ਇਸੇ ਤਰ੍ਹਾਂ ਭਾਰਤ ਮਾਲਾ ਪ੍ਰੋਜੈਕਟ ਅਧੀਨ ਆਉਂਦੀਆਂ ਜ਼ਮੀਨਾਂ ਨੂੰ ਬਿਨਾਂ ਮੁਆਵਜ਼ਾ ਦਿੱਤੇ ਹੜੱਪ ਕਰਨ ਦੇ ਖਿਲਾਫ ਲੜਨ ਵਾਲੇ ਕਿਸਾਨਾਂ ਤੇ ਜ਼ੁਲਮ ਕਰਨਾ, ਲਹਿਰਾਗਾਗਾ ਨੇੜੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤੇ ਕਾਤਲਾਨਾ ਹਮਲਾ ਕਰਨ ਦਾ ਸਖਤ ਨੋਟਿਸ ਲਿਆ ਗਿਆ।

ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਸਰਕਾਰ ਦੀ ਇਸ ਜਾਬਰ ਨੀਤੀ ਦੇ ਖਿਲਾਫ ਇੱਕਜੁੱਟਤਾ ਨਾਲ ਲੜਨ ਦਾ ਤਹਈਆ ਕੀਤਾ ਹੈ ਅਤੇ 28 ਅਪ੍ਰੈਲ ਨੂੰ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣ ਉਪਰੰਤ 30 ਅਪ੍ਰੈਲ ਨੂੰ ਲੁਧਿਆਣਾ ਵਿਖੇ ਆਪਣੀ ਮੀਟਿੰਗ ਵੀ ਬੁਲਾ ਲਈ ਹੈ।

ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਖਾੜਾ ਗੈਸ ਫੈਕਟਰੀ ਖਿਲਾਫ ਲੜਨ ਵਾਲੀ ਐਕਸ਼ਨ ਕਮੇਟੀ ਵੱਲੋਂ 30 ਅਪ੍ਰੈਲ ਨੂੰ ਮੋਰਚੇ ਦਾ ਇੱਕ ਸਾਲ ਪੂਰਾ ਹੋਣ ਤੇ ਪਿੰਡ ਅਖਾੜਾ ਵਿੱਚ ਵੱਡਾ ਪ੍ਰੋਗਰਾਮ ਕੀਤਾ ਜਾਵੇਗਾ।

ਉਹਨਾਂ ਨੇ ਪੁਲਿਸ ਜ਼ਬਰ ਦੇ ਖਿਲਾਫ ਅਖਾੜਾ ਪਿੰਡ ਵਾਸੀਆਂ ਅਤੇ ਔਰਤਾਂ ਵੱਲੋਂ ਦਿਖਾਏ ਸਬਰ, ਸਿਦਕ ਅਤੇ ਹੌਸਲੇ ਨੂੰ ਸਲਾਮ ਕਰਦਿਆਂ ਕਿਹਾ ਕਿ ਜਦੋਂ ਲੋਕ ਆਪਣੀ ਆਈ ਤੇ ਆ ਜਾਣ ਤਾਂ ਉਹਨਾਂ ਨੂੰ ਕੋਈ ਵੱਡੀ ਤੋਂ ਵੱਡੀ ਤਾਕਤ ਵੀ ਹਰਾ ਨਹੀਂ ਸਕਦੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪਹਿਲਾਂ ਵੀ ਇਸ ਘੋਲ ਦੀ ਡਟਵੀਂ ਹਮਾਇਤ ਕਰਦੀ ਰਹੀ ਹੈ ਅਤੇ ਇਸ ਘੋਲ ਨੂੰ ਜਿੱਤ ਤੱਕ ਲਿਜਾਣ ਲਈ ਅੱਗੇ ਵੀ ਪਿੰਡ ਅਖਾੜਾ ਦੇ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇਗੀ।

Media PBN Staff

Media PBN Staff

Leave a Reply

Your email address will not be published. Required fields are marked *