ਈਟੀਟੀ ਤੋਂ ਹੈੱਡ ਟੀਚਰਾਂ ਦੀਆਂ ਤਰੱਕੀਆਂ ਨੂੰ ਲੈ ਕੇ ਡੀ.ਈ.ਓ ਨੂੰ ਮਿਲਿਆ ਡੀਟੀਐਫ਼ ਦਾ ਵਫ਼ਟ, DEO ਨੇ ਕਿਹਾ- ਜਲਦ ਕੀਤੀਆਂ ਜਾਣਗੀਆਂ ਪ੍ਰਮੋਸ਼ਨਾਂ
ਪੰਜਾਬ ਨੈੱਟਵਰਕ, ਸੰਗਰੂਰ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸੰਗਰੂਰ ਇਕਾਈ ਦਾ ਵਫ਼ਦ ਅੱਜ ਡੀ.ਈ.ਓ.(ਐ.ਸਿੱ.) ਸੰਗਰੂਰ ਸ੍ਰੀਮਤੀ ਬਲਜਿੰਦਰ ਕੌਰ ਨੂੰ ਮਿਲਿਆ। ਵਫ਼ਦ ਨੇ ਮੰਗ ਪੱਤਰ ਅਤੇ ਗੱਲਬਾਤ ਰਾਹੀਂ ਮੰਗ ਰੱਖੀ ਕਿ ਜ਼ਿਲ੍ਹੇ ਵਿੱਚ ਈਟੀਟੀ ਤੋਂ ਹੈੱਡ ਟੀਚਰਾਂ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ। ਇਹ ਤਰੱਕੀਆਂ ਲੰਮੇ ਸਮੇਂ ਤੋਂ ਪੈਂਡਿੰਗ ਪਈਆਂ ਹਨ ਜਿਸ ਕਾਰਨ ਜ਼ਿਲ੍ਹੇ ਦੇ ਅਧਿਆਪਕਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ ਅਤੇ ਉਹ ਤਰੱਕੀ ਦੇ ਆਪਣੇ ਬਣਦੇ ਹੱਕ ਤੋਂ ਵਾਂਝੇ ਹਨ।
ਇਸ ਤੋਂ ਇਲਾਵਾ ਬੀਤੀ 5 ਸਤੰਬਰ ਦੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਅਤੇ ਪੰਜਾਬ ਸਰਕਾਰ ਦੇ ਸਮਾਜਿਕ ਨਿਆਂ ਅਤੇ ਘੱਟ ਗਿਣਤੀ ਵਿਭਾਗ ਦੇ ਪੱਤਰ ਦੀਆਂ ਹਿਦਾਇਤਾਂ ਅਨੁਸਾਰ ਰਿਜਰਵੇਸ਼ਨ ਕੋਟੇ ਦਾ ਬਣਦਾ ਬੈਕਲਾਗ ਪਹਿਲ ਦੇ ਅਧਾਰ ‘ਤੇ ਭਰ ਕੇ ਯੋਗ ਉਮੀਦਵਾਰਾਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ।
ਡੀ.ਈ.ਓ. ਨੇ ਕਿਹਾ ਕਿ ਤਰੱਕੀਆਂ ਦਾ ਕੰਮ ਚੱਲ ਰਿਹਾ ਹੈ ਅਤੇ ਬਹੁਤ ਜਲਦ ਇਹ ਤਰੱਕੀਆਂ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਜਥੇਬੰਦੀ ਦੇ ਮੰਗ ਪੱਤਰਾਂ ਅਨੁਸਾਰ ਅਧਿਆਪਕਾਂ ਦੇ ਬਕਾਇਆ ਪਏ ਹੋਰ ਮਸਲਿਆਂ ਨੂੰ ਹੱਲ ਕਰਨ ਦੀ ਮੰਗ ਕੀਤੀ ਗਈ ਜਿਸ ‘ਤੇ ਡੀ.ਈ.ਓ. ਵੱਲੋਂ ਹਾਂ-ਪੱਖੀ ਹੁੰਘਾਰਾ ਦਿੱਤਾ ਗਿਆ। ਵਫ਼ਦ ਵਿੱਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ, ਜ਼ਿਲ੍ਹਾ ਪ੍ਰੈੱਸ ਸਕੱਤਰ ਜਸਬੀਰ ਨਮੋਲ,ਬਲਾਕਾਂ ਦੇ ਆਗੂ ਬਿੱਕਰ ਸਿੰਘ, ਸੰਜੀਵ ਭੀਖੀ ਤੇ ਪ੍ਰੇਮ ਨਿਮਾਣਾ ਅਤੇ ਦੀਦਾਰ ਸਿੰਘ ਸ਼ਾਮਿਲ ਸਨ।