All Latest NewsNews FlashPunjab News

ਮਜ਼ਦੂਰਾਂ ਵੱਲੋਂ CM ਭਗਵੰਤ ਮਾਨ ਦੀ ਕੋਠੀ ਅੱਗੇ ਧਰਨਾ ਲਗਾਉਣ ਦਾ ਐਲਾਨ

 

ਦਲਜੀਤ ਕੌਰ, ਸੰਗਰੂਰ

ਖੇਤ ਮਜ਼ਦੂਰਾਂ ਵੱਲੋਂ ਅੱਜ ਰਵਿਦਾਸਪੁਰਾ ਟਿੱਬੀ ਸੁਨਾਮ ਵਿਖੇ ਇੱਕ ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਲਗਾਏ ਜਾ ਰਹੇ ਧਰਨੇ ਦੀ ਤਿਆਰੀ ਵਜੋਂ ਸੰਗਰੂਰ, ਸੁਨਾਮ, ਦਿੜ੍ਹਬਾ ਬਲਾਕਾਂ ਦੇ ਸਰਗਰਮ ਕਾਰਕੁਨਾਂ ਦੀ ਅਹਿਮ ਮੀਟਿੰਗ ਮਜ਼ਦੂਰ ਆਗੂ ਧਰਮਪਾਲ ਨਮੋਲ ਦੀ ਅਗਵਾਈ ਹੇਠ ਕੀਤੀ ਗਈ।

ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਪ੍ਰਗਟ ਸਿੰਘ ਕਾਲਾਝਾੜ ਨੇ ਕਿਹਾ ਕਿ ਅਕਾਲੀਆਂ, ਕਾਂਗਰਸੀਆਂ ਦੀਆਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਨੇ ਵੀ ਦਲਿਤ ਖੇਤ ਮਜਦੂਰਾਂ ਦੀ ਜ਼ਿੰਦਗੀ ਵੱਲ ਕੋਈ ਧਿਆਨ ਨਹੀਂ ਦਿੱਤਾ। ਖੇਤ ਮਜ਼ਦੂਰ ਜਿਵੇਂ ਦੀ ਨਰਕ ਭਰੀ ਪਹਿਲਾਂ ਜਿੰਦਗੀ ਜਿਉ ਰਹੇ ਸਨ ਉਵੇਂ ਦੀ ਨਰਕ ਭਰੀ ਜਿੰਦਗੀ ਅੱਜ ਵੀ ਜਿਉ ਰਹੇ ਹਨ।

ਉਨ੍ਹਾਂ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਆਪਣਾ ਦਲਿਤ ਵਿਰੋਧੀ ਚਿਹਰਾ ਦਿਖਾਉਂਦੇ ਹੋਏ ਲਗਾਤਾਰ ਖੇਤ ਮਜ਼ਦੂਰਾਂ ਨੂੰ ਮੀਟਿੰਗ ਦੇ ਕੇ ਕਈ ਵਾਰ ਮੁੱਕਰਿਆ ਗਿਆ ਹੈ।

ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਇਹ ਦਲਿਤ ਵਿਰੋਧੀ ਰਵੱਈਆ ਦੇਖਦੇ ਹੋਏ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਖੇਤ ਮਜ਼ਦੂਰਾਂ ਦੀਆਂ ਮੰਗਾਂ ਜਿਵੇਂ ਕਿ ਜਮੀਨ ਹੱਦਬੰਦੀ ਕਾਨੂੰਨ ਲਾਗੂ ਕਰਵਾਉਣ, ਪੰਚਾਇਤੀ ਰਿਜ਼ਰਵ ਕੋਟੇ ਦੀ ਜਮੀਨ ਖੇਤ ਮਜ਼ਦੂਰਾਂ ਨੂੰ ਪੱਕੇ ਤੌਰ ਦਵਾਉਣ ਲਈ, ਮਨਰੇਗਾ ਦੀ ਦਿਹਾੜੀ ਵਿੱਚ ਵਾਧਾ ਕਰਵਾਉਣ ਅਤੇ ਸਾਲ ਭਰ ਲਈ ਕੰਮ ਲਈ, ਮਜ਼ਦੂਰਾਂ ਸਿਰ ਚੜਿਆ ਸਮੁੱਚਾ ਕਰਜ਼ਾ ਰੱਦ ਕਰਵਾਉਣ ਲਈ ਆਦਿ ਮੰਗਾਂ ਨੂੰ ਲੈ ਕੇ ਇੱਕ ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਧਰਨਾ ਦਿੱਤਾ ਜਾਵੇਗਾ। ਪੰਜਾਬ ਦੇ ਖੇਤ ਮਜ਼ਦੂਰਾਂ ਨੂੰ ਵੱਡੀ ਗਿਣਤੀ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ।

ਅੱਜ ਦੀ ਮੀਟਿੰਗ ‘ਚ ਸਤਪਾਲ ਸਿੰਘ ਅਤੇ ਜਸਵੰਤ ਸਿੰਘ ਮਹਿਲਾਂ ਚੌਂਕ, ਜਗਸੀਰ ਸਿੰਘ ਬਿਗੜਵਾਲ, ਦਲਜੀਤ ਕੌਰ ਰਵਿਦਾਸਪੁਰਾ ਟਿੱਬੀ, ਪਰਮਜੀਤ ਕੌਰ ਰਵਿਦਾਸਪੁਰਾ ਟਿੱਬੀ, ਅਮਨਦੀਪ ਸਿੰਘ ਚੱਠੇ ਸੇਖਵਾਂ, ਗੁਰਸੇਵਕ ਸਿੰਘ ਚੱਠੇ ਸੇਖਵਾਂ, ਜਗਸੀਰ ਸਿੰਘ ਉੱਭਾਵਾਲ, ਪੂਜਾ ਰਾਣੀ, ਕੁਲਦੀਪ ਕੌਰ ਰਵਿਦਾਸਪੁਰਾ ਬਸਤੀ, ਜਸਵੀਰ ਕੌਰ ਖਡਿਆਲ, ਮਨਜੀਤ ਕੌਰ ਖਡਿਆਲ ਆਦਿ ਪਿੰਡਾਂ ਦੇ ਖੇਤ ਮਜ਼ਦੂਰ ਸ਼ਾਮਿਲ ਸਨ।

 

Leave a Reply

Your email address will not be published. Required fields are marked *