ਪੀ.ਐੱਸ.ਯੂ ਸ਼ਹੀਦ ਰੰਧਾਵਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ 28 ਸਤੰਬਰ ਨੂੰ ਖਟਕੜ ਕਲਾਂ ‘ਚ ਰੈਲੀ ਕਰਨ ਦਾ ਐਲਾਨ
ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਤੋਂ ਮਿਊਜ਼ੀਅਮ ਤੱਕ ਕੀਤਾ ਜਾਵੇਗਾ ਵਿਦਿਆਰਥੀ ਮਾਰਚ
ਦਲਜੀਤ ਕੌਰ, ਸੰਗਰੂਰ:
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਸੂਬਾਈ ਆਗੂ ਹੁਸ਼ਿਆਰ ਸਲੇਮਗੜ ਤੇ ਅਮਿਤੋਜ ਮੌੜ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸ਼ਹੀਦ ਦੇ ਪਿੰਡ ਖਟਕੜ ਕਲਾਂ ਵਿਖੇ ਰੈਲੀ ਤੇ ਮਾਰਚ ਰਾਹੀਂ ਸ਼ਰਧਾਂਜਲੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਮਾਤਾ ਵਿੱਦਿਆਵਤੀ ਪਾਰਕ ਦੇ ਵਿੱਚ ਰੈਲੀ ਤੋਂ ਬਾਅਦ ਸ਼ਹੀਦ ਭਗਤ ਸਿੰਘ ਦੇ ਘਰ ਤੋਂ ਮਿਊਜ਼ੀਅਮ ਤੱਕ ਇਨਕਲਾਬੀ ਨਾਹਰਿਆਂ ਰਾਹੀਂ ਵਿਦਿਆਰਥੀ ਮਾਰਚ ਕੀਤਾ ਜਾਵੇਗਾ ਤੇ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਅੱਜ ਜਦੋਂ ਪੰਜਾਬ ਦੀ ਆਪ ਪਾਰਟੀ ਵੱਲੋਂ ਸ਼ਹੀਦ ਭਗਤ ਸਿੰਘ ਦੀ ਛਵੀ ਦੀ ਵਰਤੋਂ ਕਰਕੇ ਲੋਕਾਂ ਚ ਸ਼ਹੀਦ ਦੇ ਵਿਚਾਰਾਂ ਪ੍ਰਤੀ ਧੁੰਦਲਕਾ ਖੜ੍ਹਾ ਕੀਤਾ ਜਾ ਰਿਹਾ ਹੈ ਜਦੋਂ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਹੰਢਾ ਰਹੇ ਹਨ ਤੇ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਜ਼ੋਰਾਂ ‘ਤੇ ਹੈ ਬੀਜੇਪੀ ਵੱਲੋਂ ਜਾਤਪਾਤੀ ਪੱਤਾ ਵਰਤਕੇ ਕਿਸਾਨ ਮਜ਼ਦੂਰ ਸਾਂਝ ਨੂੰ ਖਿੰਡਾਉਣ ਦੀਆਂ ਚਾਲਾਂ ਜੱਗ ਜ਼ਾਹਰ ਹਨ ਨਵੀਂ ਸਿੱਖਿਆ ਨੀਤੀ ਲਾਗੂ ਕਰਕੇ ਸਿੱਖਿਆ ਦਾ ਨਿੱਜੀਕਰਨ, ਭਗਵਾਂਕਰਨ ਤੇ ਕੇਂਦਰੀਕਰਨ ਕੀਤਾ ਜਾ ਰਿਹਾ ਹੈ ਨੌਜਵਾਨ ਨਸ਼ਿਆਂ ਦੀ ਮਾਰ ਹੰਢਾ ਰਹੇ ਹਨ ਖਪਤਕਾਰੀ ਸੱਭਿਆਚਾਰ ਰਾਹੀਂ ਨੌਜਵਾਨਾਂ ਨੂੰ ਡਿਜੀਟਲ ਨਸ਼ੇੜੀ ਬਣਾਇਆ ਜਾ ਰਿਹਾ ਹੈ ਅਜਿਹੇ ਸਮੇਂ ਸ਼ਹੀਦ ਭਗਤ ਸਿੰਘ ਰਾਹ ਦਿਖਾਉਂਦਾ ਹੈ ਅਜਿਹੇ ਸਮੇਂ ਸ਼ਹੀਦ ਦੇ ਵਿਚਾਰਾਂ ਦੀ ਰੌਸ਼ਨੀ ਦੀ ਬੇਹੱਦ ਲੋੜ ਹੈ।
ਉਨਾਂ ਕਿਹਾ ਕਿ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਪਹੁੰਚ ਕੇ ਸੈਂਕੜੇ ਵਿਦਿਆਰਥੀ ਸ਼ਹੀਦ ਨੂੰ ਸ਼ਰਧਾਂਜਲੀ ਦੇਣਗੇ। ਉਨਾਂ ਕਿਹਾ ਕਿ 28 ਸਤੰਬਰ ਦੇ ਪ੍ਰੋਗਰਾਮ ਦੀ ਤਿਆਰੀ ਲਈ ਸਕੂਲਾਂ, ਕਾਲਜਾਂ, ਆਈ ਟੀ ਆਈਜ਼ ਆਦਿ ਵਿੱਦਿਅਕ ਸੰਸਥਾਵਾਂ ਅਤੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਮੀਟਿੰਗਾਂ, ਰੈਲੀਆਂ, ਪੋਸਟਰ ਤੇ ਲੀਫਲੈੱਟ ਰਾਹੀਂ ਮੁਹਿੰਮ ਚਲਾਈ ਜਾਵੇਗੀ। ਉਨਾਂ ਵਿਦਿਆਰਥੀਆਂ ਨੂੰ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵੱਡੀ ਗਿਣਤੀ ਚ ਕਾਫ਼ਲੇ ਬੰਨ ਕੇ ਪਹੁੰਚਣ ਦੀ ਅਪੀਲ ਕੀਤੀ।