ਅੰਧ ਵਿਸ਼ਵਾਸ਼ ਮਨੁੱਖ ਦੀ ਤਰੱਕੀ ਦੇ ਰਾਹ ‘ਚ ਬਣਦੈ ਵੱਡੀ ਰੁਕਾਵਟ: ਜਸਵੀਰ ਸੋਨੀ
ਜਸਵੀਰ ਸੋਨੀ ਬੁਢਲਾਡਾ
ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਇਕਾਈ ਬੁਢਲਾਡਾ ਵੱਲੋਂ ਦਾ ਰੋਇਲ ਗਰੁੱਪ ਆਫ਼ ਕਾਲਜਿਜ ਬੋੜਾਵਾਲ ਵਿਖੇ ਤਰਕਸ਼ੀਲ ਸੈਮੀਨਾਰ ਕੀਤਾ ਗਿਆ। ਜਿਸ ਵਿੱਚ ਤਰਕਸ਼ੀਲ ਆਗੂ ਜਸਵੀਰ ਸੋਨੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ਕਿ ਅੰਧ ਵਿਸ਼ਵਾਸ਼ ਜਿੱਥੇ ਮਨੁੱਖ ਦੀ ਤਰੱਕੀ ਵਿੱਚ ਰੁਕਾਵਟ ਹੀ ਨਹੀਂ ਬਣਦੇ ਬਲਕਿ ਇਹ ਮਨੁੱਖ ਦੀ ਆਰਥਿਕ, ਮਾਨਸਿਕ, ਲੁੱਟ ਦਾ ਕਾਰਨ ਹੀ ਨਹੀਂ ਬਣਦੇ ਬਲਕਿ ਮਨੁੱਖੀ ਜ਼ਿੰਦਗੀ ਲਈ ਘਾਤਕ ਵੀ ਸਾਬਤ ਹੁੰਦੇ ਹਨ।
ਜਿਸ ਦੀ ਉਦਾਹਰਣ ਪੰਜਾਬ ਵਿੱਚ ਪਿਛਲੇ ਸਮੇਂ ਵਿੱਚ ਵਾਪਰੀਆਂ ਬੱਚਿਆਂ ਦੀਆਂ ਬਲੀ ਦੇਣ ਦੀਆਂ ਘਟਨਾਵਾਂ ਅਤੇ ਭੂਤ ਕੱਢਣ ਦੇ ਨਾਮ ਤੇ ਇੱਕ ਨੋਜਵਾਨ ਦਾ ਬੇਰਹਮੀ ਨਾਲ ਕੀਤਾ ਗਿਆ ਕਤਲ ਸਾਡੇ ਸਾਹਮਣੇ ਹੈ। ਪਿਛਲੇ ਸਮੇਂ ਵਿੱਚ ਦੁਨੀਆਂ ਭਰ ਵਿੱਚ ਚਰਚਾ ਦਾ ਕੇਂਦਰ ਬਣੇ ਅਤੇ ਅੰਧ ਵਿਸ਼ਵਾਸ ਦੇ ਚਲਦਿਆਂ ਮਾਨਸਿਕ ਤੌਰ ਤੇ ਰੋਗੀ ਹੋਏ, ਰਾਜਸਥਾਨ ਦੇ ਭੈਂਸਲੀ ਪਿੰਡ ਦੇ ਇੱਕ ਨੋਜਵਾਨ ਵੱਲੋਂ ਅਪਣੇ ਹੀ ਤਿੰਨ ਮੈਂਬਰਾਂ, ਅਪਣੀ ਦਾਦੀ ਅਤੇ ਦੋ ਮਾਸੂਮ ਬੱਚਿਆਂ ਦੇ ਕਤਲ ਅੰਧ ਵਿਸ਼ਵਾਸੀ ਮਾਨਸਿਕਤਾ ਦੀ ਮੂੰਹ ਬੋਲਦੀ ਤਸਵੀਰ ਸਾਡੇ ਸਾਹਮਣੇ ਹੈ।
ਉਨ੍ਹਾਂ ਕਿਹਾ ਕਿ ਅੰਧ ਵਿਸ਼ਵਾਸੀ ਮਨੁੱਖ, ਅੰਧ ਵਿਸ਼ਵਾਸੀ ਸਮਾਜ ,ਅਤੇ ਅੰਧ ਵਿਸ਼ਵਾਸੀ ਦੇਸ਼, ਕਦੇ ਵੀ ਤਰੱਕੀ ਨਹੀਂ ਕਰਦੇ, ਜੋ ਦੇਸ ਵਿਕਇਸ ਹੋਏ ਹਨ ਉਹ ਵਿਗਿਆਨਕ ਸੋਚ ਦੇ ਕਾਰਨ ਹੀ ਹੋਏ ਹਨ ਇਸ ਲਈ ਅੱਜ ਸਮੇਂ ਦੀ ਲੋੜ ਕਿ ਲੋਕ ਵਿਗਿਆਨਕ ਸੋਚ ਦੇ ਧਾਰਨੀ ਬਣਨ, ਵਿਗਿਆਨਕ ਕਿਤਾਬਾਂ ਪੜ੍ਹ ਲੈਣਾ ਹੀ ਕਾਫੀ ਨਹੀਂ ਹੈ, ਵਿਗਿਆਨਕ ਨਜ਼ਰੀਆ ਹੋਣਾ ਵੀ ਜ਼ਰੂਰੀ ਹੈ। ਜਾਦੂ ਬਾਰੇ ਬੋਲਦਿਆਂ ਕਿਹਾ ਕਿ ਜਾਦੂ ਇੱਕ ਕਲਾ ਹੈ, ਇਸ ਨੂੰ ਕੋਈ ਵੀ ਸਿੱਖ ਸਕਦਾ ਹੈ। ਪਰ ਜਦੋਂ ਇਹ ਕਲਾ ਕੁਝ ਚਾਲਾਕ ਲੋਕਾਂ ਨੂੰ ਆ ਜਾਂਦੀ ਹੈ ਤਾਂ ਉਹ ਇਸ ਨੂੰ ਗੈਬੀ ਸ਼ਕਤੀਆਂ ਨਾਲ ਜੋੜ ਕੇ ਗੁਮਰਾਹ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਸ ਤੋਂ ਬਚਣ ਦੀ ਲੋੜ ਹੈ।
ਬੁਢਲਾਡਾ ਇਕਾਈ ਮੁਖੀ ਸੇਵਾ ਸਿੰਘ ਸੇਖੋਂ ਨੇ ਵਿਦਿਆਰਥੀਆਂ ਨੂੰ ਤਰਕ ਦੇ ਧਾਰਨੀ ਬਣਨ ਅਤੇ ਤਰਕਸ਼ੀਲ ਸੁਸਾਇਟੀ ਨਾਲ ਜੁੜਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਤਰਕ ਹੀ ਇੱਕ ਅਜਿਹਾ ਰਾਹ ਹੈ ਜਿਸ ਤੇ ਚੱਲਕੇ ਜ਼ਿੰਦਗੀ ਨੂੰ ਵਧੀਆ ਅਤੇ ਖੁਸ਼ਹਾਲ ਬਣਾਇਆ ਜਾ ਸਕਦਾ ਹੈ। ਤਰਕਸ਼ੀਲ਼ ਸੋਚ ਦਾ ਧਾਰਨੀ ਵਿਅਕਤੀ ਜਿੱਥੇ ਖੁਦ ਵਧੀਆ ਜ਼ਿੰਦਗੀ ਜਿੰਉਦਾ ਹੈ ਉੱਥੇ ਹੀ ਉਹ ਦੂਸਰਿਆਂ ਲਈ ਵੀ ਰਾਹ ਦਸੇਰਾ ਬਣਦਾ ਹੈ। ਇਸ ਸਮੇਂ ਇਕਾਈ ਦੇ ਸਰਗਰਮ ਮੈਂਬਰ ਬਲਜੀਤ ਸਿੰਘ ਦਿਆਲਪੁਰਾ ਨੇ ਵੀ ਅਪਣੇ ਵਿਚਾਰ ਰੱਖੇ।
ਇਸ ਸਮੇਂ ਕਾਲਜ਼ ਚੇਅਰਮੈਨ ਡਾਕਟਰ ਕੁਲਦੀਪ ਸਿੰਘ ਬੱਲ, ਅਤੇ ਪ੍ਰਿੰਸੀਪਲ ਡਾਕਟਰ ਕੁਲਵਿੰਦਰ ਸਿੰਘ ਨੇ ਤਰਕਸ਼ੀਲ ਟੀਮ ਨੂੰ ਜੀ ਆਇਆਂ ਕਹਿੰਦੇ ਹੋਏ ਸਵਾਗਤ ਕੀਤਾ, ਸਹਾਇਕ ਪ੍ਰੋਫੈਸਰ ਪ੍ਰਗਟ ਸਿੰਘ ਨੇ ਟੀਮ ਦੀ ਵਿਦਿਆਰਥੀਆਂ ਨਾਲ ਜਾਣ ਪਹਿਚਾਣ ਕਰਵਾਈ ਅਤੇ ਸਹਾਇਕ ਪ੍ਰੋਫੈਸਰ ਦਵਿੰਦਰ ਸਿੰਘ ਨੇ ਸਟੇਜ ਸੰਚਾਲਨ ਕੀਤਾ, ਡਾਕਟਰ ਭੁਪਿੰਦਰ ਸਿੰਘ ਅਤੇ ਸਹਾਇਕ ਪ੍ਰੋਫੈਸਰ ਹੈਪੀ ਸਿੰਘ ਨੇ ਤਰਕਸ਼ੀਲ ਟੀਮ ਦਾ ਧੰਨਵਾਦ ਕਰਦੇ ਹੋਏ ਅੱਗੇ ਤੋਂ ਕਾਲਜ ਵਿੱਚ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਆਸ਼ਵਾਸਨ ਦਿੱਤਾ।