ਚਲਦੀ ਪ੍ਰੈਸ ਕਾਨਫਰੰਸ ‘ਚ ਪੱਤਰਕਾਰਾਂ ਨੇ ਪੁਲਿਸ ‘ਤੇ ਲਾਏ ਗੰਭੀਰ ਦੋਸ਼- ਨਸ਼ਿਆਂ ਸਬੰਧੀ ਖਬਰਾਂ ਨੂੰ ਨਸ਼ਰ ਨਾ ਕਰਨ ‘ਤੇ ਬਣਾਇਆ ਜਾਂਦਾ ਦਬਾਅ, ਪੜ੍ਹੋ ਐਸਐਸਪੀ ਨੇ ਕੀ ਦਿੱਤਾ ਜਵਾਬ?

All Latest NewsNews FlashPunjab News

 

ਪਰਮਜੀਤ ਢਾਬਾਂ, ਫਾਜ਼ਿਲਕਾ:

ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਨਸ਼ਿਆਂ ਦੀ ਜੜ੍ਹ ਨੂੰ ਪੁੱਟਣ ਲਈ ਆਪਣੀ ਪੂਰੀ ਵਾਹ ਲਾਉਂਦਿਆਂ ਆਖਰੀ ਕਦਮ “ਯੁੱਧ ਨਸ਼ਿਆਂ ਵਿਰੁੱਧ” ਦੇ ਨਾਂ ਤੇ ਮੁਹਿੰਮ ਛੇੜੀ ਹੋਈ ਹੈ। ਜਦੋਂਕਿ ਫਾਜ਼ਿਲਕਾ ਪੁਲਿਸ ਆਪਣੇ ਵੱਖਰੇ ਅਤੇ ਨਿਰਾਲੇ ਅੰਦਾਜ਼ ਵਿੱਚ ਕੰਮ ਕਰ ਰਹੀ ਹੈ। ਜੇਕਰ ਜ਼ਿਲ੍ਹੇ ਦੇ ਕਿਸੇ ਵੀ ਸ਼ਹਿਰ, ਕਸਬੇ ਜਾਂ ਮੰਡੀ ਤੋਂ ਪੱਤਰਕਾਰ ਨਸ਼ਾ ਤਸਕਰਾਂ, ਨਸ਼ੇੜੀਆਂ ਅਤੇ ਨਸ਼ੇ ਸਬੰਧੀ ਖਬਰਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਨਸ਼ਰ ਕਰਦਾ ਹੈ ਤਾਂ ਫਾਜ਼ਿਲਕਾ ਪੁਲਿਸ ਦੇ ਕੁੱਝ ਅਧਿਕਾਰੀ ਅਤੇ ਕਰਮਚਾਰੀ ਉਹਨਾਂ ਖਬਰਾਂ ਨੂੰ ਨਾ ਲਾਉਣ ਅਤੇ ਚਲਾਈਆਂ ਵੀਡੀਓਜ਼ ਨੂੰ ਡਿਲੀਟ ਕਰਨ ਲਈ ਦਬਾਅ ਬਣਾਉਂਦੇ ਹਨ।

ਇਹ ਮਾਮਲਾ ਅੱਜ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਪੱਤਰਕਾਰ ਮਿਲਣੀ ਦੇ ਨਾਂ ਤੇ ਬਿਨਾਂ ਅਜੰਡੇ ਤੋਂ ਸੱਦੀ ਗਈ ਮੀਟਿੰਗ ਵਿੱਚ ਭਖਿਆ ਰਿਹਾ। ਸ਼ਾਇਦ ਅੱਜ ਦੀ ਮੀਟਿੰਗ ਵਿੱਚ ਪਹੁੰਚੇ ਫਾਜ਼ਿਲਕਾ ਦੇ ਸਮੂਹ ਪੱਤਰਕਾਰਾਂ ਦਾ ਸਬਰ ਦਾ ਪਿਆਲਾ ਭਰ ਚੁੱਕਿਆ ਹੋਵੇਗਾ ਕਿ ਬਹੁਗਿਣਤੀ ਪੱਤਰਕਾਰਾਂ ਨੇ ਪੁਲਿਸ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਜਦੋਂ ਉਹ ਨਸ਼ੇ ਸਬੰਧੀ ਕੋਈ ਨਸ਼ੇੜੀ, ਨਸ਼ਾ ਤਸਕਰ ਜਾਂ ਫਿਰ ਹੋਰ ਖਬਰ ਨੂੰ ਛਪਵਾਉਂਦੇ ਜਾਂ ਫਿਰ ਟੈਲੀਕਾਸਟ ਕਰਦੇ ਹਨ ਤਾਂ ਉਹਨਾਂ ਦੇ ਦਫਤਰ ਵੱਲੋਂ ਪਹਿਲਾਂ ਮੁਲਾਜ਼ਮ ਵੱਲੋਂ ਵੀਡੀਓ ਨੂੰ ਡਿਲੀਟ ਕਰਨ ਲਈ ਦਬਾਅ ਬਣਾਇਆ ਜਾਂਦਾ ਹੈ। ਜਿਸ ਦੇ ਸਬੂਤ ਉਹਨਾਂ ਕੋਲੋਂ ਮੌਜੂਦ ਹਨ।

ਵਾਰ-ਵਾਰ ਫੋਨ ਕਰਨ ਤੇ ਜਦੋਂ ਵੀਡੀਓਜ਼ ਨੂੰ ਡਿਲੀਟ ਨਹੀਂ ਕੀਤਾ ਜਾਂਦਾ ਤਾਂ ਫਿਰ ਪੱਤਰਕਾਰਾਂ ਤੇ ਹੋਰ ਦਬਾਅ ਪਾਉਣ ਲਈ ਸਿਆਸੀ ਦਬਾਅ ਬਣਾਇਆ ਜਾਂਦਾ ਹੈ। ਪੱਤਰਕਾਰਾਂ ਨੇ ਇੱਕਜੁੱਟਤਾ ਦਿਖਾਉਂਦਿਆਂ ਕਿਹਾ ਕਿ ਉਹ ਨਸ਼ਿਆਂ ਖਿਲਾਫ ਯੁੱਧ ਵਿੱਚ ਸਰਕਾਰ ਦੇ ਨਾਲ ਖੜੇ ਹਨ,ਪਰੰਤੂ ਨਸ਼ਾ ਤਸਕਰਾਂ ਦਾ ਸਾਥ ਦੇਣ ਵਾਲੇ ਪੁਲਿਸ ਵਾਲਿਆਂ ਦਾ ਪਰਦਾਫਾਸ਼ ਕਰਨਗੇ।

ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਮੋਹਰ ਸਿੰਘ ਵਾਲਾ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਗਣੇਸ਼ ਸਿੰਘ ਨੇ ਸਿੱਧੇ ਤੌਰ ਤੇ ਸੋਸ਼ਲ ਮੀਡੀਆ ਤੇ ਦੋਸ਼ ਲਾਏ ਸਨ ਕਿ ਉਨਾਂ ਨੇ ਉਹਨਾਂ ਦੇ ਪਿੰਡ ਨਸ਼ਾ ਵੇਚਣ ਵਾਲਿਆਂ ਦੇ ਨਾਮ ਸਮੁੱਚੀ ਪੰਚਾਇਤ ਵੱਲੋਂ ਲਿਖਤੀ ਤੌਰ ਤੇ ਪੁਲਿਸ ਨੂੰ ਦਿੱਤੇ ਗਏ ਸਨ, ਪਰੰਤੂ ਨਸ਼ਾ ਤਸਕਰ ਉਸੇ ਤਰ੍ਹਾਂ ਨਸ਼ਾ ਵੇਚ ਰਹੇ ਹਨ। ਪੁਲਿਸ ਅਧਿਕਾਰੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ।

ਪੁਲਿਸ ਅਧਿਕਾਰੀਆਂ ਨੂੰ ਹਦਾਇਤ, ਪੱਤਰਕਾਰਾਂ ਨਾਲ ਤਾਲਮੇਲ ਬਣਾ ਕੇ ਰੱਖੋ- ਐਸਐਸਪੀ ਬਰਾੜ

ਪੱਤਰਕਾਰਾਂ ਨੇ ਸਵਾਲ ਕੀਤਾ ਕਿ ਅੱਜ ਕਿਸ ਅਜੰਡੇ ਤੇ ਮੀਟਿੰਗ ਸੱਦੀ ਗਈ ਹੈ, ਉਹਨਾਂ ਨੂੰ ਦੱਸਿਆ ਜਾਵੇ। ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਪੱਤਰਕਾਰਾਂ ਦਾ ਗੋਲ ਮੋਲ ਜਵਾਬ ਦਿੰਦਿਆਂ ਦਬਾਅ ਦੀ ਗੱਲ ਅਸਿੱਧੇ ਰੂਪ ਵਿੱਚ ਕਬੂਲਦੇ ਹੋਏ ਕਿਹਾ ਕਿ ਉਹ ਹੁਣ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕਰਨਗੇ ਕਿ ਉਹ ਇਸ ਤਰ੍ਹਾਂ ਦਾ ਅੱਗੇ ਤੋਂ ਨਾ ਕਰਨ, ਪ੍ਰੰਤੂ ਉਹਨਾਂ ਨੇ ਇਹ ਮੀਟਿੰਗ ਆਪਸੀ ਤਾਲਮੇਲ ਵਧਾਉਣ ਲਈ ਸੱਦੀ ਹੈ।

ਜਦੋਂ ਇੱਕ ਸੀਨੀਅਰ ਪੱਤਰਕਾਰ ਵੱਲੋਂ ਐਸਐਸਪੀ ਨੂੰ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਨਾ ਕਰਨ ਅਤੇ ਰਿਸ਼ਵਤ ਲੈ ਕੇ ਨਸ਼ਾ ਵਿਕਾਉਣ ਵਾਲਿਆਂ ਅਧਿਕਾਰੀਆਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਲਿਖਤੀ ਤੌਰ ਤੇ ਇਹੋ ਜਿਹੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨਗੇ ਤਾਂ ਕਿ ਦੂਸਰਿਆਂ ਨੂੰ ਸਬਕ ਮਿਲ ਸਕੇ। ਗੌਰਤਲਬ ਹੈ ਕਿ ਪੰਜਾਬ ਸਰਕਾਰ ਦੀਆਂ ਅੱਖਾਂ ਸਾਹਮਣੇ ਇਹ ਸਾਬਤ ਕਰਨ ਲਈ ਮੀਡੀਆ ਰਾਹੀਂ ਪੁਲਿਸ ਬਹੁਤ ਮੁਸਤੈਦੀ ਨਾਲ ਕੰਮ ਕਰ ਰਹੀ ਹੈ,ਪ੍ਰੰਤੂ ਜਮੀਨੀ ਹਕੀਕਤ ਇਹ ਹੈ ਨਸ਼ਾ ਤਸਕਰ ਅੱਜ ਵੀ ਨਸ਼ਾ ਵੇਚਣ ਦਾ ਧੰਦਾ ਉਸੇ ਤਰ੍ਹਾਂ ਕਰ ਰਹੇ ਹਨ।

 

Media PBN Staff

Media PBN Staff

Leave a Reply

Your email address will not be published. Required fields are marked *