ਵੱਡਾ ਫ਼ੈਸਲਾ: ਕਾਲਜ ਅਧਿਆਪਕਾਂ ਲਈ 7ਵਾਂ ਪੇ-ਸਕੇਲ ਤੁਰੰਤ ਲਾਗੂ ਕਰਨ ਦੇ ਹੁਕਮ
ਅਧਿਆਪਕਾਂ ਨੂੰ 7ਵਾਂ ਪੇ-ਸਕੇਲ ਦਿੱਤਾ ਜਾਵੇ, ਜੇ ਯੂਨੀਵਰਸਿਟੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਤਾਂ ਨਿਯਮਾਂ ਅਨੁਸਾਰ ਕਾਲਜਾਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ
ਚੰਡੀਗੜ੍ਹ
ਪੰਜਾਬ ਤੇ ਚੰਡੀਗੜ੍ਹ ਦੇ ਕਾਲਜ ਅਧਿਆਪਕਾਂ ਦੀ ਸੰਸਥਾ ਐਸੋਸੀਏਸ਼ਨ ਆਫ ਯੂਨਾਈਟਡ ਕਾਲਜ ਟੀਚਰਜ਼ ਨੇ ਕੁੱਝ ਦਿਨ ਪਹਿਲਾਂ ਪੰਜਾਬ ਯੂਨੀਵਰਸਿਟੀ ਦੀ ਕਾਲਜ ਡਿਵੈਲਪਮੈਂਟ ਕੌਂਸਲ ਦੇ ਡਾਇਰੈਕਟਰ ਡਾ. ਸੰਜੇ ਕੌਸ਼ਿਕ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਦਸੰਬਰ 2023 ਵਿੱਚ ਪੰਜਾਬ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਚਿੱਠੀ ਸਬੰਧੀ ਕਾਲਜਾਂ ‘ਤੇ ਜਲਦ ਕਾਰਵਾਈ ਕੀਤੀ ਜਾਵੇ।
ਸੰਸਥਾ ਦੇ ਬੁਲਾਰੇ ਪ੍ਰੋ. ਤਰੁਣ ਘਈ ਨੇ ਦੱਸਿਆ ਕਿ 28.9.2022 ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਾਲਜਾਂ ਵਿੱਚ 7ਵਾਂ ਪੇ ਸਕੇਲ ਲਾਗੂ ਕਰ ਦਿੱਤਾ ਗਿਆ ਸੀ। ਢਾਈ ਸਾਲ ਲੰਘ ਜਾਣ ਦੇ ਬਾਵਜੂਦ ਵੀ 99 ਫ਼ੀਸਦੀ ਕਾਲਜਾਂ ਨੇ 7ਵਾਂ ਪੇ-ਸਕੇਲ ਲਾਗੂ ਨਹੀਂ ਕੀਤਾ।
ਯੂਨੀਵਰਸਿਟੀ ਵੱਲੋਂ ਇੱਕ ਪੱਤਰ ਜਾਰੀ ਕਰਕੇ ਆਦੇਸ਼ ਦਿੱਤੇ ਗਏ ਸੀ ਕਿ ਜੇ 21 ਦਿਨਾਂ ਦੇ ਅੰਦਰ 7ਵਾਂ ਪੇ-ਸਕੇਲ ਲਾਗੂ ਨਾ ਕੀਤਾ ਗਿਆ ਤਾਂ ਯੂਨੀਵਰਸਿਟੀ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪ੍ਰੋ.ਘਈ ਨੇ ਦੱਸਿਆ ਕਿ ਅਸੀਂ ਡਾ. ਸੰਜੇ ਕੌਸ਼ਿਕ ਨੂੰ ਕਿਹਾ ਸੀ ਕਿ ਹੁਣ ਕਾਲਜਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਜਾਗਰਣ ਦੀ ਖ਼ਬਰ ਅਨੁਸਾਰ, ਇਸ ਲੜੀ ਵਿੱਚ ਯੂਨੀਵਰਸਿਟੀ ਵੱਲੋਂ ਇੱਕ ਹੋਰ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਸਾਫ ਲਿਖਿਆ ਗਿਆ ਹੈ ਕਿ ਦਸੰਬਰ 2023 ਦੀ ਚਿੱਠੀ ਦੇ ਤਹਿਤ ਜਲਦ ਤੋਂ ਜਲਦ ਅਧਿਆਪਕਾਂ ਨੂੰ 7ਵਾਂ ਪੇ-ਸਕੇਲ ਦਿੱਤਾ ਜਾਵੇ ਅਤੇ ਜੇਕਰ ਯੂਨੀਵਰਸਿਟੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਤਾਂ ਯੂਨੀਵਰਸਿਟੀ ਨਿਯਮਾਂ ਅਨੁਸਾਰ ਕਾਲਜਾਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ।
ਸੰਸਥਾ ਨੇ ਡਾ. ਸੰਜੇ ਕੌਸ਼ਿਕ ਦਾ ਸੰਸਥਾ ਦੀ ਮੰਗ ‘ਤੇ ਜਲਦ ਸਖ਼ਤ ਪੱਤਰ ਜਾਰੀ ਕਰਨ ਲਈ ਧੰਨਵਾਦ ਕੀਤਾ। ਸੰਸਥਾ ਦੇ ਜਨਰਲ ਸਕੱਤਰ ਪ੍ਰੋ. ਜਸਪਾਲ ਸਿੰਘ ਨੇ ਦੱਸਿਆ ਕਿ ਜੇਕਰ ਮਈ ਮਹੀਨੇ ਦੀ ਤਨਖ਼ਾਹ ਅਧਿਆਪਕਾਂ ਨੂੰ ਨਵੇਂ ਪੇ ਸਕੇਲ ਅਨੁਸਾਰ ਨਾ ਦਿੱਤੀ ਗਈ, ਤਾਂ ਸੰਸਥਾ ਨੂੰ ਮਜਬੂਰਨ ਕਾਲਜਾਂ ਦੇ ਸਾਹਮਣੇ ਧਰਨਾ ਦੇਣਾ ਪਵੇਗਾ ਅਤੇ ਯੂਨੀਵਰਸਿਟੀ ਨੂੰ ਵੀ ਮਜਬੂਰ ਕੀਤਾ ਜਾਵੇਗਾ ਕਿ ਉਹ ਕਾਲਜਾਂ ਦੀ ਐਫੀਲੀਏਸ਼ਨ ਜਲਦ ਤੋਂ ਜਲਦ ਰੱਦ ਕਰੇ।