ਪੰਜਾਬ ਪੁਲਿਸ ਵੱਲੋਂ SHO ਸਸਪੈਂਡ, ਚੰਡੀਗੜ੍ਹ ਪੜ੍ਹਦੀ ਲੜਕੀ ਦੀ ਮੌਤ ਦਾ ਮਾਮਲਾ
ਚੰਡੀਗੜ੍ਹ –
ਚੰਡੀਗੜ੍ਹ ਪੜਦੀ ਬਠਿੰਡੇ ਦੀ ਇੱਕ ਲੜਕੀ ਦੇ ਕਥਿਤ ਤੌਰ ‘ਤੇ ਹੋਏ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਜਿੱਥੇ ਪੰਜ ਲੋਕਾਂ ਨੂੰ ਗਿਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਪੁਲਿਸ ਵਿਭਾਗ ਦੇ ਵੱਲੋਂ ਐਸਐਚਓ ਮੌੜ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਐਸਐਚਓ ਉੱਤੇ ਡਿਊਟੀ ਦੌਰਾਨ ਅਨਗਹਿਲੀ ਵਰਤਣ ਦੇ ਦੋਸ਼ ਲੱਗੇ ਹਨ।
ਪੰਜਾਬੀ ਟ੍ਰਿਬਿਊਨ ਦੀ ਖਬਰ ਅਨੁਸਾਰ, 19 ਸਾਲਾ ਲੜਕੀ ਜੋ ਚੰਡੀਗੜ੍ਹ ਵਿਖੇ ਆਪਣੀ ਪੜ੍ਹਾਈ ਕਰ ਰਹੀ ਸੀ ਅਤੇ ਉਹ ਬੀਤੇ ਦੋ ਦਿਨਾਂ ਤੋਂ ਗਾਇਬ ਸੀ। ਲੜਕੀ ਦੇ ਪਰਿਵਾਰ ਇਸ ਬਾਰੇ 10 ਮਾਰਚ ਦੀ ਸਵੇਰੇ ਪਤਾ ਲੱਗਿਆ ਅਤੇ ਉਨ੍ਹਾਂ ਨੇ ਪੁਲੀਸ ਕੋਲ ਲੜਕੀ ਦੇ ਕਤਲ ਹੋਣ ਦਾ ਸ਼ੱਕ ਜ਼ਾਹਿਰ ਕੀਤਾ। ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਰੋਸ ਵਜੋਂ ਮੰਡੀ ਵਾਸੀਆਂ ਨੇ ਕੱਲ੍ਹ ਦੂਜੇ ਦਿਨ ਵੀ ਬਜ਼ਾਰ ਬੰਦ ਕਰ ਕੇ ਬਠਿੰਡਾ-ਭਵਾਨੀਗੜ੍ਹ ਰਾਜਮਾਰਗ ਜਾਮ ਕਰ ਦਿੱਤਾ।
ਇਸ ਉਪਰੰਤ ਪੁਲੀਸ ਨੇ ਲੜਕੀ ਦੀ ਮ੍ਰਿਤਕ ਦੇਹ ਪਿੰਡ ਯਾਰਤੀ ਦੇ ਨੇੜੇ ਮਿਲਣ ਦਾ ਦਾਅਵਾ ਕੀਤਾ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ। ਦੂਜੇ ਪਾਸੇ ਐੱਸਐੱਸਪੀ ਬਠਿੰਡਾ ਅਮਨੀਤ ਕੋਂਡਲ ਨੇ ਦੱਸਿਆ ਕਿ 19 ਸਾਲਾ ਲੜਕੀ ਦੇ ਕਤਲ ਮਾਮਲੇ ਵਿੱਚ ਪੁਲੀਸ ਵੱਲੋਂ ਕਰੀਬ ਇੱਕ ਦਰਜਨ ਤੋਂ ਉੱਪਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਸ ਵਿੱਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਧਰ ਮਾਮਲੇ ਵਿਚ ਅਣਗਹਿਲੀ ਕਰਨ ਵਾਲੇ ਥਾਣਾ ਮੁਖੀ ਮਨਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਿਸ ਦੀ ਇਸ ਕਾਰਵਾਈ ਤੋਂ ਸੰਤੁਸ਼ਟ ਲੋਕਾਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ।