All Latest NewsNews FlashPunjab News

ਮਾਸਟਰ ਨਿਰਭੈ ਸਿੰਘ ਖਾਈ ‘ਤੇ ਕਾਤਲਾਨਾ ਹਮਲਾ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਜੱਥੇਬੰਦੀਆਂ ਵੱਲੋਂ ਮੰਤਰੀ ਗੋਇਲ ਦੇ ਘਰ ਦਾ ਘਿਰਾਓ

 

ਜਨਤਕ ਜਮਹੂਰੀ ਜਥੇਬੰਦੀਆਂ ਨੇ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਲਈ ਲਹਿਰਾਗਾਗਾ ਸ਼ਹਿਰ ਦੇ ਮੁੱਖ ਬਾਜ਼ਾਰਾਂ ‘ਚ ਕੀਤਾ ਰੋਸ ਮਾਰਚ

ਦਲਜੀਤ ਕੌਰ, ਲਹਿਰਾਗਾਗਾ

ਬੀਤੀ 25 ਅਪ੍ਰੈਲ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਮਾਸਟਰ ਨਿਰਭੈ ਸਿੰਘ ਖਾਈ ਨੂੰ ਰਸਤੇ ਵਿੱਚ ਘੇਰ ਕੇ ਇੱਥੋਂ ਦੇ ਭੂ ਮਾਫੀਆ ਗੁੰਡਾ ਗਰੋਹ ਵੱਲੋਂ ਉਹਨਾਂ ਦੀਆਂ ਲੱਤਾਂ ਬਾਹਾਂ ਤੋੜ ਦਿੱਤੀਆਂ ਗਈਆਂ ਸਨ ਅਤੇ ਅਗਵਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਦੋਸ਼ੀਆਂ ਤੇ ਪਰਚਾ ਦਰਜ ਹੋਣ ਦੇ ਬਾਵਜੂਦ ਅੱਜ ਅੱਠ ਦਿਨ ਬੀਤਣ ਤੇ ਵੀ ਪੁਲਿਸ ਵੱਲੋਂ ਇੱਕ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।

ਦੋਸ਼ੀਆਂ ਦੀ ਗਿਰਫਤਾਰੀ ਲਈ ਅਤੇ ਪਿੰਡ ਖਾਈ ਦੇ ਗਰੀਬ ਪਰਿਵਾਰ ਦੀ ਕੀਤੀ ਗਈ ਜਾਅਲੀ ਰਜਿਸਟਰੀ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਅੱਜ ਸਥਾਨਕ ਅਨਾਜ ਮੰਡੀ ਵਿੱਚ ਸਵੇਰੇ 11 ਵਜੇ ਤੋਂ ਡੇਢ ਵਜੇ ਤੱਕ ਰੋਸ ਰੈਲੀ ਕੀਤੀ ਅਤੇ ਉਸ ਤੋਂ ਬਾਅਦ ਬਾਜ਼ਾਰ ਵਿੱਚੋਂ ਦੀ ਰੋਸ ਮੁਜ਼ਾਹਰਾ ਕਰਦੇ ਹੋਏ ਸਥਾਨਕ ਹਲਕੇ ਦੇ ਮੰਤਰੀ ਵਰਿੰਦਰ ਗੋਇਲ ਦੇ ਘਰ ਦਾ ਘਿਰਾਓ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਮਿੰਦਰ ਸਿੰਘ ਪਟਿਆਲਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜ਼ਿਲਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਬੀਕੇਯੂ ਏਕਤਾ ਆਜ਼ਾਦ ਦੇ ਆਗੂ ਲੀਲਾ ਸਿੰਘ ਚੋਟੀਆਂ, ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਸਕੱਤਰ ਬਹਾਦਰ ਸਿੰਘ ਭੁਟਾਲ, ਕੁਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਜਿਲਾ ਪ੍ਰਧਾਨ ਸਤਵੰਤ ਸਿੰਘ ਖੰਡੇਬਾਦ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਊਧਮ ਸਿੰਘ ਸੰਤੋਖਪੁਰਾ, ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਿਲਾ ਪ੍ਰਧਾਨ ਸੁਖਵਿੰਦਰ ਗਿਰ ਅਤੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਤੋਂ ਹਥੋਆ ਨੇ ਦੋਸ਼ ਲਾਇਆ ਕਿ ਸਥਾਨਕ ਇਲਾਕੇ ਵਿੱਚ ਸਰਗਰਮ ਭੂ ਮਾਫੀਆ ਗਰੋਹ ਲੋਕਾਂ ਦੀਆਂ ਆਪਸੀ ਪਰਿਵਾਰਕ ਰੌਲੇ ਵਾਲੀਆਂ ਜਮੀਨਾਂ ਨੂੰ ਸਸਤੇ ਭਾਅ ਖਰੀਦ ਕੇ ਉਹਨਾਂ ਉੱਪਰ ਫਿਰ ਕਬਜ਼ੇ ਕਰਦਾ ਹੈ ਤੇ ਅੱਗੇ ਮਹਿੰਗੇ ਭਾਅ ਵੇਚਦਾ ਹੈ।

ਇਸ ਗਰੋਹ ਦੀ ਪੁਸ਼ਤ ਪਨਾਹੀ ਸਥਾਨਕ ਮੰਤਰੀ ਵਰਿੰਦਰ ਗੋਇਲ ਕਰ ਰਹੇ ਹਨ, ਕਿਉਂਕਿ ਪਿੰਡ ਖਾਈ ਵਿੱਚ ਜਦੋਂ ਇਸੇ ਤਰ੍ਹਾਂ ਇਸ ਗਰੋਹ ਨੇ ਇੱਕ ਪਰਿਵਾਰ ਦੀ ਜਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੂਰੇ ਪਿੰਡ ਵੱਲੋਂ ਅਤੇ ਮਾਸਟਰ ਨਿਰਭੈ ਸਿੰਘ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਜਿਸ ਦੀ ਰੰਜਸ ਵਿੱਚ ਉਕਤ ਗਰੋਹ ਨੇ ਨਿਰਭੈ ਸਿੰਘ ਤੇ ਕਾਤਲਾਨਾ ਹਮਲਾ ਕੀਤਾ। ਮੰਤਰੀ ਦੀ ਸਹਿ ਕਾਰਨ ਹੀ ਪੁਲਿਸ ਪ੍ਰਸ਼ਾਸਨ ਕਥਿਤ ਦੋਸ਼ੀਆਂ ਨੂੰ ਗਿਰਫਤਾਰ ਨਹੀਂ ਕਰ ਰਿਹਾ।

ਇਸ ਮੌਕੇ ਹਾਜ਼ਰ ਇਕੱਠ ਨੇ ਡੀਐੱਸਪੀ ਲਹਿਰਾ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਉਠਾਏ ਅਤੇ ਉਹਨਾਂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤੇ ਡੀਐੱਸਪੀ ਮੂਣਕ ਨੇ ਆ ਕੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਇਸ ਤੋਂ ਬਾਅਦ ਜਥੇਬੰਦੀਆਂ ਨੇ ਘਿਰਾਓ ਖਤਮ ਕਰਕੇ ਐਲਾਨ ਕੀਤਾ ਕਿ ਜੇਕਰ ਜਲਦੀ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ 13 ਮਈ ਨੂੰ ਸੰਗਰੂਰ ਵਿਖੇ ਇਸ ਮਾਮਲੇ ਨੂੰ ਲੈ ਕੇ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਲਈ ਪੰਜਾਬ ਸਰਕਾਰ ਅਤੇ ਸੰਗਰੂਰ ਦਾ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ।

ਅੱਜ ਦੇ ਰੋਸ ਧਰਨੇ ਨੂੰ ਲੋਕ ਚੇਤਨਾ ਮੰਚ ਦੇ ਆਗੂ ਰਘਬੀਰ ਸਿੰਘ ਭਟਾਲ, ਖੇਤੀਬਾੜੀ ਕਿਸਾਨ ਵਿਕਾਸ ਫਰੰਟ ਦੇ ਆਗੂ ਮਹਿੰਦਰ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਸਵਰਨ ਸਿੰਘ ਨਵਾਂਗਾਂਓ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗੋਬਿੰਦ ਸਿੰਘ ਛਾਜਲੀ, ਜਮਹੂਰੀ ਅਧਿਕਾਰ ਸਭਾ ਦੇ ਆਗੂ ਕੁਲਦੀਪ ਸਿੰਘ, ਮੁਲਾਜ਼ਮ ਆਗੂ ਪੂਰਨ ਖਾਈ, ਰਘਵੀਰ ਸਿੰਘ ਭਵਾਨੀਗੜ੍ਹ, ਦਲਜੀਤ ਸਿੰਘ ਸਫੀਪੁਰ, ਦਰਸ਼ਨ ਸਿੰਘ ਕੁੰਨਰਾਂ ਨੇ ਵੀ ਸੰਬੋਧਨ ਕੀਤਾ।

 

Leave a Reply

Your email address will not be published. Required fields are marked *