ਸਕੂਲ ਮੁਖੀ ਨੂੰ ਸਿਆਸੀ ਹਿੱਤ ਲਈ ਮੁਅੱਤਲ ਕਰਨ ਦੀ ਸਾਂਝੇ ਅਧਿਆਪਕ ਮੋਰਚੇ ਵੱਲੋਂ ਨਿਖੇਧੀ
ਸਿੱਖਿਆ ਕ੍ਰਾਂਤੀ ਦੀ ਝੂਠੀ ਡਰਾਮੇਬਾਜ਼ੀ ਛੱਡ ਕੇ ਸਾਰੇ ਸਕੂਲਾਂ ਵਿੱਚ ਅਧਿਆਪਕ ਪੂਰੇ ਕਰਨ ਦੀ ਕੀਤੀ ਮੰਗ
10 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਝੰਡਾ ਮਾਰਚ ਕੀਤਾ ਜਾਵੇਗਾ
ਪੰਜਾਬ ਨੈੱਟਵਰਕ, ਚੰਡੀਗੜ੍ਹ/ ਮੋਹਾਲੀ
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੁਮਾਰ ਪੁਆਰੀ, ਸੁਰਿੰਦਰ ਕੰਬੋਜ, ਬਲਜੀਤ ਸਿੰਘ ਸਲਾਣਾ, ਹਰਵਿੰਦਰ ਸਿੰਘ ਬਿਲਗਾ, ਬਾਜ ਸਿੰਘ ਖਹਿਰਾ, ਰਵਿੰਦਰਜੀਤ ਸਿੰਘ ਪੰਨੂ, ਗੁਰਜੰਟ ਸਿੰਘ ਵਾਲੀਆ, ਸੁਖਜਿੰਦਰ ਸਿੰਘ ਹਰੀਕਾ, ਗੁਰਿੰਦਰ ਸਿੰਘ ਸਿੱਧੂ, ਸ਼ਮਸ਼ੇਰ ਸਿੰਘ ਬੰਗਾ, ਅਮਨਬੀਰ ਸਿੰਘ ਗੁਰਾਇਆ ਨੇ ਸਾਂਝੇ ਬਿਆਨ ਰਾਹੀਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਗੋਇੰਦਵਾਲ ਜਿਲ੍ਹਾ ਤਰਨਤਾਰਨ ਦੇ ਸਕੂਲ ਵਿੱਚ ਸਿੱਖਿਆ ਕ੍ਰਾਂਤੀ ਸਮਾਗਮ ਤਹਿਤ ਸਕੂਲ ਵਿੱਚ ਮਾੜਾ ਮੋਟਾ ਕੰਮ ਕਰ ਰਹੇ ਬੱਚਿਆਂ ਦੀ ਆੜ ਹੇਠ ਸਕੂਲ ਮੁਖੀ ਨੂੰ ਮੁਅੱਤਲ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ।
ਆਗੂਆਂ ਨੇ ਕਿਹਾ ਕਿ ਸਕੂਲ ਵਿੱਚ ਸਮਾਗਮ ਦੌਰਾਨ ਕਈ ਵਾਰ ਬੱਚਿਆਂ ਤੋਂ ਆਓ ਭਗਤ ਕਰਾਈ ਜਾਂਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਬੱਚੇ ਵੇਟਰ ਬਣ ਜਾਂਦੇ ਹਨ ਇਸ ਤੋਂ ਇਲਾਵਾ ਵਿਭਾਗ ਵੱਲੋਂ ਬਿਜਨਸ ਬਲਾਸਟਰ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਵਿਦਿਆਰਥੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦਾ ਸਮਾਨ ਤਿਆਰ ਕਰਕੇ ਵੇਚਿਆ ਜਾਂਦਾ ਹੈ।
ਇਸ ਦਾ ਮਤਲਬ ਇਹ ਨਹੀਂ ਕਿ ਵਿਦਿਆਰਥੀ ਮਜ਼ਦੂਰ ਬਣ ਜਾਂਦੇ ਹਨ। ਇਹ ਸਿਰਫ ਸਿੱਖਿਆ ਕ੍ਰਾਂਤੀ ਦੇ ਸਮਾਗਮਾਂ ਦੀ ਹੋ ਰਹੀ ਬਦਨਾਮੀ ਤੋ ਬਚਣ, ਆਮ ਆਦਮੀ ਪਾਰਟੀ ਦੇ ਸੌੜੇ ਸਿਆਸੀ ਹਿੱਤਾਂ ਅਤੇ ਆਪਣੀ ਵਾਹ ਵਾਹ ਖੱਟਣ ਲਈ ਅਧਿਆਪਕਾਂ ਦੀ ਬਲੀ ਦਿੱਤੀ ਜਾ ਰਹੀ ਹੈ।
ਸਾਂਝੇ ਅਧਿਆਪਕ ਮੋਰਚੇ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਦੇ ਪ੍ਰਿੰਸੀਪਲ ਗੁਰਪ੍ਰਤਾਪ ਸਿੰਘ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਆਗੂਆਂ ਨੇ ਦੱਸਿਆ ਕਿ ਸਿੱਖਿਆ ਕ੍ਰਾਂਤੀ ਸਮਾਗਮਾਂ ਲਈ ਵਿਭਾਗ ਵੱਲੋਂ ਹਾਲੇ ਤੱਕ ਕੋਈ ਗਰਾਂਟ ਜਾਰੀ ਨਹੀਂ ਕੀਤੀ ਗਈ।
ਸਰਕਾਰ ਵੱਲੋਂ ਅਧਿਆਪਕਾਂ ਨੂੰ ਝੂਠੀ ਸਿੱਖਿਆ ਕ੍ਰਾਂਤੀ ਦੇ ਸਮਾਗਮ ਕਰਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅਧਿਆਪਕ ਮਜਬੂਰੀ ਵੱਸ ਇਹਨਾਂ ਸਮਾਗਮਾਂ ਦਾ ਸਾਰਾ ਖਰਚਾ ਆਪਣੇ ਪੱਲਿਓਂ ਹੀ ਕਰ ਰਹੇ ਹਨ।
ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਿੱਖਿਆ ਕ੍ਰਾਂਤੀ ਦੀ ਝੂਠੀ ਡਰਾਮੇਬਾਜੀ ਛੱਡ ਕੇ ਪ੍ਰਾਇਮਰੀ ਸਕੂਲਾਂ ਵਿੱਚ ਜਮਾਤਵਾਰ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵਿਸ਼ਾਵਾਰ ਅਧਿਆਪਕ ਪੂਰੇ ਕਰਨ ਲਈ ਅਧਿਆਪਕਾਂ ਦੀ ਭਰਤੀ ਕਰਨ ਅਤੇ ਅਧਿਆਪਕਾਂ ਦੇ ਸਾਲਾਂ ਤੋਂ ਲਟਕ ਰਹੇ ਮਸਲੇ ਹੱਲ ਕਰਨ ਦੀ ਜੋਰਦਾਰ ਮੰਗ ਕੀਤੀ।
ਉਹਨਾਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੇ ਅਧਿਆਪਕ ਮਸਲਿਆਂ ਪ੍ਰਤੀ ਅੜੀਅਲ ਵਤੀਰਾ ਅਪਣਾਉਣ ਵਿਰੁੱਧ 10 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਝੰਡਾ ਮਾਰਚ ਵਿੱਚ ਅਧਿਆਪਕ ਅਤੇ ਅਧਿਆਪਕ ਜਥੇਬੰਦੀਆਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ।