All Latest NewsNews FlashPunjab News

‘ਮਾਣ ਭੱਤਾ ਵਰਕਰਜ਼ ਸਾਂਝੇ ਮੋਰਚੇ’ ਦਾ ਵੱਡਾ ਐਲਾਨ, 10 ਮਈ ਨੂੰ ਅੰਮ੍ਰਿਤਸਰ ਵਿਖੇ ਹੋਵੇਗੀ ਜ਼ਿਲ੍ਹਾ ਪੱਧਰੀ ਰੈਲੀ

 

ਪੰਜਾਬ ਨੈੱਟਵਰਕ, ਅੰਮ੍ਰਿਤਸਰ

ਡੈਮੋਕ੍ਰੈਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਅਤੇ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਵੱਲੋਂ ਸਾਂਝੇ ਤੌਰ ‘ਤੇ ‘ਮਾਣ ਭੱਤਾ ਵਰਕਰਜ਼ ਸਾਂਝੇ ਮੋਰਚੇ’ ਦੇ ਬੈਨਰ ਹੇਠ 10 ਮਈ ਨੂੰ ਸਵੇਰੇ 10 ਵਜੇ ਨਹਿਰੀ ਦਫ਼ਤਰ ਅੰਮ੍ਰਿਤਸਰ ਅੰਮ੍ਰਿਤਸਰ ਵਿਖੇ ਜ਼ਿਲ੍ਹਾ ਪੱਧਰੀ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਸ ਜ਼ਿਲ੍ਹਾ ਕਮੇਟੀ ਦੀ ਸਾਂਝੀ ਮੀਟਿੰਗ ਕੀਤੀ ਗਈ ਜਿਸ ਵਿੱਚ ਦੋਵਾਂ ਜਥੇਬੰਦੀਆਂ ਵੱਲੋਂ ਪਰਮਜੀਤ ਕੌਰ ਮਾਨ, ਮਮਤਾ ਸ਼ਰਮਾ, ਸਰਬਜੀਤ ਕੌਰ ਛੱਜਲਵੱਡੀ ਅਤੇ ਹਰਜਿੰਦਰ ਕੌਰ ਗਹਿਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੀ ਸਰਕਾਰ ਦੇ ਤਿੰਨ ਸਾਲ ਲੰਬੇ ਅਰਸੇ ਦੌਰਾਨ ਵੀ ਮਾਣ-ਭੱਤਾ ਵਰਕਰਾਂ ਦੀ ਤਨਖਾਹ ਦੁਗਣੀ ਕਰਨ ਦੀ ਦਿੱਤੀ ਗਰੰਟੀ ਨੂੰ ਲਾਗੂ ਨਹੀਂ ਕੀਤਾ ਗਿਆ।

ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਅਨੁਸਾਰ ਦੇਸ਼ ਅੰਦਰ ਕੰਮ ਕਰਨ ਵਾਲੇ ਹਰੇਕ ਵਰਕਰ ਨੂੰ ਬਿਨਾ ਕਿਸੇ ਭੇਦ ਭਾਵ ਦੇ ਘੱਟੋ ਘੱਟ ਉਜ਼ਰਤਾਂ ਦੇਣਾ ਹਰੇਕ ਜ਼ਮਹੂਰੀ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਹੁੰਦੀ ਹੈ ਪ੍ਰੰਤੂ ਪੰਜਾਬ ਦੀਆਂ ਸਭ ਸਰਕਾਰਾਂ ਵੱਲੋਂ ਮਿਡ ਡੇ ਮੀਲ ਵਰਕਰਾਂ ਅਤੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਇਸ ਮੌਲਿਕ ਅਧਿਕਾਰ ਤੋਂ ਵਾਂਝਾ ਰੱਖ ਕੇ ਉਹਨਾ ਦਾ ਸੋਸ਼ਣ ਕੀਤਾ ਜਾਂਦਾ ਰਿਹਾ ਹੈ, ਜੋ ਕਿ ਇਨਕਲਾਬ ਦੇ ਨਾਅਰੇ ਲਗਾ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਬਾਦਸਤੂਰ ਜਾਰੀ ਹੈ।

ਉਹਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਪ੍ਰਤੀ ਮਹੀਨਾ ਉੱਕਾ ਪੁੱਕਾ ਢਾਈ ਹਜ਼ਾਰ ਰੁਪਏ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਤਿੰਨ ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ, ਜਿਸ ਵਿੱਚ ਪਿਛਲੇ ਤਿੰਨ ਸਾਲ ਤੋਂ ਇੱਕ ਦੁੱਕੇ ਦਾ ਵੀ ਵਾਧਾ ਨਹੀਂ ਕੀਤਾ ਗਿਆ ਜਦਕਿ ਇਸ ਸਮੇਂ ਦੌਰਾਨ ਮਹਿੰਗਾਈ ਛੜੱਪੇ ਮਾਰ ਕੇ ਵਧੀ ਹੈ।

ਉਕਤ ਆਗੂਆਂ ਨੇ ਕਿਹਾ ਕਿ ਮਾਣ ਭੱਤਾ ਵਰਕਰਾਂ ਦੀ ਤਨਖਾਹ ਘੱਟੋ-ਘੱਟ ਤਨਖਾਹ ਦਰਜਾ ਚਾਰ ਮੁਲਾਜ਼ਮਾਂ ਦੇ ਬਰਾਬਰ ਕਰਵਾਉਣ ਅਤੇ ਹੋਰ ਮੰਗਾਂ ਮੰਨਵਾਉਣ ਲਈ ਮਾਣ ਭੱਤਾ ਵਰਕਰਜ਼ ਸਾਂਝੇ ਮੋਰਚੇ ਵੱਲੋਂ ਮਈ ਮਹੀਨੇ ਵਿੱਚ ਜ਼ਿਲ੍ਹਾ ਪੱਧਰੀ ਰੈਲੀਆਂ ਕਰਨ ਦਾ ਫੈਸਲਾ ਕੀਤਾ ਗਿਆ ਸੀ ਜਿਸ ਅਨੁਸਾਰ 10 ਮਈ ਦਿਨ ਸ਼ਨੀਵਾਰ ਨੂੰ ਨਹਿਰੀ ਦਫ਼ਤਰ ਅੰਮ੍ਰਿਤਸਰ ਵਿਖੇ ਮਾਣ ਭੱਤਾ ਵਰਕਰਾਂ ਵੱਲੋਂ ਜ਼ਿਲ੍ਹਾ ਪੱਧਰੀ ਰੈਲੀ ਕਰਨ ਉਪਰੰਤ ਅੰਮ੍ਰਿਤਸਰ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਘਰ ਵੱਲ ਮਾਰਚ ਕਰਕੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਚੋਣ ਵਾਅਦਿਆਂ ਬਾਰੇ ਬਾਰੇ ਯਾਦ ਪੱਤਰ ਦਿੱਤਾ ਜਾਵੇਗਾ।

ਮੀਟਿੰਗ ਵਿੱਚ ਗੁਰਵੰਤ ਕੌਰ ਲੋਪੋਕੇ, ਕੰਵਲਜੀਤ ਕੌਰ ਲਸ਼ਕਰੀ ਨੰਗਲ, ਮਨਜੀਤ ਕੌਰ ਢਪੱਈਆਂ, ਹਰਜੀਤ ਕੌਰ ਛੇਹਰਟਾ, ਕੁਲਬੀਰ ਕੌਰ ਰਮਦਾਸ, ਪ੍ਰੇਮ ਲਤਾ ਅੰਮ੍ਰਿਤਸਰ, ਕੁਲਵੰਤ ਕੌਰ ਤਰਸਿੱਕਾ, ਖੁਸ਼ਬੂ ਗੋਪਾਲ ਨਗਰ, ਲਖਵਿੰਦਰ ਕੌਰ ਚੀਚਾ, ਪਰਮਜੀਤ ਕੌਰ ਲਹਿਰਕਾ, ਨਿਰਮਲ ਕੌਰ ਬੱਚੀਵਿੰਡ, ਜਸਵਿੰਦਰ ਕੌਰ ਮਹਿਤਾ, ਬਲਜਿੰਦਰ ਕੌਰ ਵੇਰਕਾ ਅਤੇ ਹਰਪ੍ਰੀਤ ਕੌਰ ਬਾਬਾ ਬਕਾਲਾ ਆਦਿ ਵੀ ਹਾਜਰ ਸਨ।

 

Leave a Reply

Your email address will not be published. Required fields are marked *