ਵੱਡੀ ਖਬਰ: ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਰੈਡ ਅਲਰਟ ਜਾਰੀ, ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਅਪੀਲ
ਪੰਜਾਬ ਨੈਟਵਰਕ ਚੰਡੀਗੜ੍ਹ
ਪਾਕਿਸਤਾਨ ਦੇ ਵੱਲੋਂ ਲੰਘੀ ਰਾਤ ਪੰਜਾਬ ਦੇ ਕਈ ਜ਼ਿਲਿਆਂ ਵਿੱਚ ਡਰੋਨ ਰਾਹੀਂ ਹਮਲੇ ਕੀਤੇ ਗਏ। ਜਿਸ ਤੋਂ ਬਾਅਦ ਵੱਖ-ਵੱਖ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਚੇਤਾਵਨੀ ਦਿੰਦਿਆਂ ਹੋਇਆਂ ਰੈਡ ਅਲਰਟ ਜਾਰੀ ਕਰ ਦਿੱਤਾ ਹੈ। ਰੈਡ ਅਲਰਟ ਇਲਾਕਿਆਂ ਦੇ ਵਿੱਚ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਤੋਂ ਇਲਾਵਾ ਬਠਿੰਡਾ ਤੇ ਜਲੰਧਰ ਵੀ ਸ਼ਾਮਿਲ ਹਨ।
ਫਿਰੋਜ਼ਪੁਰ ਵਿੱਚ ਸ਼ੁੱਕਰਵਾਰ ਰਾਤ 8 ਵਜੇ ਦਾ ਹੋਇਆ ਬਲੈਕ ਆਊਟ ਜਦੋਂ ਸ਼ਨੀਵਾਰ ਸਵੇਰੇ ਸਾਢੇ 5 ਵਜੇ ਖਤਮ ਹੋਇਆ ਤਾਂ ਉਸ ਤੋਂ ਕਰੀਬ ਪੌਣੇ ਤਿੰਨ ਘੰਟੇ ਬਾਅਦ 7 ਵੱਜ ਕੇ 50 ਮਿੰਟ ‘ਤੇ ਫਿਰੋਜ਼ਪੁਰ ਵਿੱਚ ਦੁਬਾਰਾ ਤੋਂ ਫਿਰ ਐਮਰਜੰਸੀ ਸਾਇਰਨ ਵਜਣੇ ਸ਼ੁਰੂ ਹੋ ਗਏ। ਇਸੇ ਸੰਬੰਧ ਵਿੱਚ DPRO ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪ ਸ਼ਿਖਾ ਸ਼ਰਮਾ ਨੇ ਫਿਰੋਜ਼ਪੁਰ ਵਾਸੀਆਂ ਨੂੰ ਅਪੀਲ ਕਰਦਿਆਂ ਇਕ ਮੈਸੇਜ ਜਾਰੀ ਕੀਤਾ ਕਿ ਸਾਇਰਨ ਵੱਜਣੇ ਸ਼ੁਰੂ ਹੋਣ ਵਾਲੇ ਹਨ (ਵੱਜ ਗਏ ਹਨ ) ਸਮੂਹ ਜ਼ਿਲ੍ਹਾ ਵਾਸੀ ਆਪੋ-ਆਪਣੇ ਘਰਾਂ ਵਿੱਚ ਹੀ ਰਹਿਣ| ਪ੍ਰਸ਼ਾਸਨ ਵੱਲੋਂ ਗ੍ਰੀਨ ਸਿਗਨਲ ਮਿਲਣ ਦੀ ਉਡੀਕ ਕਰਨ|ਡਿਪਟੀ ਕਮਿਸ਼ਨਰ ਦਾ ਮੈਸੇਜ ਜਾਰੀ ਹੁੰਦਿਆਂ ਹੀ ਸਿਵਿਲ ਡਿਫੈਂਸ ਫਿਰੋਜ਼ਪੁਰ ਅਤੇ ਹੋਰ ਸਹਿਯੋਗੀ ਜਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਲੋਕਾਂ ਨੂੰ ਗੈਰ ਜਰੂਰੀ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਲਈ ਆਖਿਆ ਗਿਆ। ਇਸ ਮੌਕੇ ਸ਼ਹਿਰ ਦੇ ਸਭ ਤੋਂ ਭੀੜ ਵਾਲੇ ਇਲਾਕੇ ਸਬਜੀ ਮੰਡੀ ਵਿੱਚ ਵੀ ਲੋਕਾਂ ਨੂੰ ਘਰੋਂ ਘਰੀ ਜਾਣ ਲਿਆ ਆਖਿਆ ਗਿਆ।
ਦੂਜੇ ਪਾਸੇ, ਜਲੰਧਰ ਦੇ ਪਿੰਡ ਕੰਗਣੀਵਾਲ ਵਿੱਚ ਸ਼ਨੀਵਾਰ ਸਵੇਰੇ ਵੱਡਾ ਧਮਾਕਾ ਹੋਇਆ। ਮਿਜ਼ਾਈਲ ਦੇ ਕੁਝ ਟੁਕੜੇ ਪਿੰਡ ਵਿੱਚੋਂ ਮਿਲੇ ਹਨ। ਇਸ ਧਮਾਕੇ ਕਾਰਨ ਪਿੰਡ ਵਿੱਚ ਦੋ ਕਾਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕੰਗਣੀਵਾਲ ਪਿੰਡ ਜੰਡੂ ਸਿੰਘਾ ਨੇੜੇ ਜਲੰਧਰ-ਆਦਮਪੁਰ ਰੋਡ ‘ਤੇ ਹੈ। ਆਦਮਪੁਰ ਏਅਰ ਫੋਰਸ ਸਟੇਸ਼ਨ ਇੱਥੋਂ ਲਗਪਗ 15 ਕਿਲੋਮੀਟਰ ਦੂਰ ਹੈ।ਸ਼ਨੀਵਾਰ ਨੂੰ ਪਹਿਲੀ ਵਾਰ ਪਾਕਿਸਤਾਨ ਨੇ ਦਿਨ ਵੇਲੇ ਡਰੋਨ ਨਾਲ ਪੰਜਾਬ ਦੇ ਕੁਝ ਜ਼ਿਲ੍ਹਿਆਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਫੌਜ ਨੇ ਨਾਕਾਮ ਕਰ ਦਿੱਤਾ। ਸਵੇਰੇ ਪਾਕਿਸਤਾਨ ਵੱਲੋਂ ਜਿਨ੍ਹਾਂ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਗੁਰਦਾਸਪੁਰ, ਤਰਨਤਾਰਨ, ਬਠਿੰਡਾ, ਫਿਰੋਜ਼ਪੁਰ ਅਤੇ ਅੰਮ੍ਰਿਤਸਰ ਸ਼ਾਮਲ ਹਨ।ਜਲੰਧਰ ਛਾਉਣੀ ਵਿੱਚ, ਪੁਲਿਸ ਅਤੇ ਫੌਜ ਵੱਲੋਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ। DC ਨੇ ਐਡਵਾਈਜ਼ਰੀ ਕੀਤੀ ਜਾਰੀ ਕਰਦਿਆਂ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈੈ ਤੇ ਹੇਠ ਲਿਖੀਆਂ ਸਾਵਧਾਨੀਆਂ ਵਰਤਣ ਲਈ ਆਖਿਆ ਹੈ।
ਇਸ ਦੇ ਨਾਲ ਹੀ ਸ਼ਨੀਵਾਰ ਸਵੇਰੇ ਬਠਿੰਡਾ ਦੇ ਏਅਰ ਫੋਰਸ ਸਟੇਸ਼ਨ ਨੇੜੇ ਇੱਕ ਧਮਾਕਾ ਹੋਇਆ। ਇਸ ਤੋਂ ਬਾਅਦ ਫੌਜ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਧਮਾਕੇ ਤੋਂ ਬਾਅਦ ਫੌਜ ਨੇ ਸਟੇਸ਼ਨ ਦੇ ਸਾਰੇ ਗੇਟ ਬੰਦ ਕਰ ਦਿੱਤੇ। ਇਸ ਤੋਂ ਬਾਅਦ ਡੀਸੀ ਵੱਲੋਂ ਜ਼ਿਲ੍ਹੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।ਡੀਸੀ ਨੇ ਕਿਹਾ ਕਿ ਸਾਰੇ ਵਸਨੀਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਘਰਾਂ/ਇਮਾਰਤਾਂ ਦੇ ਅੰਦਰ ਰਹਿਣ ਅਤੇ ਸਵੈ-ਸੁਰੱਖਿਆ ਦੇ ਉਪਾਅ ਕਰਨ। ਬਿਜਲੀ ਨਹੀਂ ਕੱਟੀ ਜਾਵੇਗੀ, ਪਰ ਹੋਰ ਸਾਰੇ ਉਪਾਅ ਲਾਗੂ ਰਹਿਣਗੇ।
ਇਸ ਤੋਂ ਪਹਿਲਾਂ ਵੀਰਵਾਰ ਰਾਤ ਨੂੰ ਬਠਿੰਡਾ ਵਿੱਚ ਚਾਰ ਤੋਂ ਵੱਧ ਧਮਾਕੇ ਹੋਏ ਸਨ। ਪਿੰਡ ਤੁੰਗਵਾਲੀ ਦੇ ਇੱਕ ਘਰ ਦੀਆਂ ਸ਼ੀਸ਼ੇ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਟੁੱਟ ਗਏ। ਦੂਜੇ ਪਾਸੇ, ਪਿੰਡਾਂ ਵਿੱਚ ਡਿੱਗੇ ਇਨ੍ਹਾਂ ਟੁਕੜਿਆਂ ਨੂੰ ਫੌਜ ਦੇ ਜਵਾਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਮੋਹਾਲੀ ਵਿੱਚ ਡੀਸੀ ਨੇ ਵੀ ਐਡਵਾਈਜ਼ਰੀ ਜਾਰੀ ਕਰਦਿਆਂ ਹੋਇਆਂ, ਲੋਕਾਂ ਨੂੰ ਇਕੱਠੇ ਹੋਣ ਅਤੇ ਭੀੜ ਤੋਂ ਬਚਣ ਦੀ ਸਲਾਹ ਦਿੰਦਿਆਂ ਹੋਇਆਂ, ਉੱਚੀਆਂ ਇਮਾਰਤਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਨਾਲ ਹੀ ਕਿਹਾ ਹੈ ਕਿ ਜੇਕਰ ਸਾਇਰਨ ਸੁਣਦੇ ਹਨ ਤਾਂ ਤੁਰੰਤ ਇਹਨਾਂ ਨਿਰਦੇਸ਼ਾਂ ਦੀ ਪਾਲਣਾ ਕਰੋ ਜੇਕਰ ਜਰੂਰੀ ਨਾ ਹੋਵੇ ਤਾਂ ਮਾਲ ਜਾਂ ਫਿਰ ਉੱਚੀਆਂ ਇਮਾਰਤਾਂ ਤੋਂ ਬਚੋ ਸ਼ਾਂਤ ਰਹੋ ਅਤੇ ਸੈਨਾ ਦਾ ਸਹਿਯੋਗ ਕਰੋ।