ਮਾਸਟਰ ਨਿਰਭੈ ਸਿੰਘ ਖਾਈ ‘ਤੇ ਕਾਤਲਾਨਾ ਹਮਲਾ ਕਰਨ ਵਾਲੇ ਦੋਸ਼ੀਆਂ ਦੀ ਗਿਰਫ਼ਤਾਰੀ ਲਈ ਪਿੰਡਾਂ ‘ਚ ਝੰਡਾ ਮਾਰਚ

All Latest News

 

ਦਲਜੀਤ ਕੌਰ, ਲਹਿਰਾਗਾਗਾ:

ਅੱਜ ਕਿਸਾਨ ਜਥੇਬੰਦੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਦੀ ਅਗਵਾਈ ਹੇਠ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਆਗੂ ਮਾਸਟਰ ਨਿਰਭੈ ਸਿੰਘ ਖਾਈ ਤੇ ਕਾਤਲਾਨਾ ਹਮਲਾ ਕਰਨ ਵਾਲੇ ਦੋਸ਼ੀਆਂ ਦੀ ਗਿਰਫਤਾਰੀ ਲਈ ਅਤੇ ਦੋਸ਼ੀਆਂ ਨੂੰ ਸ਼ਹਿ ਦੇਣ ਵਾਲੇ ਕੈਬਨਟ ਮੰਤਰੀ ਬਰਿੰਦਰ ਦੇ ਖਿਲਾਫ ਹਲਕਾ ਲਹਿਰਾ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੀਤਾ ਗਿਆ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਆਗੂ ਮੇਘਰਾਜ ਚੋਟੀਆਂ ਨੇ ਦੱਸਿਆ ਕਿ 25 ਅਪ੍ਰੈਲ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਿਰਭੈ ਸਿੰਘ ਖਾਈ ਨੂੰ ਡਿਊਟੀ ਤੇ ਜਾਂਦਿਆਂ ਨੂੰ ਰਸਤੇ ਵਿੱਚ ਘੇਰ ਕੇ ਇਲਾਕੇ ਵਿੱਚ ਸਰਗਰਮ ਭੂ ਮਾਫੀਆ ਗੁੰਡਾ ਗਰੋਹ ਜਿਸ ਨੂੰ ਕੈਬਨਟ ਮੰਤਰੀ ਨਰਿੰਦਰ ਗੋਇਲ ਦੀ ਸ਼ਹਿ ਪ੍ਰਾਪਤ ਹੈ ਨੇ ਉਹਨਾਂ ਦੀਆਂ ਲੱਤਾਂ ਤੇ ਬਾਹਾਂ ਤੋੜ ਦਿੱਤੀਆਂ ਸਨ। ਮੁਕਦਮਾ ਦਰਜ ਹੋਣ ਦੇ ਬਾਵਜੂਦ ਅਜੇ ਤੱਕ ਪੁਲਿਸ ਵੱਲੋਂ ਇੱਕ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਪੁਲਿਸ ਦੋਸੀਆਂ ਦੀ ਪੁਸਤ ਪਨਾਹੀ ਕਰ ਰਹੀ ਹੈ ਜਿਸ ਤੋਂ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਹੈ।

ਉਨ੍ਹਾਂ ਦੱਸਿਆ ਕਿ ਅੱਜ ਪਿੰਡ ਖਾਈ ਤੋਂ ਸ਼ੁਰੂ ਕਰਕੇ ਰਾਮਗੜ੍ਹ ਸੰਧੂਆਂ, ਸੇਖੂਬਾਸ ਘੋੜੇਨਾਬ, ਕਾਲਵੰਜਾਰਾ, ਜਲੂਰ, ਢੀਡਸਾ, ਭਟਾਲ ਕਲਾਂ, ਲੇਹਲ ਕਲਾਂ, ਬਖੋਰਾ ਕਲਾਂ, ਬਖੋਰਾ ਖੁਰਦ, ਰਾਮਪੁਰਾ ਜਵਾਹਰ ਵਾਲਾ, ਲੇਹਲ ਖੁਰਦ ਪਿੰਡਾਂ ਵਿੱਚ ਝੰਡਾ ਮਾਰਚ ਕੱਢਦਿਆਂ ਸ਼ਹਿਰ ਵਿੱਚੋਂ ਵੀ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਕੈਬਨਟ ਮੰਤਰੀ ਬਰਿੰਦਰ ਗੋਇਲ ਦੇ ਦਫਤਰ ਅੱਗੇ ਮੰਡੀ ਵਿੱਚ ਮੰਤਰੀ ਦੀ ਅਰਥੀ ਫੂਕ ਕੇ ਰੋਸ ਪ੍ਰਗਟ ਕੀਤਾ ਗਿਆ ਅਤੇ ਦੋਸ਼ ਲਾਇਆ ਗਿਆ ਕਿ ਕਥਿਤ ਤੌਰ ਤੇ ਮੰਤਰੀ ਦੇ ਦਬਾਅ ਕਾਰਨ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਇਸ ਮੌਕੇ ਆਗੂਆਂ ਨੇ ਬੋਲਦਿਆਂ ਸੁਨੇਹਾ ਦਿੱਤਾ ਕਿ ਦੋਸ਼ੀਆਂ ਦੀ ਗਿਰਫਤਾਰੀ ਲਈ 26 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸੰਗਰੂਰ ਵਿੱਚ ਵੱਡਾ ਰੋਸ ਮੁਜ਼ਾਹਰਾ ਕੀਤਾ ਜਾਵੇਗਾ।

ਅੱਜ ਦੇ ਝੰਡਾ ਮਾਰਚ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ, ਕਰਮਜੀਤ ਸਿੰਘ ਸਤੀਪੁਰਾ, ਦਰਸ਼ਨ ਸਿੰਘ ਖਾਈ, ਦਰਸ਼ਨ ਸਿੰਘ ਕੁੰਨਰਾਂ, ਮੁਲਾਜ਼ਮ ਆਗੂ ਪੂਰਨ ਸਿੰਘ ਖਾਈ, ਡੈਮੋਕਰੇਟਿਕ ਟੀਚਰ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਆਗੂ ਦਲਜੀਤ ਸਿੰਘ ਸਫੀਪੁਰ, ਕਿਰਤੀ ਦਲ ਦੇ ਆਗੂ ਬੱਬੀ ਲਹਿਰਾ, ਜੇਬੀ ਖੰਡੇਵਾਦ ਤੋਂ ਇਲਾਵਾ ਵੱਡੀ ਗਿਣਤੀ ਆਗੂ, ਵਰਕਰ ਅਤੇ ਬੀਬੀਆਂ ਹਾਜ਼ਰ ਸਨ। ਪਿੰਡਾਂ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਕੈਬਨਟ ਮੰਤਰੀ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ।

 

Media PBN Staff

Media PBN Staff

Leave a Reply

Your email address will not be published. Required fields are marked *