All Latest NewsNews FlashPunjab News

ਸਿੱਖਿਆ ਵਿਭਾਗ ਦੇ ਤਾਨਾਸ਼ਾਹੀ ਫ਼ਰਮਾਨ ਦਾ ਵਿਰੋਧ! DTF ਨੇ ਪੁੱਛਿਆ- ਪੰਜਾਬੀ ਸਾਡੀ ਮਾਤਾ ਭਾਸ਼ਾ, ਪਰ ਤੇਲਗੂ ਨਾਲ ਮੋਹ ਕਿੰਨਾ ਕੁਝ ਜਾਇਜ਼?

 

ਪੰਜਾਬ ਨੈੱਟਵਰਕ, ਚੰਡੀਗੜ੍ਹ 

ਇੱਕ ਪਾਸੇ ਪੰਜਾਬੀ ਬੋਲੋ ਪੰਜਾਬੀ ਪੜ੍ਹੋ ਪੰਜਾਬੀ ਲਿਖੋ ਦੇ ਨਾਅਰੇ ਅਤੇ ਸਲੋਗਨ ਲਿਖੇ ਜਾ ਰਹੇ ਹਨ। ਸਰਕਾਰੀ ਦਫਤਰਾਂ ਦਾ ਕੰਮ -ਕਾਜ ਪੰਜਾਬੀ ਵਿੱਚ ਕਰਨ ਦੇ ਹੁਕਮ ਜਾਰੀ ਕੀਤੇ ਜਾ ਰਹੇ ਹਨ। ਦੂਜੇ ਪਾਸੇ ਆਪਣੇ ਨਿਤ ਨਵੇਂ ਕਾਰਨਾਮਿਆਂ ਕਰਕੇ ਹਮੇਸ਼ਾ ਚਰਚਾ ਵਿੱਚ ਰਹਿਣ ਵਾਲਾ ਸਿੱਖਿਆ ਵਿਭਾਗ ਤੇਲਗੂ ਭਾਸ਼ਾ ਦੇ ਵਿਕਾਸ ਲਈ ਫਿਕਰਮੰਦ ਹੋਣ ਲੱਗਾ ਹੈ।

ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰ ਫਰੰਟ ਦੇ ਸੂਬਾ ਪ੍ਰਧਾਨ ਦਿੱਗਵਿਜੇ ਵਿਜੇ ਪਾਲ ਸ਼ਰਮਾ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ, ਤਲਵਿੰਦਰ ਸਿੰਘ ਪਟਿਆਲਾ ਨੇ ਪੰਜਾਬ ਸਰਕਾਰ ਦੇ ਅਜੀਬ ਫੈਸਲੇ ਤੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰੀ ਨੀਤੀਆਂ ਕਾਰਨ ਬੱਚੇ ਮਾਤ ਭਾਸ਼ਾ ਵਿੱਚ ਪਛੜ ਰਹੇ ਹਨ।

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਤਾਂ ਬਾਬਾ ਆਦਮ ਹੀ ਨਿਰਾਲਾ ਹੈ, ਇਸ ਵਾਰ 10ਵੀਂ ਜਮਾਤ ਦੇ ਨਤੀਜਿਆਂ ਵਿੱਚ 1571 ਵਿਦਿਆਰਥੀ ਪੰਜਾਬੀ ਭਾਸ਼ਾ ਨੂੰ ਪਾਸ ਨਹੀਂ ਕਰ ਸਕੇ।

12, ਜਮਾਤ ਦੇ 3800 ਤੋਂ ਵੱਧ ਵਿਦਿਆਰਥੀ ਲਾਜ਼ਮੀ ਪੰਜਾਬੀ ਭਾਸ਼ਾ ਪਾਸ ਨਹੀਂ ਕਰ ਸਕੇ। ਦੂਜੇ ਪਾਸੇ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਸਿਖਾਉਣ ਲਈ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ।

ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ ਮੀਤ ਪ੍ਰਧਾਨ ਸੁਖਵਿੰਦਰ ਸੁੱਖੀ ਸੰਯੁਕਤ ਸਕੱਤਰ ਦਲਜੀਤ ਸਮਰਾਲਾ ਵਿੱਤ ਸਕੱਤਰ ਜਸਵਿੰਦਰ ਸਿੰਘ ਅਤੇ ਸੂਬਾ ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ ਨੇ ਵਿਭਾਗ ਦੀ ਭਾਸ਼ਾ ਨੀਤੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਮਨੋਵਿਗਿਆਨ ਅਨੁਸਾਰ ਬੱਚਿਆਂ ਦਾ ਮੁੱਢਲਾ ਵਿਕਾਸ ਕੇਵਲ ਮਾਤ ਭਾਸ਼ਾ ਵਿੱਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਦੂਜੀ ਭਾਸ਼ਾ ਹਿੰਦੀ ਅਤੇ ਤੀਜੀ ਭਾਸ਼ਾ ਅੰਗਰੇਜ਼ੀ ਤੋਂ ਬਿਨਾਂ ਚੌਥੀ ਭਾਸ਼ਾ ਤੇਲਗੂ ਨੂੰ ਵਿਦਿਆਰਥੀਆਂ ਤੇ ਥੋਪਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਮਨਸੂਈ ਬੁੱਧੀ ਦੇ ਜ਼ਮਾਨੇ ਵਿਚ ਕਿਸੇ ਵੀ ਭਾਸ਼ਾ ਦਾ ਉਲੱਥਾ ਕੀਤਾ ਜਾ ਸਕਦਾ ਹੈ। ਅਧਿਆਪਕ ਆਗੂਆਂ ਨੇ ਦੋਸ਼ ਲਾਇਆ ਕਿ ਸਿੱਖਿਆ ਵਿਭਾਗ ਨਿੱਤ ਦਿਨ ਨਵੇਂ ਤਜਰਬੇ ਕਰਕੇ ਸਿੱਖਿਆ ਦਾ ਉਜਾੜਾ ਕਰ ਰਿਹਾ ਹੈ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਸੈਸ਼ਨ ਦੇ ਸ਼ੁਰੂ ਵਿਚ ਹੀ ਵਿੱਦਿਅਕ ਕੈਲੰਡਰ ਜਾਰੀ ਕੀਤਾ ਜਾਵੇ। ਜਿਸ ਤਹਿਤ ਹੀ ਸਹਿ ਵਿਦਿਅਕ ਗਤੀਵਿਧੀਆਂ ਕਰਵਾਈਆਂ ਜਾਣ।

 

Leave a Reply

Your email address will not be published. Required fields are marked *