All Latest NewsNews FlashPunjab News

ਹਾਲ-ਏ-ਸਿੱਖਿਆ ਵਿਭਾਗ: 10ਵੀਂ ‘ਚੋਂ 1500 ਅਤੇ 12ਵੀਂ ‘ਚੋਂ 3800 ਵਿਦਿਆਰਥੀ ਹੋਏ ਫ਼ੇਲ੍ਹ..! ‘ਇਹ’ ਗੱਲਾਂ ਮਾਰਦੇ ਨੇ ਤੇਲਗੂ ਸਿਖਾਉਣ ਦੀਆਂ!

 

ਗੁਰਪ੍ਰੀਤ, ਚੰਡੀਗੜ੍ਹ

ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਤੇਲਗੂ ਸਿਖਾਉਣ ਬਾਰੇ ਸਿੱਖਿਆ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਜਿੱਥੇ ਪੰਜਾਬੀ ਜਗਤ ਵਿੱਚ ਜਮ ਕੇ ਆਲੋਚਨਾ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਦਾਅਵਾ ਹੈ ਕਿ ਆਂਧਰਾ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪੰਜਾਬੀ ਸਿੱਖਣਗੇ।

ਵੈਸੇ, ਇਸ ਗੱਲ ਦਾ ਕੋਈ ਮਤਲਬ ਨਹੀਂ ਕਿ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਪੜਾਉਣ ਅਤੇ ਬੱਚਿਆਂ ਨੂੰ ਪੰਜਾਬੀ ਦੇ ਅੱਖਰ ਸਿਖਾਉਣ ਬਾਰੇ ਕੋਈ ਉਪਰਾਲਾ ਸਰਕਾਰ ਦੇ ਵੱਲੋਂ ਨਹੀਂ ਕੀਤਾ ਜਾਂਦਾ, ਜਦੋਂਕਿ ਤੇਲਗੂ ਪੜਾਉਣ ਦੇ ਵਾਸਤੇ ਬਕਾਇਦਾ ਪੱਤਰ ਤੱਕ ਜਾਰੀ ਕਰ ਦਿੱਤੇ ਜਾਂਦੇ ਨੇ।

ਪੰਜਾਬ ਦਾ ਸਿੱਖਿਆ ਵਿਭਾਗ ਨਿੱਤ ਨਵੇਂ ਕਾਰਨਾਮਿਆਂ ਦੇ ਕਾਰਨ ਚਰਚਾ ਵਿੱਚ ਤਾਂ ਰਹਿੰਦਾ ਹੀ ਹੈ। ਪਰ ਇਸ ਵਾਰ ਤਾਂ ਇਸ ਵਿਭਾਗ ਨੇ ਹੱਦ ਹੀ ਕਰ ਦਿੱਤੀ। ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹੁਕਮਾਂ ‘ਤੇ ਵਿਭਾਗ ਨੇ ਪੰਜਾਬ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਤੇਲਗੂ ਸਿਖਾਉਣ ਦਾ ਆਦੇਸ਼ ਜਾਰੀ ਕਰ ਦਿੱਤਾ।

ਅਧਿਆਪਕ ਜਥੇਬੰਦੀ ਡੀਟੀਐਫ ਦੁਆਰਾ ਕੀਤੇ ਗਏ ਖ਼ੁਲਾਸੇ ਅਨੁਸਾਰ, ਪੰਜਾਬ ਦੇ ਬਹੁ-ਗਿਣਤੀ ਵਿਦਿਆਰਥੀਆਂ ਦੀ ਮਾਤ ਭਾਸ਼ਾ ਹੋਣ ਦੇ ਬਾਵਜੂਦ ਵੀ ਉਹ ਵੱਡੇ ਪੱਧਰ ਤੇ ਪੰਜਾਬੀ ਵਿਸ਼ੇ ਨੂੰ ਪਾਸ ਨਹੀਂ ਕਰ ਸਕੇ। ਖ਼ੁਲਾਸੇ ਦੇ ਅਨੁਸਾਰ ਬਾਰਵੀਂ ਜਮਾਤ ਵਿੱਚੋਂ ਜਨਰਲ ਪੰਜਾਬੀ ਵਿੱਚੋਂ 3800 ਤੋਂ ਵੱਧ ਵਿਦਿਆਰਥੀ ਫ਼ੇਲ੍ਹ ਹੋ ਗਏ, ਜਦੋਂ ਕਿ ਦਸਵੀਂ ਜਮਾਤ ਵਿੱਚੋਂ 1571 ਵਿਦਿਆਰਥੀ ਪਹਿਲੀ ਭਾਸ਼ਾ ਪੰਜਾਬੀ ਪਾਸ ਹੀ ਨਹੀਂ ਕਰ ਸਕੇ। ਪਰ ਦੂਜੇ ਬੰਨੇ ਸਿੱਖਿਆ ਵਿਭਾਗ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਤੇਲਗੂ ਸਿਖਾਉਣ ਲਈ ਅਧਿਆਪਕਾਂ ਨੂੰ ਹੁਕਮ ਜਾਰੀ ਕਰ ਰਿਹਾ ਹੈ।

ਵੈਸੇ ਕਿੰਨੀ ਹਾਸੋ ਹੀਨੀ ਗੱਲ ਹੈ ਨਾ ਕਿ, ਪੰਜਾਬ ਦੇ ਵਿਦਿਆਰਥੀਆਂ ਨੂੰ ਤਾਂ ਪੰਜਾਬੀ ਤਾਂ ਚੰਗੀ ਤਰ੍ਹਾਂ ਆਉਂਦੀ ਨਹੀਂ, ਉਹ ਤੇਲਗੂ ਸਵਾਹ ਸਿੱਖਣਗੇ। ਪੰਜਾਬੀ ਭਾਸ਼ਾ ਵਿੱਚ ਪਛੜੇ ਵਿਦਿਆਰਥੀਆਂ ਨੂੰ ਵਿਸ਼ੇਸ਼ ਧਿਆਨ ਦੇਣ ਦੇ ਨਾਂ ‘ਤੇ ਸਮਰੱਥ ਮਿਸ਼ਨ ਪਿਛਲੇ ਦੋ ਸਾਲਾਂ ਤੋਂ ਵੱਖ-ਵੱਖ ਗਰੁੱਪਾਂ ਵਿੱਚ ਪੜ੍ਹਾਈ ਕਰਵਾਈ ਜਾ ਰਹੀ ਹੈ। ਜਿਸ ਵਿੱਚ ਅੱਠਵੀਂ ਜਮਾਤ ਤੱਕ ਦੇ ਕਈ ਵਿਦਿਆਰਥੀ ਹਾਲੇ ਤੱਕ ਇੱਕ ਸ਼ਬਦ ਤੱਕ ਨਹੀਂ ਸਿੱਖ ਸਕੇ, ਭਾਵ ਉਹ ਪੰਜਾਬੀ ਭਾਸ਼ਾ ਵਿੱਚ ਆਪਣੇ ਨਾਲ ਦੇ ਵਿਦਿਆਰਥੀਆਂ ਨਾਲੋਂ ਕਾਫ਼ੀ ਪਛੜੇ ਹੋਏ ਹਨ।

ਸਿੱਖਿਆ ਵਿਭਾਗ ਵੱਲੋਂ ਤਿੰਨ ਭਾਸ਼ਾ ਸੂਤਰ ਨੂੰ ਵੀ ਤੋੜਦਿਆਂ ਚੌਥੀ ਭਾਸ਼ਾ ਤਿਲਗੂ ਦੇ ਮੁੱਢਲੇ ਗਿਆਨ ਦੇ ਨਿਰਦੇਸ਼ਾਂ ਬਾਰੇ ਟਿੱਪਣੀ ਕਰਦਿਆਂ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਵਿਭਾਗ ਨੂੰ ਅਜਿਹੇ ਤਰਕਹੀਣ ਤਜਰਬਿਆਂ ਤੋਂ ਬਾਜ਼ ਆਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੰਜਾਬ ਦੇ ਵਿਦਿਆਰਥੀ ਤਿੰਨ ਭਾਸ਼ਾਈ ਸੂਤਰ ਅਧੀਨ ਤਿੰਨ ਭਾਸ਼ਾਵਾਂ ਸਿੱਖ ਰਹੇ ਹਨ, ਉਨ੍ਹਾਂ ‘ਤੇ ਚੌਥੀ ਭਾਸ਼ਾ ਲੱਦਣੀ ਬਿਲਕੁਲ ਗੈਰ ਮਨੋਵਿਗਿਆਨਕ ਹੈ। ਨਾਲ ਹੀ ਅੱਜ ਦੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਯੁੱਗ ਵਿੱਚ ਕਿਸੇ ਵੀ ਭਾਸ਼ਾ ਦਾ ਉਲੱਥਾ ਦੂਜੀ ਭਾਸ਼ਾ ਵਿੱਚ ਹਾਸਲ ਕੀਤਾ ਜਾ ਸਕਦਾ ਹੈ, ਤਾਂ ਇਸ ਹਾਲਤ ਵਿੱਚ ਵਿਦਿਆਰਥੀਆਂ ਤੇ ਵਾਧੂ ਮਾਨਸਿਕ ਬੋਝ ਪਾਉਣਾ ਬੇਲੋੜਾ ਹੈ।

ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਨਿਰਦੇਸ਼ ਦਿੱਤਾ ਗਿਆ ਹੈ ਕਿ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਤਿੰਨ ਗਰੁੱਪਾਂ ਵਿੱਚ ਵੰਡ ਕੇ ਕੰਮ ਵਾਲੇ ਦਿਨਾਂ ਵਿੱਚ ਅੱਧੀ ਛੁੱਟੀ ਤੋਂ ਬਾਅਦ ਅਤੇ ਛੁੱਟੀਆਂ ਵਾਲੇ ਦਿਨਾਂ ਵਿੱਚ ਸਵੇਰ ਦੇ ਸਮੇਂ ਤਿੰਨ ਘੰਟੇ ਸਮਰ ਕੈਂਪ ਲਾ ਕੇ ਤੇਲਗੂ ਭਾਸ਼ਾ ਦਾ ਗਿਆਨ ਦਿੱਤਾ ਜਾਵੇ। ਆਗੂਆਂ ਨੇ ਸਿੱਖਿਆ ਵਿਭਾਗ ‘ਤੇ ਦੋਸ਼ ਲਗਾਇਆ ਕਿ ਨਿੱਤ ਨਵੇਂ ਤਜਰਬਿਆਂ ਨਾਲ ਸਿੱਖਿਆ ਦਾ ਉਜਾੜਾ ਕੀਤਾ ਜਾ ਰਿਹਾ ਹੈ, ਸਕੂਲਾਂ ਵਿੱਚ ਲੋੜੀਂਦੇ ਅਧਿਆਪਕਾਂ ਦੀ ਘਾਟ ਪੂਰੀ ਕਰਨ ਦੀ ਥਾਂ ਅਧਿਆਪਕਾਂ ਨੂੰ ਹੋਰ ਕੰਮਾਂ ਵਿੱਚ ਉਲਝਾ ਕੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਡੀ ਟੀ ਐੱਫ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਮੰਗ ਕੀਤੀ ਕਿ ਸਿੱਖਿਆ ਵਿਭਾਗ ਸੈਸ਼ਨ ਦੇ ਸ਼ੁਰੂ ਵਿੱਚ ਇੱਕ ਨਿਸ਼ਚਿਤ ਕਲੰਡਰ ਜਾਰੀ ਕਰੇ ਜਿਸ ਅਨੁਸਾਰ ਸਾਰੀਆਂ ਗਤੀਵਿਧੀਆਂ ਹੋਣ ਨਾ ਕਿ ਨਿੱਤ ਦਿਨ ਨਵੇਂ ਤਜਰਬੇ ਕੀਤੇ ਜਾਣ।

ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਦਾਅਵਾ ਅਜੀਬੋ ਗ਼ਰੀਬ

ਉੱਧਰ ਦੂਜੇ ਪਾਸੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਅਜੀਬੋ ਗ਼ਰੀਬ ਦਾਅਵਾ ਨਜ਼ਰੀਆ ਹੈ। ਹਰਜੋਤ ਬੈਂਸ ਦਾ ਕਹਿਣਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤੇਲਗੂ ਦੀ ਮੁੱਢਲੀ ਜਾਣਕਾਰੀ ਦਿੱਤੀ ਜਾਵੇਗੀ, ਜਦਕਿ ਆਂਧਰਾ ਪ੍ਰਦੇਸ਼ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਪੰਜਾਬੀ ਸਿੱਖਣਗੇ।

ਹਰਜੋਤ ਬੈਂਸ ਅੱਗੇ ਦਾਅਵਾ ਕਰਦੇ ਹੋਏ ਕਹਿੰਦੇ ਨੇ ਕਿ ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਆਂਧਰਾ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਸਭਿਆਚਾਰਕ ਆਦਾਨ-ਪ੍ਰਦਾਨ, ਭਾਸ਼ਾਈ ਵਿਭਿੰਨਤਾ ਅਤੇ ਰਾਸ਼ਟਰੀ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਉਲੀਕੇ 5-ਰੋਜ਼ਾ ਪ੍ਰੋਗਰਾਮ ਤਹਿਤ ਪੰਜਾਬੀ ਭਾਸ਼ਾ ਸਿੱਖਣਗੇ।

ਬੈਂਸ ਨੇ ਦੱਸਿਆ ਕਿ ਕੇਂਦਰੀ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਅਤੇ ਆਂਧਰਾ ਪ੍ਰਦੇਸ਼ ਨੂੰ ਇਸ ਪ੍ਰੋਗਰਾਮ ਅਧੀਨ ਇੱਕ ਗਰੁੱਪ ਵਿੱਚ ਰੱਖਿਆ ਗਿਆ ਹੈ। ਇਸ ਐਕਸਚੇਂਜ ਪ੍ਰੋਗਰਾਮ ਦੇ ਹਿੱਸੇ ਵਜੋਂ, ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤੇਲਗੂ ਦੀ ਮੁੱਢਲੀ ਜਾਣਕਾਰੀ ਦਿੱਤੀ ਜਾਵੇਗੀ, ਜਦਕਿ ਆਂਧਰਾ ਪ੍ਰਦੇਸ਼ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਪੰਜਾਬੀ ਸਿੱਖਣਗੇ।

ਉਨ੍ਹਾਂ ਦੱਸਿਆ ਕਿ ਇਸ ਪੈੱਨ-ਇੰਡੀਆ ਪਹਿਲਕਦਮੀ ਵਿੱਚ ਵੱਖ-ਵੱਖ ਰਾਜਾਂ ਦੇ ਗਰੁੱਪ ਬਣਾਏ ਗਏ ਹਨ, ਜਿਸ ਵਿੱਚ ਜੰਮੂ-ਕਸ਼ਮੀਰ ਅਤੇ ਲਦਾਖ਼ ਨੂੰ ਤਾਮਿਲਨਾਡੂ ਨਾਲ, ਹਿਮਾਚਲ ਪ੍ਰਦੇਸ਼ ਨੂੰ ਕੇਰਲਾ ਨਾਲ, ਉੱਤਰਾਖੰਡ ਨੂੰ ਕਰਨਾਟਕਾ ਨਾਲ, ਹਰਿਆਣਾ ਨੂੰ ਤੇਲੰਗਾਨਾ ਨਾਲ, ਰਾਜਸਥਾਨ ਨੂੰ ਅਸਾਮ ਨਾਲ, ਗੁਜਰਾਤ ਨੂੰ ਛੱਤੀਸਗੜ੍ਹ ਨਾਲ, ਮਹਾਰਾਸ਼ਟਰ ਨੂੰ ਓਡੀਸ਼ਾ ਨਾਲ, ਗੋਆ ਨੂੰ ਝਾਰਖੰਡ ਨਾਲ, ਦਿੱਲੀ ਨੂੰ ਸਿੱਕਮ ਨਾਲ, ਮੱਧ ਪ੍ਰਦੇਸ਼ ਨੂੰ ਮਨੀਪੁਰ ਅਤੇ ਨਾਗਾਲੈਂਡ ਨਾਲ, ਯੂ.ਪੀ. ਨੂੰ ਅਰੁਣਾਚਲ ਪ੍ਰਦੇਸ਼ ਅਤੇ ਮੇਘਾਲਿਆ ਨਾਲ ਅਤੇ ਬਿਹਾਰ ਨੂੰ ਤ੍ਰਿਪੁਰਾ ਅਤੇ ਮਿਜ਼ੋਰਮ ਨਾਲ ਰੱਖਿਆ ਗਿਆ ਹੈ, ਜੋ ਇਸ ਪ੍ਰੋਗਰਾਮ ਦੀ ਵਿਆਪਕ ਪਹੁੰਚ ਅਤੇ ਸਭਿਆਚਾਰਕ ਆਦਾਨ-ਪ੍ਰਦਾਨ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਸਮਰ ਕੈਂਪ ਦਾ ਉਦੇਸ਼ ਵਿਦਿਆਰਥੀਆਂ ਨੂੰ ਇੱਕ ਹੋਰ ਭਾਰਤੀ ਭਾਸ਼ਾ ਸਿੱਖਣ ਲਈ ਉਤਸ਼ਾਹਿਤ ਕਰਕੇ ਬਹੁ-ਭਾਸ਼ਾਵਾਦ ਅਤੇ ਸਭਿਆਚਾਰਕ ਸਾਂਝ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਨੇ ਖੇਤਰੀ ਭਾਸ਼ਾਵਾਂ ਅਤੇ ਸੱਭਿਆਚਾਰਾਂ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।

ਹਰਜੋਤ ਸਿੰਘ ਬੈਂਸ ਨੇ ਜ਼ੋਰ ਦੇ ਕੇ ਕਿਹਾ ਕਿ ਮਾਤ ਭਾਸ਼ਾ ਅਤੇ ਸੂਬੇ ਦੀ ਸਰਕਾਰੀ ਭਾਸ਼ਾ ਹੋਣ ਨਾਤੇ ਪੰਜਾਬੀ ਦੀ ਮਹੱਤਤਾ ਨੂੰ ਕਿਸੇ ਪੱਖੋਂ ਵੀ ਘਟਾਇਆ ਨਹੀਂ ਜਾਵੇਗਾ। ਸਿੱਖਿਆ ਮੰਤਰੀ ਨੇ ਉਨ੍ਹਾਂ ਲੋਕਾਂ ਦੀ ਸਖ਼ਤ ਆਲੋਚਨਾ ਕੀਤੀ ਜੋ ਸਿਰਫ਼ ਰਾਜਨੀਤੀ ਕਰਨ ਲਈ ਇਸ ਸਮਰ ਕੈਂਪ ਦਾ ਵਿਰੋਧ ਕਰ ਰਹੇ ਹਨ।

ਹਰਜੋਤ ਸਿੰਘ ਬੈਂਸ ਨੇ ਇਸ ਪ੍ਰੋਗਰਾਮ ਦੀ ਆਲੋਚਨਾ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਕਿਸੇ ਵੀ ਮੁੱਦੇ ਨੂੰ ਪੂਰੀ ਤਰ੍ਹਾਂ ਸਮਝਣ ਬਗੈਰ ਹੀ ਸੁਰਖ਼ੀਆਂ ਬਟੋਰਨ ਲਈ ਮੀਡੀਆ ਤੱਕ ਜਾ ਪਹੁੰਚਦੇ ਹਨ। ਬੈਂਸ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੀ.ਬੀ.ਐਸ.ਈ. ਦੀ ਖੇਤਰੀ ਭਾਸ਼ਾਵਾਂ ਨੂੰ ਹਾਸ਼ੀਏ ’ਤੇ ਧੱਕਣ ਦੀ ਕੋਸ਼ਿਸ਼ ਦੇ ਡਟਵਾਂ ਵਿਰੋਧ ਵਜੋਂ ਚੁੱਕੇ ਦਲੇਰਾਨਾ ਕਦਮ ਦੀ ਯਾਦ ਦਿਵਾਈ। ਜ਼ਿਕਰਯੋਗ ਹੈ ਕਿ ਪੰਜਾਬ ਨੇ ਸਾਰੇ ਸਕੂਲਾਂ, ਭਾਵੇਂ ਉਹ ਕਿਸੇ ਵੀ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਹੋਣ, ਵਿੱਚ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾ ਕੇ ਇੱਕ ਮੋਹਰੀ ਕਦਮ ਚੁੱਕਿਆ ਸੀ।

ਉਨ੍ਹਾਂ ਇਹ ਵੀ ਕਿਹਾ ਕਿ ਸਮਰ ਕੈਂਪ ਦਾ ਉਦੇਸ਼ ਵਿਦਿਆਰਥੀਆਂ ਨੂੰ ਇੱਕ ਵਾਧੂ ਭਾਰਤੀ ਭਾਸ਼ਾ ਸਿੱਖਣ ਲਈ ਉਤਸ਼ਾਹਿਤ ਕਰਕੇ ਬਹੁਭਾਸ਼ਾਵਾਦ ਅਤੇ ਸਭਿਆਚਾਰਕ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ। ਇਹ ਪ੍ਰੋਗਰਾਮ ਬੁਨਿਆਦੀ ਗੱਲਬਾਤ ਦੇ ਹੁਨਰਾਂ ਨੂੰ ਵਿਕਸਤ ਕਰਨ, ਭਾਸ਼ਾਈ ਅਤੇ ਸਭਿਆਚਾਰਕ ਸੰਬੰਧਾਂ ਦੀ ਪੜਚੋਲ ਕਰਨ ਅਤੇ ਹੱਸਦੇ-ਖੇਡਦੇ ਸਿੱਖਣ ਦੇ ਤਜਰਬਿਆਂ ਰਾਹੀਂ ਕੌਮੀ ਏਕਤਾ ਦੀ ਭਾਵਨਾ ਨੂੰ ਪ੍ਰਫੁੱਲਿਤ ਕਰਨ ’ਤੇ ਕੇਂਦਰਿਤ ਹੋਵੇਗਾ। ਇਸ ਦੌਰਾਨ ਵਿਦਿਆਰਥੀ ਵਧਾਈ ਦੇਣ, ਭਾਵਨਾਵਾਂ ਦਾ ਪ੍ਰਗਟਾਵਾ ਕਰਨ, ਵਰਨਮਾਲਾ, ਗਿਣਤੀ, ਗੀਤ ਅਤੇ ਆਪਸੀ-ਗੱਲਬਾਤ ਦੇ ਬੁਨਿਆਦੀ ਸਿਧਾਂਤਾਂ ਦੇ ਨਾਲ-ਨਾਲ ਸਥਾਨਕ ਸਭਿਆਚਾਰ, ਇਤਿਹਾਸ ਅਤੇ ਰਹੁ-ਰੀਤਾਂ ਦੇ ਵੱਖ ਵੱਖ ਪਹਿਲੂਆਂ ਬਾਰੇ ਬੁਨਿਆਦੀ ਜਾਣਕਾਰੀ ਹਾਸਲ ਕਰਨਗੇ।

 

Leave a Reply

Your email address will not be published. Required fields are marked *