ਆਖਿਰ ਐਨੀ ਦੇਰੀ ਕਿਉਂ? ਸਿੱਖਿਆ ਵਿਭਾਗ ‘ਚ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਮੈਰੀਟੋਰੀਅਸ ਟੀਚਰ ਘੇਰਨਗੇ ਸਿੱਖਿਆ ਮੰਤਰੀ ਦੀ ਰਿਹਾਇਸ਼
Punjab News
ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਮੈਰੀਟੋਰੀਅਸ ਟੀਚਰਜ਼ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਤੋਂ ਹੋਈ ਦੇਰੀ ਕਾਰਨ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ (ਅਨੰਦਪੁਰ ਸਾਹਿਬ) ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਸਿੱਖਿਆ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕਰ ਦਿੱਤਾ ਗਿਆ ਹੈ।
1 ਜੂਨ ਨੂੰ ਵੱਡੇ ਇਕੱਠ ਜਰੀਏ ਗੰਭੀਰਪੁਰ ਵਿਖੇ ਸਿੱਖਿਆ ਮੰਤਰੀ ਦੇ ਫੋਅਕੇ ਵਾਅਦਿਆਂ ਦੀ ਪਿੰਡ ਵਾਸੀਆਂ ਤੇ ਪੂਰੇ ਪੰਜਾਬ ਵਾਸੀਆਂ ਅੱਗੇ ਪੋਲ ਖੋਲੀ ਜਾਵੇਗੀ। ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਟੀਨਾ ਨੇ ਕਿਹਾ ਕਿ ਮੈਰੀਟੋਰੀਅਸ ਟੀਚਰਜ਼ ਦੇ ਨਤੀਜੇ ਸ਼ਾਨਦਾਰ ਰਹੇ।
ਪਰ ਸਿੱਖਿਆ ਮੰਤਰੀ ਮੈਰੀਟੋਰੀਅਸ ਟੀਚਰਜ਼ ਦੀਆਂ ਸੇਵਾਵਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਵਿੱਚ ਅਜੇ ਤੱਕ ਸਫ਼ਲ ਨਹੀਂ ਹੋਏ। ਉਹਨਾਂ ਦੇ ਵਾਅਦੇ ਲਾਰੇ ਬਣਦੇ ਜਾ ਰਹੇ ਹਨ। ਇਸ ਵਾਰ ਬਾਰ੍ਹਵੀਂ ਬੋਰਡ ਦੀ ਮੈਰਿਟ ਵਿੱਚੋਂ 37 ਮੈਰਿਟਾਂ, ਦਸਵੀਂ ਵਿੱਚੋਂ 11 ਮੈਰਿਟਾਂ ਤੇ ਜੇਈਈ ਪ੍ਰੀਖਿਆ ਵਿੱਚ ਮੈਰੀਟੋਰੀਅਸ ਸਕੂਲਾਂ ਦੇ 131 ਵਿਦਿਆਰਥੀ ਸਫ਼ਲ ਹੋਏ । ਸਿੱਖਿਆ ਮੰਤਰੀ ਨੇ ਸਾਡੀ ਮਿਹਨਤ ਦਾ ਕੌਡੀ ਮੁੱਲ ਨਾ ਪਾਇਆ । ਜਿਸ ਕਰਕੇ ਮੈਰੀਟੋਰੀਅਸ ਟੀਚਰਜ਼ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ।

ਹੱਕਾਂ ਦੀ ਲੜਾਈ ਲਈ ਇਸ ਸੰਘਰਸ਼ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਜਨਰਲ ਸਕੱਤਰ ਡਾ. ਅਜੈ ਸ਼ਰਮਾ ਨੇ ਦੱਸਿਆ ਕਿ 1 ਜੂਨ ਦੇ ਐਕਸ਼ਨ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੱਡੇ ਪੱਧਰ ਤੇ ਮੈਰੀਟੋਰੀਅਸ ਟੀਚਰਜ਼ ਹੱਕੀ ਮੰਗਾਂ ਦਾ ਝੰਡਾ ਬੁਲੰਦ ਕਰਨਗੇ । ਉਹਨਾਂ ਕਿਹਾ ਕਿ ਗਰੀਬ ਘਰਾਂ ਦੇ ਬੱਚਿਆਂ ਦਾ ਭਵਿੱਖ ਬਣਾਉਣ ਵਾਲੇ ਮੈਰੀਟੋਰੀਅਸ ਟੀਚਰਜ਼ ਦੀ ਮਿਹਨਤ ਤੋਂ ਕਿਨਾਰਾ ਕਰ ਲੈਣਾ ਪੰਜਾਬ ਸਰਕਾਰ ਦੁਆਰਾ ਸਿੱਖਿਆ ਕ੍ਰਾਂਤੀ ਦੇ ਸ਼ਬਦ ਨਾਲ ਮਜ਼ਾਕ ਹੁੰਦਾ ਨਜ਼ਰ ਆ ਰਿਹਾ ਹੈ।
ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੀਆਂ ਸਾਰੀਆਂ ਇਕਾਈਆਂ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਦਾ ਹਿੱਸਾ ਬਨਣਗੀਆਂ। ਇਸ ਸਮੇਂ ਵਿੱਤ ਸਕੱਤਰ ਰਾਕੇਸ਼ ਕੁਮਾਰ , ਵਿਪਨੀਤ ਕੌਰ , ਮਨਜਿੰਦਰ ਕੌਰ, ਸਿਮਰਨਜੀਤ ਕੌਰ, ਮਨੋਜ ਕੁਮਾਰ, ਸੁਖਜੀਤ ਸਿੰਘ, ਅਜੈ ਸ਼ਰਮਾ, ਬੂਟਾ ਸਿੰਘ ਮਾਨ, ਹਰਪ੍ਰੀਤ ਸਿੰਘ, ਡਾ. ਬਲਰਾਜ ਸਿੰਘ, ਦਵਿੰਦਰ ਸਿੰਘ, ਜਸਵਿੰਦਰ ਸਿੰਘ,ਬਿਕਰਮਜੀਤ ਸਿੰਘ, ਵਿਕਾਸ ਕੁਮਾਰ, ਸੋਨਾ ਕੌਰ, ਰੀਨਾ ਕੌਰ ਆਦਿ ਮੈਂਬਰਾਂ ਨੇ ਕਿਹਾ ਕਿ ਉਹ ਹੱਕੀ ਮੰਗਾਂ ਲਈ ਗੰਭੀਰਪੁਰ ਵਿਖੇ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਨਗੇ।

