ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ‘ਚ ਦਾਖ਼ਲੇ ਲਈ ਪ੍ਰਕ੍ਰਿਆ ਸ਼ੁਰੂ: ਡਾ. ਸਤਿੰਦਰ ਸਿੰਘ
ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ‘ਚ ਦਾਖ਼ਲੇ ਲਈ ਪ੍ਰਕ੍ਰਿਆ ਸ਼ੁਰੂ : ਡਾ. ਸਤਿੰਦਰ ਸਿੰਘ
– ਰਜਿਸਟ੍ਰੇਸ਼ਨ 20 ਜਨਵਰੀ ਤੱਕ, 1 ਮਾਰਚ ਨੂੰ ਹੋਵੇਗੀ ਸਾਂਝੀ ਪ੍ਰਵੇਸ਼ ਪ੍ਰੀਖਿਆ
Media PBN
ਫ਼ਿਰੋਜ਼ਪੁਰ, 16 ਜਨਵਰੀ 2026- ਪੰਜਾਬ ਦੇ ਹੋਣਹਾਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਰਾਜ ਸਟੇਟ ਕੌਂਸਲ ਆਫ ਸਾਇੰਸ ਅਤੇ ਟੈਕਨਾਲੋਜੀ (SCERT) ਪੰਜਾਬ ਵੱਲੋਂ ਸੈਸ਼ਨ 2026-27 ਲਈ ਸਕੂਲ ਆਫ਼ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਜਮਾਤ 9ਵੀਂ ਅਤੇ 11ਵੀਂ ਵਿੱਚ ਦਾਖ਼ਲੇ ਲਈ ਸਾਂਝੀ ਪ੍ਰਵੇਸ਼ ਪ੍ਰੀਖਿਆ 1 ਮਾਰਚ 2026 ਨੂੰ ਕਰਵਾਈ ਜਾਵੇਗੀ। ਇਸ ਪ੍ਰੀਖਿਆ ਲਈ ਵਿਦਿਆਰਥੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ 03 ਜਨਵਰੀ ਤੋਂ ਸ਼ੁਰੂ ਹੋ ਚੁੱਕੀ ਹੈ ,ਜੋ 20 ਜਨਵਰੀ 2026 ਤੱਕ ਜਾਰੀ ਰਹੇਗੀ।
ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਅਨੁਸਾਰ, ਪੰਜਾਬ ਦੇ ਸਰਕਾਰੀ, ਅਰਧ-ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਮੌਜੂਦਾ ਸਮੇਂ ਜਮਾਤ 8ਵੀਂ ਅਤੇ 10ਵੀਂ ਵਿੱਚ ਪੜ੍ਹ ਰਹੇ ਵਿਦਿਆਰਥੀ ਇਸ ਪ੍ਰਵੇਸ਼ ਪ੍ਰੀਖਿਆ ਵਿੱਚ ਸ਼ਾਮਲ ਹੋ ਸਕਦੇ ਹਨ। ਸਫ਼ਲ ਵਿਦਿਆਰਥੀਆਂ ਨੂੰ ਸੈਸ਼ਨ 2026-27 ਦੌਰਾਨ ਸਕੂਲ ਆਫ਼ ਐਮਿਨੈਂਸ ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਕਲਾਸ 9ਵੀਂ ਅਤੇ 11ਵੀਂ ਵਿੱਚ ਦਾਖ਼ਲਾ ਦਿੱਤਾ ਜਾਵੇਗਾ।
ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਦੇ ਪ੍ਰਿੰਸੀਪਲ-ਕਮ-ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਮੈਰੀਟੋਰੀਅਸ ਸਕੂਲ ਵਿੱਚ ਦਾਖਲਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪਿਛਲੇ ਸਾਲਾਂ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿੱਚ 11ਵੀਂ ਜਮਾਤ ਵਿੱਚ ਮੈਡੀਕਲ,ਨਾਨ ਮੈਡੀਕਲ ਅਤੇ ਕਾਮਰਸ ਵਿਸ਼ੇ ਵਿੱਚ ਦਾਖ਼ਲੇ ਲਈ ਜ਼ਿਲ੍ਹੇ ਦੇ ਹੋਣਹਾਰ ਵਿਦਿਆਰਥੀ ਇਹ ਪ੍ਰਵੇਸ਼ ਪ੍ਰੀਖਿਆ ਦੇ ਸਕਦੇ ਹਨ ਅਤੇ ਸਕੂਲ ਵਿੱਚ ਮੂਫਤ ਮਿਆਰੀ ਸਿੱਖਿਆ ਪ੍ਰਾਪਤ ਕਰ ਸਕਦੇ ਹਨ, ਸਕੂਲ ਵਿੱਚ ਸ਼ਾਨਦਾਰ ਬੁਨਿਆਦੀ ਢਾਂਚਾ ਅਤੇ ਲੜਕੇ ਅਤੇ ਲੜਕੀਆਂ ਲਈ ਅਲੱਗ ਮੂਫਤ ਹੋਸਟਲ ਦੀ ਸਹੂਲਤ ਵੀ ਉਪਲਬਧ ਹੈ।
ਉਨ੍ਹਾਂ ਕਿਹਾ ਕਿ ਪ੍ਰਵੇਸ਼ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੋਵੇਗੀ। ਵਿਦਿਆਰਥੀ schoolofeminence.pseb.ac.in ਵੈੱਬਸਾਈਟ ਰਾਹੀਂ ਅਰਜ਼ੀ ਦੇ ਸਕਦੇ ਹਨ। ਇਸ ਤੋਂ ਇਲਾਵਾ ssapunjab.org, epunjabschool.gov.in ਅਤੇ pseb.ac.in ਵੈੱਬਸਾਈਟਾਂ ਰਾਹੀਂ ਵੀ ਪੋਰਟਲ ਤੱਕ ਪਹੁੰਚ ਕੀਤੀ ਜਾ ਸਕਦੀ ਹੈ।
ਰਜਿਸਟ੍ਰੇਸ਼ਨ ਦੌਰਾਨ ਫਾਰਮ ਭਰਨ ਤੋਂ ਬਾਅਦ ਮੋਬਾਈਲ ਨੰਬਰ ਅਤੇ ਈ-ਮੇਲ ’ਤੇ ਓਟੀਪੀ ਭੇਜਿਆ ਜਾਵੇਗਾ। ਓਟੀਪੀ ਦੀ ਪੁਸ਼ਟੀ ਉਪਰੰਤ ਅਰਜ਼ੀ ਨੰਬਰ ਜਾਰੀ ਕੀਤਾ ਜਾਵੇਗਾ, ਜਿਸਨੂੰ ਭਵਿੱਖ ਲਈ ਸੰਭਾਲ ਕੇ ਰੱਖਣਾ ਜ਼ਰੂਰੀ ਹੋਵੇਗਾ। ਫੋਟੋ, ਦਸਤਖ਼ਤ ਅਤੇ ਹੋਰ ਲੋੜੀਂਦੀ ਜਾਣਕਾਰੀ ਭਰ ਕੇ ਫਾਈਨਲ ਸਬਮਿਟ ਕਰਨਾ ਲਾਜ਼ਮੀ ਹੈ, ਨਹੀਂ ਤਾਂ ਅਰਜ਼ੀ ਅਧੂਰੀ ਮੰਨੀ ਜਾਵੇਗੀ।
ਵਿਭਾਗ ਵੱਲੋਂ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਸਰਕਾਰੀ ਸਕੂਲਾਂ ਦੇ ਨਾਲ-ਨਾਲ ਨਿੱਜੀ ਸਕੂਲਾਂ ਦੇ ਵਿਦਿਆਰਥੀ ਵੀ ਦਾਖ਼ਲੇ ਲਈ ਯੋਗ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇਲਾਵਾ CBSE, ICSE ਅਤੇ ਹੋਰ ਬੋਰਡਾਂ ਨਾਲ ਸੰਬੰਧਿਤ ਸਕੂਲਾਂ ਦੇ ਵਿਦਿਆਰਥੀ ਵੀ ਇਸ ਪ੍ਰਵੇਸ਼ ਪ੍ਰੀਖਿਆ ਵਿੱਚ ਸ਼ਾਮਲ ਹੋ ਸਕਦੇ ਹਨ।
ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਵਿਚ ਪਿਛਲੇ ਦੱਸ ਸਾਲਾਂ ਤੋਂ ਚੱਲ ਰਿਹਾ ਮੈਰੀਟੋਰੀਅਸ ਸਕੂਲ ਹਰ ਸਾਲ ਸ਼ਾਨਦਾਰ ਨਤੀਜੇ ਲੈ ਕੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਰਿਹਾ ਹੈ। ਇਥੋਂ ਹਰ ਸਾਲ ਵਿਦਿਆਰਥੀ ਜੇ.ਈ ਈ ਅਡਵਾਂਸ, ਨੀਟ,ਸੀ. ਐਮ.ਏ ਤੇ ਸੀ.ਏ ਵਰਗੇ ਵੱਕਾਰੀ ਇਮਤਿਹਾਨ ਪਾਸ ਕਰਕੇ ਸਫਲਤਾ ਦੇ ਮੁਕਾਮ ਹਾਸਿਲ ਕਰ ਚੁੱਕੇ ਹਨ। ਇਸ ਲਈ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਇਸ ਪ੍ਰਵੇਸ਼ ਪ੍ਰੀਖਿਆ ਵਿੱਚ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਬਣਾਉਣ ਤਾਂ ਕੇ ਭਵਿੱਖ ਵਿੱਚ ਚੰਗੀਆਂ ਪ੍ਰਾਪਤੀਆਂ ਦੇ ਰਾਹ ਪੈ ਸਕਣ।

