Punjab ‘ਚ ਕੜਾਕੇ ਦੀ ਸਰਦੀ! 600 ਰੁਪਏ ਵਾਲੀ ਸਰਕਾਰੀ ਵਰਦੀ ਵਿਦਿਆਰਥੀਆਂ ਨੂੰ ਠੰਢ ਤੋਂ ਬਚਾਉਣ ‘ਚ ਨਾਕਾਮ, ਉੱਠੇ ਸਵਾਲ
Punjab ‘ਚ ਕੜਾਕੇ ਦੀ ਸਰਦੀ! 600 ਰੁਪਏ ਵਾਲੀ ਸਰਕਾਰੀ ਵਰਦੀ ਵਿਦਿਆਰਥੀਆਂ ਨੂੰ ਠੰਢ ਤੋਂ ਬਚਾਉਣ ‘ਚ ਨਾਕਾਮ, ਉੱਠੇ ਸਵਾਲ
Media PBN
Punjab News, 16 Jan 2026-
ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਢ ਅਤੇ ਸੀਤ ਲਹਿਰ ਨੇ ਆਮ ਜਨਜੀਵਨ ਅਸਤ-ਵਿਅਸਤ ਕਰ ਦਿੱਤਾ ਹੈ। ਇਸੇ ਦਰਮਿਆਨ ਸਰਕਾਰੀ ਸਕੂਲਾਂ ਵਿੱਚ ਮੁੜ ਸ਼ੁਰੂ ਹੋਈਆਂ ਕਲਾਸਾਂ ਨੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਈਟੀਟੀ 6635 ਯੂਨੀਅਨ ਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਵਰਦੀਆਂ ਦੀ ਗੁਣਵੱਤਾ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਵਰਦੀ ਦੇ ਨਾਮ ‘ਤੇ ‘ਭਾਰੀ ਵਿਤਕਰਾ’
ਯੂਨੀਅਨ ਆਗੂਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨਾਲ ਵਰਦੀ ਦੇ ਮਾਮਲੇ ਵਿੱਚ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ।
ਇੱਥੇ ਬੱਚਿਆਂ ਲਈ ਸਿਰਫ਼ 600 ਰੁਪਏ ਦੀ ਗ੍ਰਾਂਟ ਦਿੱਤੀ ਜਾਂਦੀ ਹੈ, ਜਿਸ ਵਿੱਚ ਪੈਂਟ, ਕਮੀਜ਼, ਕੋਟੀ, ਬੈਲਟ, ਬੂਟ-ਜੁਰਾਬਾਂ, ਟਾਈ ਅਤੇ ਟੋਪੀ ਸ਼ਾਮਲ ਹੁੰਦੀ ਹੈ।
ਆਗੂਆਂ ਮੁਤਾਬਕ ਇੰਨੀ ਘੱਟ ਰਾਸ਼ੀ ਵਿੱਚ ਮਿਲਣ ਵਾਲੀ ਵਰਦੀ ਇਸ ਹੱਡ ਚੀਰਵੀਂ ਠੰਢ ਨੂੰ ਰੋਕਣ ਵਿੱਚ ਬਿਲਕੁਲ ਨਾਕਾਮ ਹੈ।
ਦੂਜੇ ਪਾਸੇ, ‘ਸਕੂਲ ਆਫ਼ ਐਮੀਨੈਂਸ’ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਪ੍ਰਤੀ ਵਿਦਿਆਰਥੀ 4000 ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਂਦੀ ਹੈ। ਯੂਨੀਅਨ ਨੇ ਇਸ ਨੂੰ ਗਰੀਬ ਬੱਚਿਆਂ ਨਾਲ ਸਰਾਸਰ ਧੱਕਾ ਕਰਾਰ ਦਿੱਤਾ ਹੈ।
ਅੱਗ ਦੇ ਆਸਰੇ ਕਲਾਸਾਂ
ਠੰਢ ਦਾ ਆਲਮ ਇਹ ਹੈ ਕਿ ਸਕੂਲਾਂ ਵਿੱਚ ਬੱਚੇ ਕੰਬਣ ਲਈ ਮਜ਼ਬੂਰ ਹਨ। ਕਈ ਥਾਵਾਂ ‘ਤੇ ਵਿਦਿਆਰਥੀ ਅੱਗ ਸੇਕ ਕੇ ਕਲਾਸਾਂ ਲਗਾਉਣ ਲਈ ਮਜ਼ਬੂਰ ਹਨ।
ਯੂਨੀਅਨ ਨੇ ਮੰਗ ਕੀਤੀ ਹੈ ਕਿ Punjab ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਅਤੇ ਸਰਕਾਰੀ ਸਕੂਲਾਂ ਦੇ ਹਰੇਕ ਵਿਦਿਆਰਥੀ ਨੂੰ ਮਿਆਰੀ ਅਤੇ ਗਰਮ ਵਰਦੀਆਂ ਲਈ ਲੋੜੀਂਦੀ ਗ੍ਰਾਂਟ ਮੁਹੱਈਆ ਕਰਵਾਉਣੀ ਚਾਹੀਦੀ ਹੈ।

