ਪੰਜਾਬ ਪੁਲਸ ਦੇ ਵੱਧ ਰਹੇ ਵਹੀਸ਼ੀਆਣਾ ਜ਼ਬਰ ਦੀ ਕਾਮਰੇਡਾਂ ਨੇ ਕੀਤੀ ਸਖ਼ਤ ਨਿਖੇਧੀ
ਗੋਨਿਆਣਾ ਮੰਡੀ ਦੇ ਨੌਜਵਾਨ ਨੂੰ ਥਾਣਾ ਸੀਆਈਏ 2 ਬਠਿੰਡਾ ਵਿਖੇ ਅਣਮਨੁੱਖੀ ਤਸੀਹੇ ਦੇ ਕੇ ਕਤਲ ਕਰਨ ਵਾਲੇ ਬੇਰਹਿਮ ਅਧਿਕਾਰੀਆਂ ਨੂੰ ਸਖ਼ਤ ਸਜਾਵਾਂ ਦਿੱਤੇ ਜਾਣ ਦੀ ਮੰਗ
ਭਗਵੰਤ ਮਾਨ ਪੁਲਸ ਮੁਕਾਬਲਿਆਂ ਅਤੇ ਅਖੌਤੀ ‘ਬੁਲਡੋਜ਼ਰ ਇਨਸਾਫ’ ਦੇ ਮਾਮਲੇ ‘ਚ ਮੋਦੀ-ਯੋਗੀ ਨਾਲ ਮੁਕਾਬਲੇਬਾਜ਼ੀ ਕਰ ਰਿਹਾ ਹੈ: ਆਰਐਮਪੀਆਈ
ਦਲਜੀਤ ਕੌਰ, ਜਲੰਧਰ/ਚੰਡੀਗੜ੍ਹ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਨੇ ਸੂਬੇ ਅੰਦਰ ਵੱਧ ਰਹੇ ਵਹੀਸ਼ੀਆਣਾ ਪੁਲਸ ਜ਼ਬਰ ਦੀ ਕਰੜੀ ਨਿਖੇਧੀ ਕਰਦਿਆਂ ਗੋਨਿਆਣਾ ਮੰਡੀ ਦੇ ਨੌਜਵਾਨ ਨੂੰ ਥਾਣਾ ਸੀਆਈਏ 2 ਬਠਿੰਡਾ ਵਿਖੇ ਅਣ ਮਨੁੱਖੀ ਤਸੀਹੇ ਦੇ ਕੇ ਕਤਲ ਕਰਨ ਵਾਲੇ ਬੇਰਹਿਮ ਅਧਿਕਾਰੀਆਂ ਤੇ ਕਮਰਚਾਰੀਆਂ ਨੂੰ ਸਖ਼ਤ ਸਜਾਵਾਂ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਪਾਰਟੀ ਨੇ ਕਿਹਾ ਹੈ ਕਿ ਫਰੀਦਕੋਟ ਜਿਲ੍ਹੇ ਦੇ ਪਿੰਡ ਜਿਉਣ ਵਾਲਾ ਦੇ ਇਕ ਦਲਿਤ ਨੌਜਵਾਨ ਦੀ ਜ਼ਮਾਨਤ ’ਤੇ ਆਉਣ ਪਿਛੋਂ ਹਸਪਤਾਲ ‘ਚ ਹੋਈ ਮੌਤ ਦਾ ਅਸਲੀ ਕਾਰਨ ਵੀ ਉਕਤ ਨੌਜਵਾਨ ਦੀ ਹਵਾਲਾਤ ’ਚ ਜਾਨਵਰਾਂ ਵਾਂਗ ਕੀਤੀ ਗਈ ਪੁਲਸੀਆ ਕੁੱਟਮਾਰ ਹੀ ਹੈ।
ਅੱਜ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਹੈ ਕਿ ਸੂਬਾ ਸਰਕਾਰ ਵਲੋਂ ‘ਯੁੱਧ ਨਸ਼ਿਆਂ ਵਿਰੁੱਧ‘ ਮੁਹਿੰਮ ਤਹਿਤ ਖੁਲ੍ਹੀਆਂ ਛੋਟਾਂ ਦਿੱਤੇ ਜਾਣ ਸਦਕਾ ਸੂਬੇ ਦੀ ਪੁਲਸ ਅਸਲੋਂ ਹੀ ਬੇਲਗਾਮ ਹੋ ਗਈ ਹੈ।
ਆਗੂਆਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਸੂਬਾ ਸਰਕਾਰ ਦੀ ਉਕਤ ਮੁਹਿੰਮ, ਜਿਸ ਦੇ ਪ੍ਰਚਾਰ ‘ਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ, ਤਹਿਤ ਹਾਲੇ ਤਾਈਂ ਨਸ਼ਾ ਤਸਕਰਾਂ ਅਤੇ ਇਨ੍ਹਾਂ ਦੀ ਪੁਸ਼ਤ ਪਨਾਹੀ ਕਰ ਰਹੇ ਭਿ੍ਰਸ਼ਟ ਸਿਆਸੀ ਆਗੂਆਂ ਤੇ ਪੁਲਸ-ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਾਪਾਕ ਤਿੱਕੜੀ ਵੱਲ ਮੂੰਹ ਤੱਕ ਨਹੀਂ ਕੀਤਾ ਜਾ ਰਿਹਾ।
ਉਨ੍ਹਾਂ ਅੱਗੇ ਕਿਹਾ ਹੈ ਕਿ ‘‘ਇਹ ਸਮਝ ਨਹੀਂ ਪੈ ਰਹੀ ਕਿ ਸੂਬਾ ਸਰਕਾਰ ਦੀ ਬੁਲਡੋਜ਼ਰ ਮੁਹਿੰਮ ਨਸ਼ਾ ਕਾਰੋਬਾਰੀਆਂ ਖਿਲਾਫ ਹੈ ਜਾਂ ਸਰਕਾਰੀ ਜਾਇਦਾਦਾਂ ਤੋਂ ਨਾਜਾਇਜ਼ ਕਬਜ਼ੇ (ਇਨਕਰੋਚਮੈਂਟ) ਹਟਾਉਣ ਲਈ ਹੈ।’’
ਪਾਸਲਾ, ਰੰਧਾਵਾ ਤੇ ਜਾਮਾਰਾਏ ਨੇ ਦੋਸ਼ ਲਾਇਆ ਹੈ ਕਿ ਇੰਝ ਜਾਪਦਾ ਹੈ ਜਿਵੇਂ ਸੂਬੇ ਦਾ ਮੁੱਖ ਮੰਤਰੀ, ਪੁਲਸ ਮੁਕਾਬਲਿਆਂ ਅਤੇ ਅਖੌਤੀ ‘ਬੁਲਡੋਜ਼ਰ ਇਨਸਾਫ’ ਦੇ ਮਾਮਲੇ ‘ਚ ਮੋਦੀ-ਯੋਗੀ ਨਾਲ ਮੁਕਾਬਲੇਬਾਜ਼ੀ ਕਰ ਰਿਹਾ ਹੈ।
ਉਨ੍ਹਾਂ ਸੂਬੇ ਦੇ ਸੰਘਰਸਸ਼ੀਲ ਲੋਕਾਂ ‘ਤੇ ਢਾਹੇ ਜਾ ਰਹੇ ਸਰਕਾਰੀ ਜਬਰ ਅਤੇ ਮੁੱਖ ਮੰਤਰੀ ਸਮੇਤ ਸਮੁੱਚੇ ਸਰਕਾਰੀ ਨੁਮਾਇੰਦਿਆਂ ਵਲੋਂ ਜਨਤਕ ਜੱਥੇਬੰਦੀਆਂ ਖਿਲਾਫ਼ ਵਰਤੀ ਜਾ ਰਹੀ ਅਤਿ ਨਿਮਨ ਪੱਧਰ ਦੀ ਇਤਰਾਜ਼ਯੋਗ ਸ਼ਬਦਾਵਲੀ ਦੀ ਵੀ ਜ਼ੋਰਦਾਰ ਨਿੰਦਾ ਕੀਤੀ ਹੈ।
ਆਗੂਆਂ ਨੇ ਕਿਹਾ ਹੈ ਕਿ ਸੂਬਾ ਸਰਕਾਰ, ਖਾਸ ਕਰਕੇ ਮੁੱਖ ਮੰਤਰੀ ਨੂੰ ਵਿਰੋਧੀਆਂ ਦਾ ਕਾਮੇਡੀ ਨੁਮਾ ਨਿੰਦਾ ਪ੍ਰਚਾਰ ਅਤੇ ਧਮਕੀਆਂ ਦੇਣਾ ਬੰਦ ਕਰਕੇ ਆਪਣਾ ਸਾਰਾ ਧਿਆਨ ਸੂਬੇ ਅੰਦਰ ਦਿਨੋ-ਦਿਨ ਵਧਦੀਆਂ ਜਾ ਰਹੀਆਂ ਕਤਲਾਂ, ਲੁੱਟ-ਖੋਹਾਂ, ਅਪਹਰਣ ਤੇ ਫਿਰੌਤੀ ਵਸੂਲੀ, ਗੈਂਗਵਾਰ ਤੇ ਮਾਫੀਆ ਦੀ ਧੱਕੇਸ਼ਾਹੀ ਆਦਿ ਵਾਰਦਾਤਾਂ ਨੂੰ ਠੱਲ੍ਹ ਪਾਉਣ ‘ਤੇ ਕੇਂਦਿ੍ਰਤ ਕਰਨਾ ਚਾਹੀਦਾ ਹੈ।
ਇਸਦੇ ਨਾਲ ਹੀ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਤੁਰੰਤ ਠੋਸ ਕਦਮ ਚੁੱਕਣੇ ਚਾਹੀਦੇ ਹਨਟ, ਜਿਨ੍ਹਾਂ ਬਾਰੇ ਅਜੇ ਤੱਕ ਕੁੱਝ ਨਹੀਂ ਕੀਤਾ ਗਿਆ।