ਬੇਰੁਜ਼ਗਾਰਾਂ ਦੇ ਭਵਿੱਖ ‘ਤੇ ਪੰਜਾਬ ਸਰਕਾਰ ਦੀ ਕੁਹਾੜੀ! PSTET ਅਤੇ ਸਟੈਨੋ ਟਾਈਪਿਸਟ ਟੈਸਟ ਦੀ ਤਾਰੀਕ ਇੱਕੋ ਦਿਨ
ਇੱਕੋ ਦਿਨ ਦੋ ਪੇਪਰ ਹੋਣ ਤੇ ਬੇਰੁਜ਼ਗਾਰਾਂ ਵਿੱਚ ਭਾਰੀ ਨਿਰਾਸ਼ਾ, ਦੋ ਟੈਸਟਾਂ ਦੀ ਫੀਸ ਭਰ ਚੁੱਕੇ ਬੇਰੋਜ਼ਗਾਰ ਰਹਿਣਗੇ ਇੱਕ ਪੇਪਰ ਦੇਣ ਤੋਂ ਵਾਂਝੇ
ਪਰਮਜੀਤ ਢਾਬਾਂ, ਜਲਾਲਾਬਾਦ
ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਲ ਬਣਾਉਣ ਲਈ ਪੋਸਟਾਂ ਕੱਢੀਆਂ ਜਾਂਦੀਆਂ ਹਨ। ਉਨ੍ਹਾਂ ਪੋਸਟਾ ਦੇ ਆਧਾਰ ਤੇ ਸਰਕਾਰ ਵੱਲੋਂ ਟੈਸਟ ਨਿਰਧਾਰਤ ਕੀਤੇ ਜਾਂਦੇ ਹਨ ਤਾਂ ਜੋ ਮੈਰਿਟ ਵਿੱਚ ਆਉਣ ਵਾਲੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ।
ਪੰਜਾਬ ਭਰ ਦੇ ਪੜੇ ਲਿਖੇ ਬੇਰੋਜ਼ਗਾਰਾਂ ਵਿੱਚ ਉਸ ਸਮੇਂ ਨਿਰਾਸ਼ਾ ਪਾਈ ਗਈ, ਜਦੋਂ ਸਟੈਨੋ ਟਾਈਪਿਸਟ ਅਤੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (PSTET) ਦੀ ਤਾਰੀਕ ਇੱਕ ਹੀ ਦਿਨ ਇੱਕ ਦਸੰਬਰ ਨੂੰ ਨਿਸ਼ਚਿਤ ਕੀਤੀ ਗਈ ਹੈ।
ਬੇਰੁਜ਼ਗਾਰ ਵਿਦਿਆਰਥੀ ਨਿਸ਼ਾ ਰਾਣੀ ਸਾਜਨ ਕੁਮਾਰ ਮਨਜੀਤ ਕੌਰ ਵਿਪਨ ਕੁਮਾਰ ਸੁਨੀਲ ਸਿੰਘ ਦੀਪਕ ਕੁਮਾਰ ਆਦਿ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਵੱਲੋਂ ਅਤੇ ਹੋਰ ਪੰਜਾਬ ਦੇ ਸੈਂਕੜੇ ਬੇਰੋਜ਼ਗਾਰਾਂ ਵੱਲੋਂ ਲੰਬੇ ਸਮੇਂ ਤੋਂ ਇਨ੍ਹਾਂ ਟੈਸਟਾਂ ਦੀ ਤਿਆਰੀ ਕੀਤੀ ਜਾ ਰਹੀ ਸੀ
ਪਰ ਅਚਾਨਕ ਇੱਕੋ ਦਿਨ ਪੇਪਰ ਹੋਣ ਕਾਰਨ ਉਨ੍ਹਾਂ ਨੂੰ ਦੋਨਾਂ ਵਿਚੋਂ ਇੱਕ ਪੇਪਰ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਦੋਂ ਕਿ ਉਨ੍ਹਾਂ ਵੱਲੋਂ ਇਨ੍ਹਾਂ ਦੋਵਾਂ ਪੇਪਰਾਂ ਦੀਆਂ ਫੀਸਾਂ ਭਰੀਆਂ ਗਈਆਂ ਹਨ।
ਉਨ੍ਹਾਂ ਨੇ ਸਿੱਖਿਆ ਮੰਤਰੀ, ਐੱਸ.ਐੱਸ.ਬੋਰਡ ਅਤੇ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦਿਆਂ ਆਖਿਆ ਕਿ ਦੋਨਾਂ ਵਿਚੋਂ ਇੱਕ ਪੇਪਰ ਦੀ ਤਾਰੀਕ ਬਦਲੀ ਜਾਵੇ ਤਾਂ ਜੋ ਬੇਰੋਜ਼ਗਾਰ ਵਿਦਿਆਰਥੀਆਂ ਵੱਲੋਂ ਦੋਨੋਂ ਪੇਪਰ ਦਿੱਤੇ ਜਾ ਸਕਣ।