ਵੱਡੀ ਖ਼ਬਰ: ਮੈਰੀਟੋਰੀਅਸ ਟੀਚਰਾਂ ਨੇ ਘੇਰੀ ਸਿੱਖਿਆ ਮੰਤਰੀ ਦੀ ਰਿਹਾਇਸ਼, ਮਿਲਿਆ ਪੈੱਨਲ ਮੀਟਿੰਗ ਦਾ ਸੱਦਾ
ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦਾ ਪ੍ਰੋਸੈੱਸ ਜਲਦ ਪੂਰਾ ਹੋਵੇ : ਸੂਬਾ ਪ੍ਰਧਾਨ ਡਾ. ਟੀਨਾ
ਸਿੱਖਿਆ ਮੰਤਰੀ ਨਾਲ ਲਿਖਤੀ ਤੌਰ ਤੇ ਪੈੱਨਲ ਮੀਟਿੰਗ ਮਿਲੀ
ਪੰਜਾਬ ਨੈੱਟਵਰਕ, ਚੰਡੀਗੜ੍ਹ
ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਰੋਸ ਪ੍ਰਦਰਸ਼ਨ ਕਰਦਿਆਂ ਸਿੱਖਿਆ ਮੰਤਰੀ ਦੀ ਰਿਹਾਇਸ਼ ਘੇਰੀ।
ਮੈਰੀਟੋਰੀਅਸ ਟੀਚਰਜ਼ ਵਿੱਚ ਬਹੁਤ ਜ਼ਿਆਦਾ ਰੋਹ ਦੇਖਣ ਨੂੰ ਮਿਲਿਆ ਕਿ ਸਿੱਖਿਆ ਦੇ ਨਾਂ ਤੇ ਸੱਤਾ ਵਿੱਚ ਆਈ ਸਰਕਾਰ ਉਹਨਾਂ ਦੀਆਂ ਸੇਵਾਵਾਂ ਨੂੰ ਸਿੱਖਿਆ ਵਿਭਾਗ ਵਿੱਚ ਜਲਦ ਰੈਗੂਲਰ ਕਿਓਂ ਨਹੀਂ ਕਰ ਰਹੀ । ਬਲਕਿ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਚੱਲ ਰਹੇ ਪ੍ਰੋਸੈੱਸ ਨੂੰ ਤੇਜ਼ ਕਰਕੇ ਇਸ ਕਾਰਜ ਨੂੰ ਪੂਰਾ ਕੀਤਾ ਜਾਵੇ । ਹੁਣ ਹੋਰ ਦੇਰੀ ਠੀਕ ਨਹੀਂ । ਸੂਬਾ ਪ੍ਰਧਾਨ ਡਾ. ਟੀਨਾ ਨੇ ਕਿਹਾ ਕਿ ਲਾਰੇ ਤੇ ਲਾਰੇ ਲਾਉਣ ਵਿੱਚ ਤੇ ਸਮਾਂ ਟਪਾਉਣ ਵਿੱਚ ਸਿੱਖਿਆ ਮੰਤਰੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ।
ਮੈਰੀਟੋਰੀਅਸ ਟੀਚਰਜ਼ ਨੇ ਚੰਗੇ ਨਤੀਜੇ ਪ੍ਰਦਾਨ ਕਰਕੇ ਅਸਲ ਸਿੱਖਿਆ ਕ੍ਰਾਂਤੀ ਵਿੱਚ ਯੋਗਦਾਨ ਪਾਇਆ, ਇਸ ਵਾਰ ਬਾਰ੍ਹਵੀਂ ਬੋਰਡ ਚੋਂ 37 ਮੈਰਿਟਾਂ , ਦਸਵੀਂ ਬੋਰਡ ਵਿੱਚੋਂ 11 ਮੈਰਿਟਾਂ ਤੇ ਜੇਈਈ ਵਿੱਚੋਂ 131 ਵਿਦਿਆਰਥੀ ਸਫਲ ਹੋਏ ਹਨ, ਜੇ ਸਿੱਖਿਆ ਮੰਤਰੀ ਨੇ ਸਾਡੀ ਮਿਹਨਤ ਦੀ ਬੇਕਦਰੀ ਕੀਤੀ ਤਾਂ ਅਸੀਂ ਤਿੱਖੇ ਐਕਸ਼ਨ ਕਰਨ ਲਈ ਮਜ਼ਬੂਰ ਹੋਵਾਂਗੇ।
ਜਨਰਲ ਸਕੱਤਰ ਡਾ. ਅਜੈ ਸ਼ਰਮਾ ਨੇ ਕਿ ਜਿਸ ਤਰ੍ਹਾਂ ਸਿੱਖਿਆ ਮੰਤਰੀ ਦੀ ਤਰਫ਼ੋ ਪ੍ਰਸ਼ਾਸਨ ਨੇ ਉਹਨਾਂ ਦਾ ਬੈਰੀਕੇਡ ਲਾ ਕੇ ਸਵਾਗਤ ਕੀਤਾ ਤਾਂ ਸਪੱਸ਼ਟ ਹੋ ਗਿਆ ਕਿ ਮੈਰਿਟਾਂ ਦੇਣ ਦੇ ਬਾਵਜੂਦ ਵੀ ਮੈਰੀਟੋਰੀਅਸ ਸਕੂਲਾਂ ਦੇ ਟੀਚਰਾਂ ਨਾਲ ਪੰਜਾਬ ਸਰਕਾਰ ਪੱਖਪਾਤੀ ਵਤੀਰਾ ਅਪਣਾ ਰਹੀ ਹੈ ਜੋ ਕਿ ਠੀਕ ਨਹੀਂ ਹੈ।
ਬੈਰੀਕੇਡ ਤੋਂ ਅੱਗੇ ਵਧਦਿਆਂ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਮੈਰੀਟੋਰੀਅਸ ਟੀਚਰਜ਼ ਧਰਨਾ ਲਾ ਕੇ ਬੈਠ ਗਏ। ਪ੍ਰਸ਼ਾਸਨ ਦੁਆਰਾ ਲਿਖਤੀ ਤੌਰ ਤੇ ਸਿੱਖਿਆ ਮੰਤਰੀ ਨਾਲ ਪੈੱਨਲ ਮੀਟਿੰਗ ਦੇ ਕੇ ਮੈਰੀਟੋਰੀਅਸ ਟੀਚਰਜ਼ ਨੂੰ ਸ਼ਾਂਤ ਕੀਤਾ ਗਿਆ।
ਇਸ ਸਮੇਂ ਕੇਂਦਰੀ ਕਮੇਟੀ ਮੈਂਬਰ ਵਿਪਨੀਤ ਕੌਰ , ਡਾ. ਬਲਰਾਜ ਸਿੰਘ, ਦਵਿੰਦਰ ਸਿੰਘ, ਸਿਮਰਨਜੀਤ ਕੌਰ , ਮਨਜਿੰਦਰ ਕੌਰ , ਬੂਟਾ ਸਿੰਘ ਮਾਨ, ਸੁਖਜੀਤ ਸਿੰਘ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ,ਅਜੈ ਸ਼ਰਮਾ, ਹਰਪ੍ਰੀਤ ਸਿੰਘ, ਮਨੋਜ ਕੁਮਾਰ, ਰਮੇਸ਼ ਕੁਮਾਰ, ਵਿਕਾਸ ਕੁਮਾਰ, ਸੋਨਾ ਕੌਰ ,ਰੀਨਾ ਕੌਰ ਤੇ ਭਰਾਤਰੀ ਜਥੇਬੰਦੀਆਂ 1158 ਤੋਂ ਪ੍ਰੋ. ਪਰਮਜੀਤ ਸਿੰਘ ਨੇ ਹਾਜ਼ਰੀ ਭਰੀ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਡਰ ਸ਼ਾਮਿਲ ਹੋਇਆ।