ਵੱਡੀ ਖ਼ਬਰ: ਸਿੱਖਿਆ ਵਿਭਾਗ ਵੱਲੋਂ ਨੈਸ਼ਨਲ ਐਵਾਰਡੀ ਅਧਿਆਪਕ ਸਸਪੈਂਡ! ਰੇਪ ਦੇ ਲੱਗੇ ਦੋਸ਼
Punjab News- ਨੈਸ਼ਨਲ ਐਵਾਰਡੀ ਅਧਿਆਪਕ ਸਸਪੈਂਡ
Punjab News- ਨੈਸ਼ਨਲ ਐਵਾਰਡੀ ਅਧਿਆਪਕ ਸਸਪੈਂਡ: ਸਿੱਖਿਆ ਵਿਭਾਗ ਵੱਲੋਂ ਨੈਸ਼ਨਲ ਐਵਾਰਡੀ ਅਧਿਆਪਕ ਹਰਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਉਕਤ ਅਧਿਆਪਕ ਤੇ ਆਪਣੇ ਹੀ ਵਿਦਿਆਰਥੀ ਨਾਲ ਕਥਿਤ ਤੌਰ ਤੇ ਰੇਪ ਕਰਨ ਦੇ ਦੋਸ਼ ਲੱਗੇ ਹਨ।
ਮੀਡੀਆ ਰਿਪੋਰਟਾਂ ਮੁਤਾਬਿਕ, ਸਿੱਖਿਆ ਵਿਭਾਗ ਵੱਲੋਂ ਅਧਿਆਪਕ ਖ਼ਿਲਾਫ਼ ਵਿਭਾਗੀ ਪੜਤਾਲ ਵੀ ਆਰੰਭ ਕਰ ਦਿੱਤੀ ਗਈ ਹੈ, ਹਾਲਾਂਕਿ ਉਕਤ ਮੁਲਜ਼ਮ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।
15 ਸਾਲਾ ਲੜਕੇ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਇਸ 45 ਸਾਲਾ ਅਧਿਆਪਕ ਖ਼ਿਲਾਫ਼ ਨਾਭਾ ਕੋਤਵਾਲੀ (ਪਟਿਆਲਾ) ਵਿੱਚ ਪੋਕਸੋ ਦੀ ਧਾਰਾ 6 ਤਹਿਤ 31 ਮਈ ਨੂੰ ਕੇਸ ਦਰਜ ਕੀਤਾ ਗਿਆ ਸੀ।
ਪੀੜਤ ਨੇ ਸ਼ਿਕਾਇਤ ਵਿੱਚ ਇਹ ਘਟਨਾ 28 ਮਈ ਦੀ ਦੱਸੀ ਹੈ। ਪੀੜਤ ਅਨੁਸਾਰ ਉਹ ਸਕੂਲ ‘ਚ ਬਣੀ ਸਰਕਾਰੀ ਅਕਾਦਮੀ ‘ਚ ਟ੍ਰੇਨਿੰਗ ਕਰਦਾ ਹੈ।
28 ਮਈ ਨੂੰ ਸ਼ਾਮ ਸਮੇਂ, ਬਾਇਓਮੇਟ੍ਰਿਕਸ ਦੇ ਸਬੰਧ ‘ਚ ਪੀੜਤ ਵਿਦਿਆਰਥੀ ਸਕੂਲ ਆਇਆ ਸੀ। ਮੁਲਜ਼ਮ ਡੀਪੀਈ ਨੇ ਉਸਨੂੰ ਆਪਣੇ ਘਰ ਬੁਲਾਇਆ। ਇੱਥੇ ਉਸਨੂੰ ਮਾਲਿਸ਼ ਕਰਵਾਈ ਗਈ।
ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨਾਲ ਜ਼ਬਰਦਸਤੀ ਕੁਕਰਮ ਕੀਤਾ। ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਕਿਸੇ ਨੂੰ ਦੱਸਣ ‘ਤੇ ਜਾਨ ਨਾਲ ਮਾਰਨ ਦੀ ਧਮਕੀ ਦਿੱਤੀ ਸੀ, ਪਰ 31 ਮਈ ਨੂੰ ਮਾਮਲਾ ਪੁਲਿਸ ਕੋਲ ਪਹੁੰਚਣ ‘ਤੇ ਫੌਰਨ ਕੇਸ ਦਰਜ ਕੀਤਾ ਗਿਆ।
ਨਾਭਾ ਦੀ ਡੀਐੱਸਪੀ ਮਨਦੀਪ ਕੌਰ ਨੇ ਦੱਸਿਆ ਕਿ ਮੁਲਜ਼ਮ ਫ਼ਰਾਰ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਮਾਮਲਾ ਕਾਫ਼ੀ ਗੰਭੀਰ, ਵਿਭਾਗੀ ਪੜਤਾਲ ਕਰਵਾਈ ਜਾਵੇਗੀ- ਸਿੱਖਿਆ ਮੰਤਰੀ ਹਰਜੋਤ ਬੈਂਸ
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਸਨੂੰ ਕਾਫ਼ੀ ਗੰਭੀਰ ਮਾਮਲਾ ਦੱਸਦਿਆਂ ਕਿਹਾ ਕਿ ਹੋਰ ਪੀੜਤ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਵਿਭਾਗੀ ਪੜਤਾਲ ਵੀ ਕਰਵਾਈ ਜਾਵੇਗੀ।
ਇੱਥੇ ਜਿਕਰ ਕਰਨਾ ਬਣਦਾ ਹੈ ਕਿ, ਪ੍ਰਧਾਨ ਮੰਤਰੀ ਮੋਦੀ ਨੇ 2018 ਵਿਚ ਆਪਣੇ ‘ਐਕਸ’ ਹੈਂਡਲ ’ਤੇ ਇਸ ਅਧਿਆਪਕ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਉਸ ਦੇ ਸਿੱਖਿਆ ਖੇਤਰ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਸੀ।
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀ 2023 ਵਿਚ ਇਸ ਸਕੂਲ ਦੇ ਦੌਰੇ ਦੌਰਾਨ ਅਧਿਆਪਕ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਸੀ। ਉਸਨੂੰ 2018 ਵਿਚ ਨੈਸ਼ਨਲ ਐਵਾਰਡ ਮਿਲਿਆ ਸੀ। ਉਹ ਸੂਬੇ ਵਿਚ ਸਮਾਰਟ ਸਕੂਲ ਪ੍ਰਾਜੈਕਟ ਦਾ ਸੂਬਾਈ ਕੋਆਰਡੀਨੇਟਰ ਵੀ ਰਹਿ ਚੁੱਕਾ ਹੈ।
ਇਸ ਦੌਰਾਨ, ਡੀਈਓ ਸੈਕੰਡਰੀ ਸੰਜੀਵ ਸ਼ਰਮਾ ਨੇ ਕਿਹਾ ਕਿ ਇਸ ਘਟਨਾ ਦੀ ਜਾਣਕਾਰੀ ਉਨ੍ਹਾਂ ਨੂੰ ਹੈ ਅਤੇ ਪੁਲਿਸ ਤੋਂ ਐਫਆਈਆਰ ਅਤੇ ਸੰਬੰਧਿਤ ਦਸਤਾਵੇਜ਼ ਮਿਲਣ ‘ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।